MLA ਉਗੋਕੇ ਨੇ ਰਾਸ਼ਨ ਕਾਰਡਾਂ ਦਾ ਮੁੱਦਾ ਮੁੱਖ ਮੰਤਰੀ ਕੋਲ ਉਠਾਇਆ, ਕਿਹਾ ਮੁੜ ਸ਼ੁਰੂ ਹੋਵੇਗੀ ਪ੍ਰਕਿਰਿਆ
Ration Cards Issue - ਪਿਛਲੇ ਸਮੇਂ ਰਾਸ਼ਨ ਕਾਰਡਾਂ ਦੀ ਹੋਈ ਵੈਰੀਫਿਕੇਸ਼ਨ ਮਗਰੋਂ ਕੱਟੇ ਗਏ ਕੁਝ ਯੋਗ ਕਾਰਡਾਂ ਦਾ ਮੁੱਦਾ ਵਿਧਾਇਕ ਭਦੌੜ ਲਾਭ ਸਿੰਘ ਉਗੋਕੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਠਾਇਆ ਗਿਆ ਹੈ, ਜਿਸ ਮਗਰੋਂ ਉਨ੍ਹਾਂ ਦੱਸਿਆ
ਭਦੌੜ - ਪਿਛਲੇ ਸਮੇਂ ਰਾਸ਼ਨ ਕਾਰਡਾਂ ਦੀ ਹੋਈ ਵੈਰੀਫਿਕੇਸ਼ਨ ਮਗਰੋਂ ਕੱਟੇ ਗਏ ਕੁਝ ਯੋਗ ਕਾਰਡਾਂ ਦਾ ਮੁੱਦਾ ਵਿਧਾਇਕ ਭਦੌੜ ਲਾਭ ਸਿੰਘ ਉਗੋਕੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਠਾਇਆ ਗਿਆ ਹੈ, ਜਿਸ ਮਗਰੋਂ ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਮੁੜ ਸ਼ੁਰੂ ਹੋਵੇਗੀ।
ਇਸ ਸਬੰਧੀ ਉਗੋਕੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਗਿਆ, ਜਿਸ ਵਿੱਚ ਉਨ੍ਹਾਂ ਲਿਖਿਆ, ‘‘ ਪੰਜਾਬ ਸਰਕਾਰ ਵਲੋਂ ਇਸੇ ਸਾਲ ਪੰਜਾਬ ਵਿਚ ਚੱਲ ਰਹੇ ਤਕਰੀਬਨ 40 ਲੱਖ ਸਮਾਰਟ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਅਯੋਗ ਕਾਰਡਾਂ ਨੂੰ ਕੱਟਣ ਦੀ ਮੁਹਿੰਮ ਚਲਾਈ ਗਈ ਸੀ।
ਪਿਛਲੀਆਂ ਸਰਕਾਰਾਂ ਵਿਚ ਇਹ ਵਰਤਾਰਾ ਆਮ ਦੇਖਣ ਨੂੰ ਮਿਲਦਾ ਸੀ ਕਿ ਪੰਜਾਬ ਸਰਕਾਰ ਦੀ ਇਸ ਬਹੁਮੰਤਵੀ ਸਕੀਮ ਦਾ ਲਾਹਾ ਅਕਸਰ ਉਹ ਪਰਿਵਾਰ ਲੈ ਜਾਂਦੇ ਹਨ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੇਂਦਰੀ ਨੈਸ਼ਨਲ ਪੋਰਟਲ ਅਨੁਸਾਰ ਰਾਜ ਵਿਚ ਪਹਿਲਾਂ ਹੀ ਲੋੜ ਤੋਂ ਜ਼ਿਆਦਾ ਕਾਰਡ ਬਣੇ ਹੋਣ ਕਾਰਨ ਇਕ ਤਾਂ ਤਕਰੀਬਨ 10-11 ਫ਼ੀਸਦੀ ਲਾਭਪਾਤਰੀ ਕਣਕ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ, ਦੂਸਰਾ ਹੋਰ ਜ਼ਰੂਰਤਮੰਦਾਂ ਨੂੰ ਸਿਸਟਮ ਵਿਚ ਐਡ ਨਹੀਂ ਸੀ ਕੀਤਾ ਜਾ ਸਕਦਾ। ਇਸੇ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੰਭਲਾ ਇਸੇ ਦਿਸ਼ਾ ਵਿਚ ਪਹਿਲਾ ਕਦਮ ਸੀ।’’
ਉਨ੍ਹਾਂ ਲਿਖਿਆ ਕਿ ਇਸੇ ਅਧੀਨ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚੋਂ ਤਕਰੀਬਨ 2.5 ਲੱਖ ਕਾਰਡ ਮਾਣਯੋਗ ਡਿਪਟੀ ਕਮਿਸ਼ਨਰ ਦਫਤਰਾਂ ਰਾਹੀਂ ਵੈਰੀਫਾਈ ਕਰਵਾ ਕੇ ਅਯੋਗ ਕਰਾਰ ਕੀਤੇ ਗਏ ਹਨ, ਪਰ ਹਾਲ ਹੀ ਵਿਚ ਵੰਡੀ ਗਈ ਕਣਕ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੱਟੇ ਗਏ ਅਯੋਗ ਕੀਤੇ ਕਾਰਡਾਂ ਵਿਚੋਂ ਤਕਰੀਬਨ 20-22 ਫ਼ੀਸਦੀ ਕਾਰਡ ਅਜਿਹੇ ਕੱਟੇ ਗਏ ਹਨ ਜਿਨ੍ਹਾਂ ਨੂੰ ਇਸ ਦੀ ਸਖਤ ਜ਼ਰੂਰਤ ਸੀ।
ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਕੱਟੇ ਗਏ ਕਾਰਡਾਂ ਦੀ ਦੁਬਾਰਾ ਜਾਂਚ ਕਰਵਾਈ ਜਾਵੇ ਤਾਂ ਜੋ ਯੋਗ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ। ਵਿਧਾਇਕ ਲਾਭ ਸਿੰਘ ਉਗੋਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਇਹ ਪ੍ਰਕਿਰਿਆ ਮੁੜ ਚਲਾਈ ਜਾਵੇਗੀ ਤਾਂ ਜੋ ਯੋਗ ਲਾਭਪਾਤਰੀ ਇਸ ਸਕੀਮ ਦਾ ਲਾਹਾ ਲੈਣ ਤੋਂ ਵਾਂਝੇ ਨਾ ਰਹਿਣ।