ਅਨਿਲ ਜੈਨ ਦੀ ਰਿਪੋਰਟ


Sangrur News: ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਨਾਂ ਆਰੰਭੀ ਮੁਹਿੰਮ ਤਹਿਤ ਅੱਜ ਧੂਰੀ ਨੇੜਲੇ ਪਿੰਡ ਕੱਕੜਵਾਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਜਨ ਸੁਵਿਧਾ ਕੈਂਪ ਲਗਾਇਆ ਗਿਆ ਜਿਸ ਨੂੰ ਪਿੰਡ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੇ ਐਸਐਸਪੀ ਸੁਰੇਂਦਰ ਲਾਂਬਾ ਨੇ ਖੁਦ ਪਿੰਡ ਕੱਕੜਵਾਲ ਵਿਖੇ ਲੋਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਤਰਜੀਹੀ ਆਧਾਰ ’ਤੇ ਯੋਗ ਨਿਪਟਾਰੇ ਦਾ ਵਿਸ਼ਵਾਸ ਦਿਵਾਇਆ।


ਇਸੇ ਦੌਰਾਨ ਸ਼੍ਰੀ ਜੋਰਵਾਲ ਤੇ ਸ਼੍ਰੀ ਲਾਂਬਾ ਵੱਲੋਂ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਵਧ ਚੜ੍ਹ ਕੇ ਸਹਿਯੋਗ ਦਿੰਦੇ ਹੋਏ ਜ਼ਿਲ੍ਹਾ ਸੰਗਰੂਰ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦਾ ਸੱਦਾ ਵੀ ਦਿੱਤਾ ਗਿਆ। ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਕਿਹਾ ਕਿ ਜੇਕਰ ਕੋਈ ਵੀ ਨਾਗਰਿਕ ਕਿਸੇ ਵੀ ਨਸ਼ਾ ਤਸਕਰ ਬਾਰੇ ਕੋਈ ਸੂਚਨਾ ਮੁਹੱਈਆ ਕਰਵਾਉਂਦਾ ਹੈ ਤਾਂ ਉਸ ਨਾਗਰਿਕ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।


ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਹਰੇਕ ਸਬ ਡਵੀਜ਼ਨ ਤੇ ਤਹਿਸੀਲ ਵਿੱਚ ਹਰ ਬੁੱਧਵਾਰ ਅਜਿਹੇ ਜਨ ਸੁਵਿਧਾ ਕੈਂਪਾਂ ਲਗਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਮਾਲ ਵਿਭਾਗ, ਪੈਨਸ਼ਨਾਂ, ਪੰਚਾਇਤੀ ਵਿਭਾਗ ਆਦਿ ਨਾਲ ਸਬੰਧਤ ਦਰਖਾਸਤਾਂ ਦਾ ਪਾਰਦਰਸ਼ੀ ਪ੍ਰਣਾਲੀ ਤੇ ਸਮਾਂਬੱਧ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਕੰਮਕਾਰ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ।


ਜੋਰਵਾਲ ਨੇ ਕਿਹਾ ਕਿ ਅੱਜ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਅੰਦਰ ਅਜਿਹੇ ਕੈਂਪਾਂ ਦਾ ਆਯੋਜਨ ਕਰਕੇ ਲੋੜਵੰਦਾਂ ਨੂੰ ਲਾਭ ਮੁਹੱਈਆ ਕਰਵਾਇਆ ਗਿਆ ਹੈ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਤੋਂ ਸਿੱਧੇ ਤੌਰ ’ਤੇ ਫੀਡਬੈਕ ਵੀ ਲਈ ਜਾ ਰਹੀ ਹੈ ਤਾਂ ਜੋ ਸੁਧਾਰ ਦੀਆ ਹੋਰ ਸੰਭਾਵਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।


ਇਸ ਮੌਕੇ ਡਿਪਟੀ ਕਮਿਸ਼ਨਰ ਜੋਰਵਾਲ ਨੇ ਲੋਕਾਂ ਨੂੰ ਦੱਸਿਆ ਕਿ ਘਾਬਦਾਂ ਵਿਖੇ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਉਸਾਰੂ ਮਾਹੌਲ ਪ੍ਰਦਾਨ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ ਜਿਸ ਤਹਿਤ ਕੋਈ ਵੀ ਨਸ਼ਾ ਕਰਨ ਵਾਲਾ ਵਿਅਕਤੀ ਇਥੇ ਦਾਖਲ ਹੋਣ ਤੋਂ ਬਾਅਦ ਭਵਿੱਖ ਵਿੱਚ ਅਜਿਹੇ ਮਾੜੇ ਕੰਮਾਂ ਤੋਂ ਤੌਬਾ ਕਰਕੇ ਪਰਿਵਾਰਕ ਤੇ ਸਮਾਜਿਕ ਪੱਧਰ ’ਤੇ ਵਧੀਆ ਜ਼ਿੰਦਗੀ ਜਿਊਣ ਦੇ ਸਮਰੱਥ ਬਣ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਲਾਇਬ੍ਰੇਰੀ, ਜਿਮਨੇਜ਼ੀਅਮ, ਖੇਡਾਂ, ਹੁਨਰ ਵਿਕਾਸ, ਸਵੈ ਰੁਜ਼ਗਾਰ ਦੇ ਸਮਰੱਥ ਬਣਾਉਣ ਆਦਿ ਦੇ ਪ੍ਰਬੰਧ ਵੀ ਹਨ ਤਾਂ ਜੋ ਜੇਰੇ ਇਲਾਜ ਵਿਅਕਤੀਆਂ ਨੂੰ ਮਾਨਸਿਕ ਤੇ ਸਰੀਰਕ ਮਜ਼ਬੂਤੀ ਦੇ ਸਮਰੱਥ ਬਣਾਇਆ ਜਾ ਸਕੇ।


ਇਸੇ ਦੌਰਾਨ ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਨਸ਼ਿਆਂ ਦੇ ਮਾੜੇ ਕਾਰੋਬਾਰ ਵਿੱਚ ਲੱਗੇ ਗੈਰ ਸਮਾਜਿਕ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਪੁਲਿਸ ਮੁਲਾਜ਼ਮ ਜਾਂ ਪੁਲਿਸ ਅਧਿਕਾਰੀ ਵੀ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਭ ਦੀ ਸਾਂਝੀ ਲੜਾਈ ਹੈ ਅਤੇ ਜੇਕਰ ਸਭ ਲੋਕ ਇਕੱਠੇ ਹੋ ਕੇ ਤਹੱਈਆ ਕਰਨ ਤਾਂ ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਸੰਭਵ ਹੈ।


ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਨੇ ਸਰਕਾਰੀ ਡਾਇਰੀ 'ਤੇ ਛਪਵਾਈ ਆਪਣੀ ਫੋਟੋ, ਮਸ਼ਹੂਰੀ ਦਾ ਕੋਈ ਮੌਕਾ ਨਹੀਂ ਛੱਡਦੇ...


ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ (ਯੂ.ਟੀ) ਨਿਤੇਸ਼ ਜੈਨ, ਐਸ.ਡੀ.ਐਮ ਅਮਿਤ ਗੁਪਤਾ, ਐਸ.ਪੀ ਪਲਵਿੰਦਰ ਸਿੰਘ ਚੀਮਾ, ਰਾਜਵੰਸ਼ ਸਿੰਘ ਘੁੱਲੀ, ਸਤਿੰਦਰ ਸਿੰਘ ਚੱਠਾ, ਤਹਿਸੀਲਦਾਰ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਤੇ ਸੀਨੀਅਰ ਆਗੂ ਵੀ ਹਾਜ਼ਰ ਸਨ।


ਇਹ ਵੀ ਪੜ੍ਹੋ: Budget 2023: ਜਾਣੋ ਇਸ ਬਜਟ 'ਚ ਕੀ-ਕੀ ਹੋ ਗਿਆ ਮਹਿੰਗਾ