Sangrur News: ਨਸ਼ੀਲੀਆਂ ਗੋਲ਼ੀਆਂ ਤੇ ਨਜਾਇਜ਼ ਹਥਿਆਰ ਸਮੇਤ 4 ਗ੍ਰਿਫ਼ਤਾਰ, ਮਾਮਲਾ ਦਰਜ, ਜਾਂਚ ਸ਼ੁਰੂ
ਡੀਐਸਪੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਜੋ ਹਥਿਆਰ ਬਰਾਮਦ ਹੋਇਆ ਹੈ ਉਹ ਗ਼ੈਰ ਕਾਨੂੰਨੀ ਹੈ ਤੇ ਉਹ ਇਹ ਹਥਿਆਰ ਕਿੱਥੋਂ ਲੈ ਕੇ ਆਏ ਹਨ ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਰੇ ਆਰੋਪੀ ਸੰਗਰੂਰ ਜ਼ਿਲ੍ਹੇ ਦੇ ਲੋਹਾਖੇੜਾ ਪਿੰਡ ਦੇ ਰਹਿਣ ਵਾਲੇ ਹਨ
Sangrur News: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁੱਧ ਚਲਾਈ ਗਈ ਮਹਿੰਮ ਵਿੱਚ ਬਰਨਾਲਾ ਪੁਲਿਸ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਚਾਰ ਮੁਜ਼ਰਮਾਂ ਨੂੰ ਨਸ਼ੀਲੀਆਂ ਗੋਲ਼ੀਆਂ ਤੇ ਨਜਾਇਜ਼ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਦੇ ਖ਼ਿਲਾਫ਼ ਪਹਿਲਾਂ ਹੀ ਮਾਮਲੇ ਦਰਜ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚੋਂ 2 'ਤੇ ਪਹਿਲਾਂ ਹੀ ਮਾਮਲਾ ਦਰਜ
ਇਸ ਬਾਬਤ ਡੀਐਸਪੀ ਬਰਨਾਲਾ ਗੁਰਬਚਨ ਸਿੰਘ ਨੇ ਦੱਸਿਆ ਕਿ ਡੀਜੀਪੀ ਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਬਰਨਾਲਾ ਪੁਲਿਸ ਲਗਾਤਾਰ ਗ਼ਲਤ ਅਨਸਰਾਂ ਨੂੰ ਕਾਬੂ ਵਿੱਚ ਰੱਖਣ ਲਈ ਯਤਨ ਕਰ ਰਹੀ ਹੈ ਜਿਸ ਦੇ ਚਲਦੇ ਥਾਣਾ ਧਨੌਲਾ ਦੀ ਪੁਲਿਸ ਨੇ 4 ਮੁਜ਼ਰਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਫੜ੍ਹੇ ਗਏ ਮੁਜ਼ਰਮਾਂ ਕੋਲੋਂ ਇੱਕ 315 ਬੋਰ ਦਾ ਦੇਸੀ ਪਿਸਤੌਲ ਤੇ 1050 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਜ਼ਰਮ ਮਨਪ੍ਰੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਹੀ ਮਾਮਲਾ ਦਰਜ ਹੈ, ਇਸ ਤੋਂ ਇਲਾਵਾ ਉਸ ਦੇ ਸਾਥੀ ਹਰਪ੍ਰੀਤ ਸਿੰਘ ਉੱਤੇ ਵੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ ਤੇ ਇਨ੍ਹੀਂ ਦਿਨੀਂ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਹੈ।
ਰਿਮਾਂਡ ਹਾਸਲ ਕਰਕੇ ਕੀਤੀ ਜਾਵੇਗੀ ਹੋਰ ਪੁੱਛਗਿੱਛ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਚਾਰੇ ਦੋਸ਼ੀਆਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਨ੍ਹਾਂ ਦੇ ਪਿਛੋਕੜ ਤੇ ਇਨ੍ਹਾਂ ਦੇ ਕਿਸ ਨਾਲ ਸਬੰਧ ਹਨ ਇਸ ਬਾਬਤ ਜਾਣਕਾਰੀ ਹਾਸਲ ਕੀਤੀ ਜਾ ਸਕੇ।ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਤੋਂ ਹੋਰ ਜਾਣਕਾਰੀ ਹਾਸਲ ਕੀਤੀ ਜਾਵੇ।
ਨਜਾਇਜ਼ ਹਥਿਆਰ ਦੀ ਵੀ ਕੀਤੀ ਜਾਵੇਗੀ ਜਾਂਚ
ਡੀਐਸਪੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਜੋ ਹਥਿਆਰ ਬਰਾਮਦ ਹੋਇਆ ਹੈ ਉਹ ਗ਼ੈਰ ਕਾਨੂੰਨੀ ਹੈ ਤੇ ਉਹ ਇਹ ਹਥਿਆਰ ਕਿੱਥੋਂ ਲੈ ਕੇ ਆਏ ਹਨ ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਰੇ ਆਰੋਪੀ ਸੰਗਰੂਰ ਜ਼ਿਲ੍ਹੇ ਦੇ ਲੋਹਾਖੇੜਾ ਪਿੰਡ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਨੂੰ ਧਨੌਲਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।