Punjab News: ਬਰਨਾਲਾ ਦੇ ਪਿੰਡ ਕੁਰੜ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੇ ਇੱਕ ਲੜਕੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਇੱਕ ਕਿਸਾਨ ਦੇ ਖੇਤ ਵਿੱਚੋਂ ਮਿਲੀ ਸੀ। ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ(Sukhpal Khaira) ਅੱਜ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਸਬੰਧੀ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਗੇ।



ਇਸ ਮਾਮਲੇ ਸਬੰਧੀ ਮ੍ਰਿਤਕ ਵਿਦਿਆਰਥੀ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਕਰਨ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸੋਮਵਾਰ ਨੂੰ ਇੱਕ ਖੇਤ ਵਿੱਚੋਂ ਮਿਲੀ ਸੀ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਥਾਣਾ ਠੁੱਲੀਵਾਲ ਨੂੰ ਦਿੱਤੀ ਗਈ ਹੈ।


'ਆਪ' ਸਰਕਾਰ 'ਚ ਵਿਕ ਰਹੇ ਖੁੱਲ੍ਹੇਆਮ ਨਸ਼ੇ 


ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਨਸ਼ੇ ਕਾਰਨ ਹੋਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ‘ਆਪ’ ਆਗੂ ਇਹ ਦਾਅਵੇ ਕਰਦੇ ਸਨ ਕਿ ਉਹ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦੇਣਗੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ। ਇਸ ਸਬੰਧੀ ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। 






ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਦੋਸਤੋ ,ਮਿੱਠੇਵਾਲ ਨੇੜੇ ਪਿੰਡ ਕੁਰੜ ਜੋ ਕਿ ਮੀਤ ਹੇਅਰ ਦਾ ਪਿੰਡ ਹੈ ,ਇੱਥੇ 16 ਸਾਲ ਦੇ ਨੌਜਵਾਨ, ਅਬੀਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਇਹ ਦਰਸਾਉਂਦੀ ਹੈ ਕਿ ਭਗਵੰਤ ਮਾਨ ਸਰਕਾਰ ਨਸ਼ੇ ਨੂੰ ਠੱਲ ਪਾਉਣ ਤੇ 100% ਨਾਕਾਮ ਹੋਈ ਹੈ।


ਥਾਣਾ ਠੁੱਲੀਵਾਲ ਦੇ ਐੱਸਐੱਚਓ ਅਜਾਇਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।