(Source: ECI/ABP News/ABP Majha)
Sangrur news: ਕੈਬਨਿਟ ਮੰਤਰੀ ਅਮਨ ਅਰੋੜਾ ਪੁੱਜੇ ਸੁਨਾਮ, ਦੋ ਧਿਰਾਂ ਦੀ ਆਪਸੀ ਤਕਰਾਰ ਨੂੰ ਸੁਲਝਾਇਆ, ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ
ਸੁਨਾਮ ਸ਼ਹਿਰ ਦੀ ਮਾਸਟਰ ਕਲੋਨੀ ਵਿੱਚ ਦੋ ਧਿਰਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਖਿੱਚੋਤਾਣ ਨੂੰ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਲਝਾ ਦਿੱਤਾ ਹੈ।
Sangrur news: ਸੁਨਾਮ ਸ਼ਹਿਰ ਦੀ ਮਾਸਟਰ ਕਲੋਨੀ ਵਿੱਚ ਦੋ ਧਿਰਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਖਿੱਚੋਤਾਣ ਨੂੰ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਲਝਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਦੀ ਜ਼ਿਮਨੀ ਚੋਣ ਕਾਰਨ ਵਿਅਸਤ ਸਨ ਅਤੇ ਉਨ੍ਹਾਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ ਸੀ ਕਿ ਮਾਸਟਰ ਕਲੋਨੀ ਵਿੱਚ ਦੋ ਧਿਰਾਂ ਵਿਚਕਾਰ ਮਤਭੇਦ ਪੈਦਾ ਹੋਣ ਕਾਰਨ ਸਥਿਤੀ ਤਣਾਅਪੂਰਨ ਚੱਲ ਰਹੀ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਮਾਸਟਰ ਕਲੋਨੀ ਵਿਖੇ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਮਸਲੇ ਸਬੰਧੀ ਗੱਲਬਾਤ ਕਰਨ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਇਸ ਲਈ ਆਪਸੀ ਮਤਭੇਦ ਭੁਲਾ ਕੇ ਸਮੱਸਿਆ ਦੇ ਸਥਾਈ ਹੱਲ ਕਰਨੇ ਜ਼ਰੂਰੀ ਹਨ।
ਕੈਬਨਿਟ ਮੰਤਰੀ ਨੇ ਦੋਹਾਂ ਧਿਰਾਂ ਦੀਆਂ ਮੰਗਾਂ ਅਤੇ ਸ਼ਿਕਾਇਤਾਂ ਧਿਆਨ ਨਾਲ ਸੁਣੀਆਂ ਅਤੇ ਵਿਸ਼ਵਾਸ ਦਿਵਾਇਆ ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਲੋਨੀ ਵਿੱਚ ਟਕਰਾਅ ਦਾ ਕਾਰਨ ਬਣ ਰਹੇ ਸਰਕਾਰੀ ਰਸਤੇ ਨੂੰ ਲੋਕਾਂ ਦੀ ਲੋੜ ਮੁਤਾਬਿਕ ਦਰੁਸਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab Weather Report: ਗਰਮੀ ਦਾ ਕਹਿਰ! ਪੰਜਾਬ 'ਚ ਪਾਰਾ 44 ਡਿਗਰੀ ਤੋਂ ਪਾਰ, ਮੌਸਮ ਵਿਭਾਗ ਦਾ ਅਲਰਟ
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਕਲੋਨੀ ਵਿੱਚ ਗੈਰ ਸਮਾਜਿਕ ਗਤੀਵਿਧੀਆਂ ਨੂੰ ਮੁਕੰਮਲ ਠੱਲ੍ਹ ਪਾਈ ਜਾਵੇ ਅਤੇ ਈਓ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਫ ਸਫਾਈ, ਆਵਾਰਾ ਪਸ਼ੂਆਂ ਦੀ ਰੋਕਥਾਮ ਜਿਹੇ ਮੁੱਦਿਆਂ ਤੇ ਢੁਕਵੇਂ ਕਦਮ ਚੁੱਕੇ ਜਾਣ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਉਸ ਕੰਧ ਨੂੰ ਵੀ ਤੁੜਵਾ ਦਿੱਤਾ ਗਿਆ ਹੈ ਜੋ ਕਿ ਸਰਕਾਰੀ ਰਾਹ ਵਿੱਚ ਬਣਵਾਈ ਗਈ ਸੀ। ਅਰੋੜਾ ਨੇ ਕਿਹਾ ਕਿ ਸਾਰਾ ਸ਼ਹਿਰ ਹੀ ਉਨ੍ਹਾਂ ਦਾ ਆਪਣਾ ਹੈ ਅਤੇ ਉਹ ਲੋਕਾਂ ਨੂੰ ਜੋੜਨ ਲਈ ਕਾਰਜਸ਼ੀਲ ਹਨ।
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੇ ਨਿੱਜੀ ਮੁਫਾਦਾਂ ਕਰਕੇ ਇਹ ਮਸਲਾ ਉਲਝ ਗਿਆ ਸੀ ਜਿਸ ਕਰਕੇ ਉਨ੍ਹਾਂ ਨੇ ਅੱਜ ਮੌਕੇ ਦਾ ਜਾਇਜ਼ਾ ਲਿਆ ਅਤੇ ਦੋਵਾਂ ਧਿਰਾਂ ਨਾਲ ਬੈਠ ਕੇ ਆਪਸੀ ਵੈਰ ਵਿਰੋਧ ਨੂੰ ਖਤਮ ਕਰਵਾ ਦਿੱਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਇਹ ਵੀ ਸਮਝਾਇਆ ਗਿਆ ਹੈ ਕਿ ਭਵਿੱਖ ਵਿੱਚ ਅਜਿਹੇ ਮਸਲਿਆਂ ਨੂੰ ਬਿਲਕੁਲ ਵੀ ਤੂਲ ਨਾ ਦਿੱਤੀ ਜਾਵੇ ਅਤੇ ਇਕ ਦੂਜੇ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇ।
ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਹ ਇੱਕ ਦੂਜੇ ਨਾਲ ਮਿਲਜੁਲ ਕੇ ਰਹਿਣਗੇ।
ਇਹ ਵੀ ਪੜ੍ਹੋ: "ਕਾਂਗਰਸ 'ਤੇ ਬੜੀ ਤੇਜ਼ੀ ਨਾਲ ਕਾਰਵਾਈ ਕੀਤੀ ਪਰ ਆਪਣੇ ਮੰਤਰੀ ਦੀ ਵੀਡੀਓ ਆਉਣ ਤੋਂ ਬਾਅਦ ਵੀ..."