Punjab News: ਪੰਜਾਬ ਦੀਆਂ ਅਨਾਜ ਮੰਡੀਆਂ ਦੇ ਵਿੱਚ ਆੜਤੀਆਂ ਵੱਲੋਂ ਅੱਜ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ ਗਈ ਹਾਲਾਂਕਿ ਇਸ ਦੌਰਾਨ ਪ੍ਰਾਈਵੇਟ ਤੌਰ ਉੱਤੇ ਬਾਸਮਤੀ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਉਨ੍ਹਾਂ ਦੀ ਲੁੱਟ ਹੋ ਰਹੀ ਹੈ ਜਦੋਂ ਕਿ ਹਰਿਆਣਾ ਦੀਆਂ ਮੰਡੀਆਂ ਵਿੱਚ ਬਾਸਮਤੀ ਝੋਨਾ ਮਹਿੰਗੇ ਭਾਅ ਉੱਤੇ ਵਿਕ ਰਿਹਾ ਹੈ।


ਜ਼ਿਕਰ ਕਰ ਦਈਏ ਕਿ ਪਹਿਲਾਂ ਮੰਡੀਆਂ ਵਿੱਚ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਹੈ ਤੇ ਹੁਣ 11 ਅਕਤੂਬਰ  ਤੋਂ ਆੜ੍ਹਤੀਆਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਰਕੇ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗ ਗਏ ਹਨ ਜਿਸ ਦਾ ਖਾਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕਿਸਾਨ ਮੰਡੀ 'ਚ ਆਪਣੀ ਫਸਲ ਵਿਕਦੀ ਨਾ ਦੇਖ ਉਸ ਨੂੰ ਹਰਿਆਣਾ ਜਾਂ ਫਿਰ ਦੂਜੀਆਂ ਮੰਡੀਆਂ 'ਚ ਲਿਜਾਣ ਲਈ ਮਜਬੂਰ ਹੋ ਰਿਹਾ ਹੈ।


ਇਸੇ ਦੌਰਾਨ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਪ੍ਰਾਈਵੇਟ ਤੌਰ 'ਤੇ ਬਾਸਮਤੀ ਝੋਨੇ ਦੀ ਖ਼ਰੀਦ ਸ਼ੁਰੂ ਹੋਈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਉਨ੍ਹਾਂ ਨੂੰ ਘੱਟ ਭਾਅ ਦੇ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਤਰਕ ਦਿੱਤਾ ਕਿ ਇਸ ਮੰਡੀ 'ਚ 3000 ਤੋਂ ਲੈ ਕੇ 3300 ਪ੍ਰਤੀ ਕੁਇੰਟਲ ਤੱਕ ਝੋਨਾ ਵਿਕ ਰਿਹਾ ਹੈ ਜਦੋਂਕਿ ਹਰਿਆਣਾ ਜਾਂ ਫਿਰ ਪੰਜਾਬ ਦੀਆਂ ਦੂਜੀਆਂ ਮੰਡੀਆਂ ਦੇ ਵਿੱਚ 3600 ਤੋਂ ਲੈ ਕੇ 4000 ਤੱਕ ਵਿਕ ਰਿਹਾ ਹੈ। ਕਿਸਾਨਾਂ ਨੇ ਇੱਥੋਂ ਤੱਕ ਕਿਹਾ ਕਿ ਇੱਕੋ ਖੇਤ ਦੇ ਵਿੱਚੋਂ ਆਈ ਇੱਕੋ ਕਿਸਮ ਦੀ ਬਾਸਮਤੀ ਦੀ ਫ਼ਸਲ ਦੋ ਢੇਰੀਆਂ ਹੋਣ ਦੇ ਬਾਵਜੂਦ ਅਲੱਗ ਅਲੱਗ ਰੇਟਾਂ ਦੇ ਉੱਪਰ ਵਿਕਦੀ ਹੈ। 


ਕਿਸਾਨਾਂ ਨੇ ਆਪਣੇ ਹੱਥ ਵਿੱਚ ਕੁਝ ਦਿਨ ਪਹਿਲਾਂ ਸੰਗਰੂਰ ਮੰਡੀ 'ਚ ਵਿਕੀ ਆਪਣੀ ਫਸਲ ਦੀ ਪਰਚੀ ਦਿਖਾਉਂਦੇ ਹੋਏ ਕਿਹਾ ਕਿ ਇੱਕ ਟਰਾਲੀ ਪਹਿਲਾਂ 3700 ਪ੍ਰਤੀ ਕੁਇੰਟਲ ਨੂੰ ਵਿਕੀ ਜਦਕਿ ਉਹੀ ਝੋਨਾ ਜਦੋਂ ਅੱਜ ਮੰਡੀ ਚ ਵਿਕਿਆ ਤਾਂ 3000 ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਯਾਨੀ ਕਿ 700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਨੁਕਸਾਨ ਹੋ  ਰਿਹਾ ਹੈ।  ਕਿਸਾਨਾਂ ਦਾ ਕਹਿਣਾ ਕੀ ਅਸੀਂ ਝੋਨੇ ਦੀਆਂ ਉਹ ਕਿਸਮਾਂ ਨੂੰ ਛੱਡ ਕੇ ਬਾਸਮਤੀ ਝੋਨੇ ਵੱਲ ਗਏ ਸੀ ਤਾਂ ਜੋ ਸਮੇਂ ਤੋਂ ਪਹਿਲਾਂ ਪੱਕ ਜਾਂਦਾ ਤੇ ਉਸਦੇ ਲਈ ਪਾਣੀ ਵੀ ਘੱਟ ਖਪਤ ਹੁੰਦਾ ਪਰ ਅੱਜ ਮੰਡੀ 'ਚ ਆ ਕੇ ਸਾਡੀ ਲੁੱਟ ਹੋ ਰਹੀ ਹੈ। ਕਿਸਾਨ ਮੰਡੀ ਚੋਂ ਝੋਨਾ ਚੁੱਕਣ ਲਈ ਮਜਬੂਰ ਹੈ।


ਸੰਗਰੂਰ ਦੇ ਵੱਖ ਵੱਖ ਪਿੰਡਾਂ ਚੋਂ ਮੰਡੀ ਚ ਝੋਨਾ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਸਾਡਾ ਕੀ ਕਸੂਰ ਹੈ ਜੋ ਮੰਡੀ 'ਚ ਅਸੀਂ ਪਰੇਸ਼ਾਨ ਹੋ ਰਹੇ ਹਾਂ ਪਹਿਲਾਂ ਮਜ਼ਦੂਰਾਂ ਨੇ ਹੜਤਾਲ ਕੀਤੀ ਫਿਰ ਆੜ੍ਹਤੀਆਂ ਨੇ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਸਾਡੀ ਮੰਡੀ 'ਚ ਪਈ ਫ਼ਸਲ ਖ਼ਰਾਬ ਹੋ ਰਹੀ ਹੈ ਉਸਦਾ ਵਜ਼ਨ ਘੱਟ ਰਿਹਾ ਹੈ।


ਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਵਪਾਰੀ ਨੂੰ ਪਤਾ ਕਿ ਇਹ ਕਿਸਾਨ ਮਜਬੂਰ ਹੈ ਹੁਣ ਇੱਥੇ ਆਪਣਾ ਝੋਨਾ ਲੈ ਕੇ ਆ ਗਿਆ ਇਹਨੂੰ ਜਿਹੜਾ ਮਰਜ਼ੀ ਰੇਟ ਦੇ ਦੋ ਇਹ ਸਾਨੂੰ ਵੇਚ ਕੇ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜਦੋਂ ਕਿਸੇ ਨੇ ਵੀ ਹੜਤਾਲ ਤੇ ਜਾਣਾ ਹੁੰਦਾ ਉਹ ਝੋਨੇ ਦੇ ਸੀਜਨ ਦੇ ਵਿੱਚ ਹੀ ਕਿਉਂ ਯਾਦ ਆਉਂਦੀ ਹੈ ਇਸ ਤੋਂ ਪਹਿਲਾਂ ਵੀ ਤਾਂ ਆਪਣੀਆਂ ਮੰਗਾਂ ਤੇ ਗ਼ੌਰ ਕੀਤੀ ਜਾ ਸਕਦੀ ਹੈ ।