Sangrur News: ਆਖਰ ਨਿੱਬੜ ਗਿਆ ਮਸਤੂਆਣਾ ਸਾਹਿਬ ਮੈਡੀਕਲ ਕਾਲਜ ਦਾ ਵਿਵਾਦ, ਸ਼੍ਰੋਮਣੀ ਕਮੇਟੀ ਸਣੇ ਤਿੰਨੇ ਧਿਰਾਂ ਵਿਚਾਲੇ ਬਣੀ ਸਹਿਮਤੀ
Sangrur News: ਲੰਬੀ ਜੱਦੋ-ਜਹਿਦ ਮਗਰੋਂ ਮਸਤੂਆਣਾ ਸਾਹਿਬ ’ਚ ਬਣਨ ਵਾਲੇ ਮੈਡੀਕਲ ਕਾਲਜ ਸਬੰਧੀ ਵਿਵਾਦ ਖਤਮ ਹੋ ਗਿਆ ਹੈ। ਅੱਜ ਸਾਰੀਆਂ ਧਿਰਾਂ ’ਚ ਸਹਿਮਤੀ ਬਣ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ
Sangrur News: ਲੰਬੀ ਜੱਦੋ-ਜਹਿਦ ਮਗਰੋਂ ਮਸਤੂਆਣਾ ਸਾਹਿਬ ’ਚ ਬਣਨ ਵਾਲੇ ਮੈਡੀਕਲ ਕਾਲਜ ਸਬੰਧੀ ਵਿਵਾਦ ਖਤਮ ਹੋ ਗਿਆ ਹੈ। ਅੱਜ ਸਾਰੀਆਂ ਧਿਰਾਂ ’ਚ ਸਹਿਮਤੀ ਬਣ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਇਸ ਬਾਰੇ ਡਿਪਟੀ ਕਮਿਸ਼ਨਰ ਨੂੰ ਪੱਤਰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਦੀ ਉਸਾਰੀ ਲਈ ਰਾਹ ਪੱਧਰਾ ਹੋ ਗਿਆ ਹੈ।
ਦੱਸ ਦਈਏ ਕਿ ਇਸ ਮੈਡੀਕਲ ਕਾਲਜ ਦੀ ਜ਼ਮੀਨ ਨੂੰ ਲੈ ਕੇ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਸੀ। ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਉਪਰ ਕਾਲਜ ਬਣਾਉਣ ਵਿੱਚ ਅੜਿੱਕੇ ਡਾਹੁਣ ਦੇ ਇਲਜ਼ਾਮ ਲਾਏ ਸੀ। ਇਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਵੀ ਆਮ ਆਦਮੀ ਪਾਰਟੀ ਉਪਰ ਪਲਟਵਾਰ ਕੀਤਾ ਸੀ।
ਇਸ ਸਬੰਧੀ ਆਖਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਪ੍ਰਬੰਧਕ ਕਮੇਟੀ ਸਹਿਮਤ ਹੋ ਗਈਆਂ। ਇਨ੍ਹਾਂ ਤਿੰਨੋਂ ਧਿਰਾਂ ਵਿਚਕਾਰ ਸਮਝੌਤਾ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਟੀਮ ਵੱਲੋਂ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੇ ਸਾਰੀਆਂ ਧਿਰਾਂ ਨਾਲ ਮੀਟਿੰਗਾਂ ਕਰਕੇ ਆਪਸੀ ਸਹਿਮਤੀ ਦਾ ਮੁੱਢ ਬੰਨ੍ਹਿਆ ਗਿਆ।
ਡਿਪਟੀ ਕਮਿਸ਼ਨਰ ਨੂੰ ਆਪਸੀ ਸਹਿਮਤੀ ਦਾ ਪੱਤਰ ਸੌਂਪਣ ਤੋਂ ਬਾਅਦ ਸਾਂਝੀ ਪ੍ਰੈੱਸ ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਤੇਜਾ ਸਿੰਘ ਕਮਾਲਪੁਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਵੱਲੋਂ ਜਸਵੰਤ ਸਿੰਘ ਖਹਿਰਾ ਤੇ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਵੱਲੋਂ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਆਪਸੀ ਸਹਿਮਤੀ ਨਾਲ ਫੈਸਲਾ ਹੋਇਆ ਹੈ ਕਿ ਜਿਸ 25 ਏਕੜ ਜ਼ਮੀਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5 ਅਗਸਤ 2022 ਨੂੰ ਮੈਡੀਕਲ ਕਾਲਜ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਸੀ, ਉਸੇ ਜ਼ਮੀਨ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇ।
ਇਹ ਵੀ ਪੜ੍ਹੋ : ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਤਣਾਅ, ਵੱਡੀ ਗਿਣਤੀ ਪੁਲਿਸ ਤਾਇਨਾਤ
ਇਸ ਜ਼ਮੀਨ ਦੀ ਬਾਬਤ ਜੋ ਕੇਸ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੱਲ ਰਿਹਾ ਹੈ, ਉਸ ਕੇਸ ਵਿਚੋਂ 25 ਏਕੜ ਜ਼ਮੀਨ ਨੂੰ ਬਾਹਰ ਰੱਖਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਨੇ ਸਹਿਮਤੀ ਦੇ ਦਿੱਤੀ ਹੈ। ਇਸ ਸਬੰਧੀ ਧਿਰਾਂ ਵੱਲੋਂ 25 ਏਕੜ ਜ਼ਮੀਨ ਨੂੰ ਕੇਸ ਤੋਂ ਮੁਕਤ ਕਰਨ ਲਈ ਕਾਨੂੰਨੀ ਪੱਖ ਤੋਂ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਜਾਵੇਗੀ।
ਇਹ ਫੈਸਲਾ ਹੋਇਆ ਹੈ ਕਿ ਇਸ 25 ਏਕੜ ਜ਼ਮੀਨ ਨੂੰ ਛੱਡ ਕੇ ਬਾਕੀ ਜ਼ਮੀਨ ਦੀ ਬਾਬਤ ਕੇਸ ਅਦਾਲਤ ਵਿਚ ਪਹਿਲਾਂ ਦੀ ਤਰ੍ਹਾਂ ਚਲਦਾ ਰਹੇਗਾ। ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਸੰਤ ਬਾਬਾ ਅਤਰ ਸਿੰਘ ਦੀ ਯਾਦ ’ਚ ਮੈਡੀਕਲ ਕਾਲਜ ਨੂੰ ਲੈ ਕੇ ਸਮੁੱਚੇ ਇਲਾਕੇ ਤੇ ਜ਼ਿਲ੍ਹੇ ਦੇ ਲੋਕਾਂ ਦੀ ਵੱਡੀ ਮੰਗ ਨੂੰ ਪੂਰਾ ਕਰਨ ਲਈ ਸਾਰੀਆਂ ਧਿਰਾਂ ਸਹਿਮਤ ਹੋਈਆਂ ਹਨ।
ਇਹ ਵੀ ਸਹਿਮਤੀ ਬਣੀ ਹੈ ਕਿ ਅਪਰੈਲ-2023 ਤੋਂ ਮੈਡੀਕਲ ਕਾਲਜ ਦੀਆਂ ਕਲਾਸਾਂ ਸ਼ੁਰੂ ਕਰਨ ਵਾਸਤੇ ਲੋੜੀਂਦੀ ਬਿਲਡਿੰਗ ਅਤੇ ਹੋਰ ਸਹੂਲਤਾਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਅੰਗੀਠਾ ਸਾਹਿਬ ਦੀ ਅਗਵਾਈ ਹੇਠ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਦੀ ਰਿਹਾਇਸ਼ ਅੱਗੇ ਲੌਂਗੋਵਾਲ ਵਿਖੇ ਚੱਲ ਰਿਹਾ ਪੱਕਾ ਰੋਸ ਧਰਨਾ ਮੁਲਤਵੀ ਕਰਨ ਦਾ ਫੈਸਲਾ ਵੀ ਹੋਇਆ ਹੈ।
ਸਾਰੀਆਂ ਧਿਰਾਂ ਨੇ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸਨਰ ਨੂੰ ਸੌਂਪੇ ਲਿਖਤੀ ਪੱਤਰ ਵਿਚ ਮੰਗ ਕੀਤੀ ਹੈ ਕਿ ਅਪਰੈਲ-2023 ਤੋਂ ਮੈਡੀਕਲ ਦੀ ਪੜ੍ਹਾਈ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣ, ਮੈਡੀਕਲ ਕਾਲਜ ਦੀ ਉਸਾਰੀ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਮੌਕੇ ਕਿਸਾਨ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਗੁਰਸਾਗਰ ਟਰੱਸਟ ਤੋਂ ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ ਮੌਜੂਦ ਸਨ।