Sangrur News: ਆਖਰ ਕਦੋਂ ਮਿਲਣਗੀਆਂ ਨੌਕਰੀਆਂ! ਹੁਣ 'ਪੁਲਿਸ ਵਾਲੇ' ਵੀ ਹੋਏ ਭਗਵੰਤ ਮਾਨ ਸਰਕਾਰ ਦੁਆਲੇ
Sangrur News: ਹੁਣ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੀ ਉਮੀਦਵਾਰਾਂ ਨੇ ਪੰਜਾਬ ਸਰਕਾਰ ਖਿਲਾਫ ਝੰਡਾ ਚੁੱਕਿਆ ਹੈ। ਇਹ ਉਮੀਦਵਾਰ 14 ਨਵੰਬਰ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਤੈਅ ਕਰਨ ਮਗਰੋਂ ਸ਼ਾਂਤ ਹੋਏ ਹਨ ਪਰ ਨਾਲ ਹੀ ਐਲਾਨ ਕੀਤਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਕਰਨਗੇ।
Sangrur News: ਪੰਜਾਬ ਅੰਦਰ ਨੌਕਰੀਆਂ ਲਈ ਅਜੇ ਵੀ ਉਮੀਦਵਾਰ ਸੜਕਾਂ 'ਤੇ ਹਨ। ਹੁਣ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੀ ਉਮੀਦਵਾਰਾਂ ਨੇ ਪੰਜਾਬ ਸਰਕਾਰ ਖਿਲਾਫ ਝੰਡਾ ਚੁੱਕਿਆ ਹੈ। ਇਹ ਉਮੀਦਵਾਰ 14 ਨਵੰਬਰ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਤੈਅ ਕਰਨ ਮਗਰੋਂ ਸ਼ਾਂਤ ਹੋਏ ਹਨ ਪਰ ਨਾਲ ਹੀ ਐਲਾਨ ਕੀਤਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਕਰਨਗੇ।
ਦੱਸ ਦਈਏ ਕਿ ਪੰਜਾਬ ਪੁਲਿਸ ਭਰਤੀ-2016 ਤੇ ਭਰਤੀ-2021 ਦੇ ਉਮੀਦਵਾਰਾਂ ਵੱਲੋਂ ਸ਼ਨੀਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਭਰਤੀ-2016 ਦੇ ਉਮੀਦਵਾਰ ਵੇਟਿੰਗ ਸੂਚੀ ਕਲੀਅਰ ਕਰਕੇ ਉਮੀਦਵਾਰਾਂ ਨੂੰ ਨੌਕਰੀ ’ਤੇ ਜੁਆਇਨ ਕਰਨ ਦੀ ਮੰਗ ਕਰ ਰਹੇ ਹਨ ਜਦਕਿ ਭਰਤੀ-2021 ਦੇ ਉਮੀਦਵਾਰ ਦੂਜੀ ਸੂਚੀ ਜਾਰੀ ਕਰਨ ਦੀ ਮੰਗ ਕਰ ਰਹੇ ਹਨ।
ਇਸ ਤੋਂ ਪਹਿਲਾਂ ਦੋਵੇਂ ਪੁਲਿਸ ਭਰਤੀਆਂ ਦੇ ਉਮੀਦਵਾਰ ਸ਼ਹਿਰ ਦੀ ਪਟਿਆਲਾ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿੱਥੋਂ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਗਿਆ ਪਰ ਕਲੋਨੀ ਦੇ ਮੁੱਖ ਗੇਟ ’ਤੇ ਪੁਲਿਸ ਵਲੋਂ ਸਖ਼ਤ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ ਗਿਆ। ਉਮੀਦਵਾਰਾਂ ਨੇ ਸੜਕ ਉੱਪਰ ਹੀ ਧਰਨਾ ਲਾ ਦਿੱਤਾ। ਆਖ਼ਰਕਾਰ ਸ਼ਾਮ ਕਰੀਬ ਪੰਜ ਵਜੇ ਪ੍ਰਸ਼ਾਸਨ ਵੱਲੋਂ 14 ਨਵੰਬਰ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਤੈਅ ਕਰਵਾਈ ਗਈ ਜਿਸ ਮਗਰੋਂ ਧਰਨਾ ਖ਼ਤਮ ਹੋਇਆ।
ਇਸ ਦੌਰਾਨ ਭਰਤੀ-2016 ਦੇ ਉਮੀਦਵਾਰਾਂ ਦੇ ਆਗੂ ਜਗਸੀਰ ਸਿੰਘ ਤੇ ਅਮਨਦੀਪ ਸਿੰਘ ਨੇ ਕਿਹਾ ਕਿ ਮੈਰਿਟ ਲਿਸਟ ਵਿਚ ਨਾਂ ਆਉਣ ਦੇ ਬਾਵਜੂਦ ਉਨ੍ਹਾਂ ਨੂੰ ਵੇਟਿੰਗ ਲਿਸਟ ਵਿਚ ਪਾ ਦਿੱਤਾ ਗਿਆ ਸੀ, ਭਰਤੀ ਸਬੰਧੀ ਦਸਤਾਵੇਜ਼ਾਂ ਦੀ ਪੜਤਾਲ ਹੋ ਚੁੱਕੀ ਹੈ। ਕਰੀਬ 300 ਉਮੀਦਵਾਰ ਤਾਂ ਦਸੰਬਰ-2022 ਵਿੱਚ ਭਰਤੀ ਕਰ ਲਏ ਸਨ ਜਦਕਿ ਬਾਕੀ ਜੁਆਇਨ ਦੀ ਉਡੀਕ ਵਿੱਚ ਖੁਆਰ ਹੋ ਰਹੇ ਹਨ।
ਪੁਲਿਸ ਭਰਤੀ-2021 ਦੇ ਉਮੀਦਵਾਰਾਂ ਵੀਰਪਾਲ ਕੌਰ, ਜਗਦੀਸ਼ ਕੰਬੋਜ ਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ 2021 ਵਿੱਚ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਅਸਾਮੀਆਂ ਅਧੀਨ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ। ਪੁਲਿਸ ਕਾਂਸਟੇਬਲ ਦੀਆਂ 4358 ਅਸਾਮੀਆਂ ਵਿੱਚੋਂ 3270 ਉਮੀਦਵਾਰਾਂ ਦੀ ਜੁਆਇਨਿੰਗ ਹੋ ਚੁੱਕੀ ਹੈ ਜਦੋਂਕਿ 1100 ਅਸਾਮੀਆਂ ਖਾਲੀ ਰਹਿ ਗਈਆਂ ਸਨ।
ਇਸ ਤੋਂ ਇਲਾਵਾ 560 ਸਬ-ਇੰਸਪੈਕਟਰਾਂ ਵਿੱਚੋਂ 60 ਅਸਾਮੀਆਂ, ਹੈੱਡ-ਕਾਂਸਟੇਬਲਾਂ ਦੀਆਂ 792 ਵਿੱਚੋਂ 200, ਟੀਐਸਐਸ ਸਬ-ਇੰਸਪੈਕਟਰਾਂ ਦੀਆਂ 267 ਵਿੱਚੋਂ 60 ਅਸਾਮੀਆਂ, ਟੀਐੱਸਐੱਸ 2340 ਵਿੱਚੋਂ 1000 ਅਸਾਮੀਆਂ ਖਾਲੀ ਰਹਿ ਗਈਆਂ ਹਨ। ਇਸ ਤੋਂ ਇਲਾਵਾ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਦੀਆਂ 1190 ਵਿੱਚੋਂ 900 ਤੋਂ ਵੱਧ ਅਸਾਮੀਆਂ ਖਾਲੀ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੂਜੀ ਸੂਚੀ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ।