(Source: ECI/ABP News/ABP Majha)
ਬਿਜਲੀ ਮੰਤਰੀ ਦਾ ਦਾਅਵਾ, ਪਿਛਲੇ ਸਾਲ ਨਾਲੋਂ ਵੱਧ ਬਿਜਲੀ ਸਪਲਾਈ ਯਕੀਨੀ...
ਈਲਵਾਲ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਹ ਦੋਵੇਂ ਪ੍ਰੋਜੈਕਟਾਂ ਨੂੰ 11.24 ਕਰੋੜ ਰੁਪਏ ਦੀ ਲਾਗਤ ਨਾਲ 31 ਦਸੰਬਰ 2023 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
Sangrur News: ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਵੱਲੋਂ ਸਾਂਝੇ ਤੌਰ ਤੇ ਸੁਨਾਮ ਤੇ ਈਲਵਾਲ ਵਿਖੇ 66 ਕੇਵੀ ਗਰਿੱਡ ਸਬ-ਸਟੇਸ਼ਨਾਂ ਦੇ ਨੀਂਹ ਪੱਥਰ ਰੱਖੇ ਗਏ। ਈਲਵਾਲ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਹ ਦੋਵੇਂ ਪ੍ਰੋਜੈਕਟਾਂ ਨੂੰ 11.24 ਕਰੋੜ ਰੁਪਏ ਦੀ ਲਾਗਤ ਨਾਲ 31 ਦਸੰਬਰ 2023 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਬਿਜਲੀ ਦੀ ਕਮੀ ਨੂੰ ਮੁਕੰਮਲ ਤੌਰ ਤੇ ਦੂਰ ਕਰਨ ਲਈ ਉਹ ਪੂਰੇ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੇ ਹਨ। ਇਨ੍ਹਾਂ ਪ੍ਰੋਜੈਕਟਾਂ ਵਾਂਗ ਹੀ ਸੂਬੇ ਦੇ ਹੋਰ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਵਿੱਚ ਆਮ ਲੋਕਾਂ, ਉਦਯੋਗਿਕ ਤੇ ਖੇਤੀਬਾੜੀ ਖਪਤਕਾਰਾਂ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ, ਵੋਲਟੇਜ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਬਿਜਲੀ ਸਪਲਾਈ ਦੀ ਗੁਣਵੱਤਤਾ ਤੇ ਭਰੋਸੇਯੋਗਤਾ ਵਧਾਉਣ ਦੀ ਦਿਸ਼ਾ ਵਿੱਚ ਸਾਰਥਕ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 33 ਕੇਵੀ ਪਾਵਰ ਕਲੋਨੀ ਸੁਨਾਮ ਵਿਖੇ ਕਰੀਬ 7.84 ਕਰੋੜ ਅਤੇ ਈਲਵਾਲ ਵਿਖੇ ਕਰੀਬ 3.40 ਕਰੋੜ ਰੁਪਏ ਦੀ ਲਾਗਤ ਨਾਲ ਗਰਿੱਡ ਸਬ-ਸਟੇਸ਼ਨ ਦਾ ਨਿਰਮਾਣ ਹੋਵੇਗਾ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਸੂਬੇ ਵਿੱਚ ਬਿਜਲੀ ਦੀ ਕੋਈ ਕਮੀਂ ਨਹੀ ਆਉਣ ਦਿੱਤੀ ਗਈ ਅਤੇ ਇਸ ਸਾਲ ਵੀ ਪਿਛਲੇ ਸਾਲ ਨਾਲੋਂ ਵੱਧ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਪਿਛਲੇ 14 ਮਹੀਨਿਆਂ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਮਹਿਜ਼ 3 ਮਹੀਨਿਆਂ ਬਾਅਦ ਹੀ ਜੁਲਾਈ ਵਿੱਚ 600 ਯੂਨਿਟ ਬਿਜਲੀ ਮੁਫ਼ਤ ਕਰਨ ਦੇ ਵਾਅਦੇ ਨੂੰ ਪੂਰਾ ਕੀਤਾ ਗਿਆ ਤੇ ਮੌਜੂਦਾ ਸਮੇਂ ਵਿੱਚ ਕਰੀਬ 90 ਫ਼ੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਬਿਨ੍ਹਾਂ ਕਿਸੇ ਵਾਧੂ ਦੀ ਖੱਜਲਖੁਆਰੀ ਜਾਂ ਵਿਤਕਰੇ ਤੋਂ ਇਹ ਸੁਵਿਧਾ ਮੁਹੱਈਆ ਕਰਵਾਈ ਹੈ ਅਤੇ ਘਰ ਬੈਠਿਆ ਹੀ ਲੋਕ ਇਸ ਸੁਵਿਧਾ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਥਰਮਲ ਪਲਾਂਟਾਂ ਵਿੱਚ 44 ਦਿਨਾਂ ਦੀ ਲੋੜ ਮੁਤਾਬਕ ਕੋਲਾ ਉਪਲਬਧ ਹੈ ਜਿਸਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ। ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਸਰਕਾਰ ਵਲੋਂ ਨਿਰੋਲ ਮੈਰਿਟ ਦੇ ਅਧਾਰ ਤੇ ਹੁਣ ਤੱਕ 29000 ਤੋਂ ਵੀ ਵੱਧ ਲੋੜਵੰਦਾਂ ਨੂੰ ਨੌਕਰੀਆਂ ਦੇਣ, 584 ਮੁਹੱਲਾ ਕਲੀਨਿਕ ਸਥਾਪਤ ਕਰਨ, ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ, ਜ਼ਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਾਉਣ ਅਤੇ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਅਪਨਾਉਣ ਜਿਹੇ ਮਹੱਤਵਪੂਰਨ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।