'ਰਾਜੋਆਣਾ ਦੀ ਜੇਲ੍ਹ 'ਚ ਹੜਤਾਲ ਨਾਲ ਪੈ ਗਈ ਕਲੇਜੇ ਠੰਢ ਦਿੱਲੀ ਸਰਕਾਰੇ ? ਮਿਲ ਗਈ ਖੁਸ਼ੀ ਭਗਵੰਤ ਮਾਨ ਜੀ...'
ਅਕਾਲੀ ਲੀਡਰ ਵਿਰਸਾ ਸਿੰਘ ਨੇ ਕਿਹਾ ਕਿ ਮੈਂ ਇੱਕ ਨਿਮਾਣੇ ਸਿੱਖ ਦੇ ਤੌਰ 'ਤੇ ਭਾਈ ਰਾਜੋਆਣਾ ਜੀ ਨੂੰ ਫਿਰ ਅਪੀਲ ਕਰਦਾ ਹਾਂ ਕਿ ਉਹ ਅਜੇ ਵੀ ਸਾਡੀ ਬੇਨਤੀ ਪ੍ਰਵਾਨ ਕਰਕੇ ਇਸ ਭੁੱਖ ਹੜਤਾਲ ਨੂੰ ਖਤਮ ਕਰ ਦੇਣ।
Punjab News: ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਅਪੀਲਾਂ ਨੂੰ ਠੁਕਰਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ 27 ਸਾਲਾਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਕ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਸ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਸਵੇਰ ਦੀ ਰੋਟੀ ਨਹੀਂ ਫੜੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੈ ਗਈ ਕਲੇਜੇ ਠੰਢ ਦਿੱਲੀ ਸਰਕਾਰੇ..........??? ਮਿਲ ਗਈ ਖੁਸ਼ੀ ਭਗਵੰਤ ਮਾਨ ਜੀ....???
ਅੱਜ ਤੁਹਾਨੂੰ ਤੁਹਾਡੇ ਮਨਸੂਬੇ ਪੂਰੇ ਹੁੰਦੇ ਜਰੂਰ ਨਜ਼ਰ ਆ ਰਹੇ ਹੋਣਗੇ ਪਰ ਇਹ ਵੀ ਦੱਸ ਦੇਵਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੀਆਂ ਇਹ ਚਾਲਾਂ ਜਾਂ ਮਨਸੂਬੇ ਕਦਾਚਿਤ ਵੀ ਪੂਰੇ ਨਹੀਂ ਹੋਣਗੇ।
ਵਲਟੋਹਾ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕੇਂਦਰ ਸਰਕਾਰ ਦੀ ਬੇਇਨਸਾਫੀ ਦੇ ਵਿਰੁੱਧ ਅੱਜ ਪਟਿਆਲਾ ਜੇਲ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।ਦਰਦੀ ਸਿੱਖ ਇਸ ਵਰਤਾਰੇ ਤੋਂ ਅੱਜ ਜਰੂਰ ਦੁੱਖੀ ਹੋਏ ਹੋਣਗੇ ਪਰ ਇਹ ਵੀ ਸੱਚ ਹੈ ਕਿ ਆਪਣੇ ਨੂੰ "ਪੰਥਕ ਆਗੂ" ਕਹਾਉਣ ਵਾਲੇ ਕਈ ਅੱਜ ਖੁਸ਼ ਵੀ ਬਹੁਤ ਹੋਏ ਹੋਣਗੇ। ਸਾਨੂੰ ਇਹ ਮਲਾਲ ਹਮੇਸ਼ਾਂ ਰਹੇਗਾ ਕਿ ਜੇ ਭਗਵੰਤ ਮਾਨ ਬੀਤੇ ਕੱਲ ਸਾਡੀ ਭਾਈ ਰਾਜੋਆਣਾ ਨਾਲ ਮੁਲਾਕਾਤ ਹੋ ਜਾਣ ਦੇਂਦੇ ਤਾਂ ਸ਼ਾਇਦ ਅਸੀਂ ਉਨਾਂ ਨੂੰ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਰੋਕ ਲੈਂਦੇ।ਇਸਤੋਂ ਤਾਂ ਇਹੀ ਸਪੱਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਜੀ ਸ਼ਾਇਦ ਤੁਸੀਂ ਹੀ ਨਹੀਂ ਸੀ ਚਾਹੁੰਦੇ ਕਿ ਭਾਈ ਰਾਜੋਆਣਾ ਭੁੱਖ ਹੜਤਾਲ ਰੱਖਣ ਦਾ ਐਲਾਨ ਰੱਦ ਕਰ ਦੇਣ ਜਾਂ ਮੁਲਤਵੀ ਕਰ ਦੇਣ।
ਇਹ ਵੀ ਸੱਚ ਹੈ ਕਿ ਭਾਈ ਰਾਜੋਆਣਾ ਜੀ ਦੇ ਕੇਸ ਦੀ ਪੈਰਵਾਈ ਅਤੇ ਉਨਾਂ ਦੀ ਸਜ਼ਾ ਉੱਤੇ ਫੈਸਲਾ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਰਚ 2012 ਤੋਂ ਲਗਾਤਾਰ ਯਤਨ ਜਾਰੀ ਹੈ।ਏਨਾਂ ਯਤਨਾਂ ਸਦਕਾ ਹੀ 2019 ਵਿੱਚ ਕੇਂਦਰ ਸਰਕਾਰ ਨੇ 8ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
ਕੇਂਦਰ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਲਾਗੂ ਨਾਂ ਕਰਣ ਕਰਕੇ ਭਾਈ ਰਾਜੋਆਣਾ ਦੀ ਅਪੀਲ ਉੱਤੇ ਫੈਸਲਾ ਕਰਵਾਉਣ ਲਈ ਸੁਪਰੀਮ ਕੋਰਟ 2020 ਵਿੱਚ ਪਟੀਸ਼ਨ ਪਾਈ ਗਈ। ਦੇਸ਼ ਦੇ ਚੋਟੀ ਦੇ ਵਕੀਲ ਮੁਕੁਲ ਰੋਹਤਗੀ ਨੇ ਇਸ ਕੇਸ ਦੀ ਪੈਰਵਾਈ ਕੀਤੀ।ਪਰ ਤਿੰਨ ਸਾਲ ਲਗਾਤਾਰ ਸੁਣਵਾਈ ਤੋਂ ਬਾਦ ਸੁਪਰੀਮ ਕੋਰਟ ਤੋਂ ਵੀ ਨਿਰਾਸ਼ਾ ਹੀ ਹੱਥ ਲੱਗੀ ਸੀ।ਹੁਣ ਵੀ ਵੱਡੇ ਪੱਧਰ 'ਤੇ ਯਤਨ ਜਾਰੀ ਹਨ। ਮੈਂ ਇੱਕ ਨਿਮਾਣੇ ਸਿੱਖ ਦੇ ਤੌਰ 'ਤੇ ਭਾਈ ਰਾਜੋਆਣਾ ਜੀ ਨੂੰ ਫਿਰ ਅਪੀਲ ਕਰਦਾ ਹਾਂ ਕਿ ਉਹ ਅਜੇ ਵੀ ਸਾਡੀ ਬੇਨਤੀ ਪ੍ਰਵਾਨ ਕਰਕੇ ਇਸ ਭੁੱਖ ਹੜਤਾਲ ਨੂੰ ਖਤਮ ਕਰ ਦੇਣ।