ਖੇਤੀਬਾੜੀ ਮੰਤਰੀ ਖੁੱਡੀਆਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪਨੀਰੀ ਬੀਜਣ ਦੀ ਕਰਵਾਈ ਸ਼ੁਰੂਆਤ
Sangrur News : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹਾਂ ਕਾਰਨ ਤਬਾਹ ਹੋਏ ਝੋਨੇ ਦੀ ਮੁੜ ਬਿਜਾਈ ਲਈ ਸੰਗਰੂਰ ਜ਼ਿਲ੍ਹੇ ਵਿੱਚ ਪਨੀਰੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈ
Sangrur News : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹਾਂ ਕਾਰਨ ਤਬਾਹ ਹੋਏ ਝੋਨੇ ਦੀ ਮੁੜ ਬਿਜਾਈ ਲਈ ਸੰਗਰੂਰ ਜ਼ਿਲ੍ਹੇ ਵਿੱਚ ਪਨੀਰੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਪਣੇ ਦੌਰੇ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਿਖੇ ਕਿਸਾਨਾਂ ਅਤੇ ਪ੍ਰਾਈਵੇਟ ਬੀਜ ਉਤਪਾਦਕਾਂ ਦੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਦੀ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਪ੍ਰਭਾਵਿਤ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਕਿਸਾਨਾਂ ਦੀ ਸਹਾਇਤਾ ਲਈ ਪਨੀਰੀ ਦਾ ਪ੍ਰਬੰਧ ਕਰਨ ਤੋਂ ਲੈ ਕੇ ਮੁੜ ਵਸੇਬੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਦਾ ਨੁਕਸਾਨ ਹੋਇਆ ਹੈ, ਜਿਸ ਦੀ ਪੂਰਤੀ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਯਤਨ ਕਰਕੇ ਲੋਕਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਬੀਜ ਨਿਗਮ (ਪਨਸੀਡ), ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਲਈ ਪਨੀਰੀ ਦੀ ਬਿਜਾਈ ਤੋਂ ਲੈ ਕੇ ਬੀਜ ਮੁਫ਼ਤ ਵੰਡਣ ਤੱਕ ਹਰ ਲੋੜੀਂਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਆਰ. 126 ਅਤੇ ਬਾਸਮਤੀ 1509 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਇਨ੍ਹਾਂ ਕਿਸਮਾਂ ਦੀ ਲਵਾਈ 10-15 ਅਗਸਤ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਬੀਜ ਤਿਆਰ ਕਰਨ ਵਾਲੇ ਬੀਜ ਉਤਪਾਦਕਾਂ ਤੋਂ ਲੈ ਕੇ ਆਮ ਲੋਕਾਂ ਤੱਕ ਹਰ ਕੋਈ ਅੱਗੇ ਆ ਰਿਹਾ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇ.ਵੀ.ਕੇ, ਖੇੜੀ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 20 ਏਕੜ ਵਿੱਚ ਪੀਆਰ 126 ਤੇ ਪੂਸਾ ਬਾਸਮਤੀ 1509 ਦੀ ਪਨੀਰੀ ਬੀਜਣ ਦੀ ਸ਼ੁਰੂਆਤ ਵੀ ਕਰਵਾਈ। ਉਨ੍ਹਾਂ ਨੇ ਇਸ ਦੌਰਾਨ ਪੀ.ਆਰ. 126 ਕਿਸਮ ਦੀ ਪਨੀਰੀ ਦੀ ਬਿਜਾਈ ਤੋਂ ਲੈ ਕੇ ਮੁਫ਼ਤ ਬੀਜ ਵੰਡਣ ਦੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਕਰੀਬਨ 2.5 ਲੱਖ ਏਕੜ ਰਕਬੇ ਉੱਪਰ ਮੁੜ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਇਸ ਤੋਂ ਵੀ ਵੱਧ ਹੋਣ ਦਾ ਖ਼ਦਸ਼ਾ ਹੈ ਅਤੇ ਬਰਸਾਤਾਂ ਦਾ ਸਮਾਂ ਹੋਣ ਕਾਰਨ ਖੇਤ ਸਮੇਂ ਸਿਰ ਤਿਆਰ ਨਾ ਹੋਣ ਕਾਰਣ ਪੂਰੇ ਦੇ ਪੂਰੇ ਰਕਬੇ ਉੱਪਰ ਮੁੜ ਬਿਜਾਈ ਨਹੀਂ ਕੀਤੀ ਜਾ ਸਕਦੀ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਝੋਨੇ ਦੀ ਨਵੀਂ ਪਨੀਰੀ ਬੀਜਣ ਲਈ ਘੱਟ ਸਮੇਂ ਦੀਆਂ ਕਿਸਮਾਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਹੀ ਢੁਕਵੀਆਂ ਹਨ| ਜਿਨ੍ਹਾਂ ਦੀ ਚੰਗੀ ਦੇਖਭਾਲ ਕਰਕੇ 22-25 ਦਿਨਾਂ ਵਿੱਚ ਪਨੀਰੀ ਤਿਆਰ ਕਰਕੇ 15 ਅਗਸਤ ਤੋਂ ਪਹਿਲਾਂ ਲਗਾਈ ਜਾ ਸਕਦੀ ਹੈ| ਉਨ੍ਹਾਂ ਅੱਗੇ ਕਿਹਾ ਕਿ ਪ੍ਰਾਈਵੇਟ ਬੀਜ ਉਤਪਾਦਕਾਂ ਨੂੰ ਵੀ ਇਨ੍ਹਾਂ ਦੋਵੇਂ ਕਿਸਮਾਂ ਦਾ ਬੀਜ ਹੀ ਕਿਸਾਨਾਂ ਨੂੰ ਸਿਫ਼ਾਰਸ਼ ਕਰਨਾ ਚਾਹੀਦਾ ਹੈ| ਇਸ ਤੋਂ ਇਲਾਵਾ ਉਨ੍ਹਾਂ ਝੋਨੇ ਤੋਂ ਬਾਅਦ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਬੀਜਣ ਲਈ ਨਵੀਂ ਵਿਕਸਤ ਕੀਤੀ ਮਲਚਿੰਗ ਵਿਧੀ ਬਾਰੇ ਵੀ ਵਿਸਤਾਰਪੂਰਵਕ ਚਾਨਣਾ ਪਾਇਆ।