Chanadigarh News: ਹੁਣ ਨਹੀਂ ਲੱਗਣਗੇ ਜ਼ੀਰਕਪੁਰ 'ਚ ਲੰਬੇ ਜਾਮ, ਜਨਵਰੀ 'ਚ ਸ਼ੁਰੂ ਹੋਏਗਾ ਫਲਾਈਓਵਰ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਮੁਹਾਲੀ ਜ਼ਿਲ੍ਹੇ ਵਿੱਚ ਚੱਲ ਰਹੇ ਕੌਮੀ ਮਾਰਗਾਂ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
Chanadigarh News: ਜ਼ੀਰਕਪੁਰ 'ਚ ਲੰਬੇ ਜਾਮ ਤੋਂ ਰਾਹਤ ਮਿਲੇਗੀ। ਜਨਵਰੀ 'ਚ ਫਲਾਈਓਵਰ ਸ਼ੁਰੂ ਹੋ ਜਾਏਗਾ। ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ੀਰਕਪੁਰ ਵਿੱਚ ਬਣਨ ਵਾਲੇ ਦੋ ਫਲਾਈਓਵਰ ’ਚੋਂ ਇੱਕ ਫਲਾਈਓਵਰ ’ਤੇ ਜਨਵਰੀ 2024 ਤੱਕ ਆਵਜਾਈ ਸ਼ੁਰੂ ਹੋ ਜਾਵੇਗੀ। ਜ਼ੀਰਕਪੁਰ ਦੇ ਮੈੱਕਡੀ ਚੌਕ ਤੇ ਸਿੰਘਪੁਰਾ ਚੌਕ ’ਚ ਪੁਲ ਬਣਾਏ ਜਾ ਰਹੇ ਹਨ ਜਿਨ੍ਹਾਂ ’ਚ ਮੈਕਡੀ ਚੌਕ ਵਾਲਾ ਪੁਲ ਜਨਵਰੀ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਏਆਈ) ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਮੁਹਾਲੀ ਜ਼ਿਲ੍ਹੇ ਵਿੱਚ ਚੱਲ ਰਹੇ ਕੌਮੀ ਮਾਰਗਾਂ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬਕਾਇਆ ਭੌਂ-ਪ੍ਰਾਪਤੀ ਲਈ ਐਵਾਰਡਾਂ ਨੂੰ ਤੇਜ਼ ਕਰਨ ਦੇ ਨਾਲ-ਨਾਲ ਮੁਆਵਜ਼ੇ ਦੀ ਵੰਡ ਵਿੱਚ ਵੀ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ।
ਜ਼ੀਰਕਪੁਰ ਵਿੱਚ ਕੌਮੀ ਮਾਰਗਾਂ ’ਤੇ ਗੈਰ-ਕਾਨੂੰਨੀ ਪਾਰਕਿੰਗਾਂ ਹਟਾਉਣ ਸਬੰਧੀ ਐਨਐਚਏ ਦੇ ਅਧਿਕਾਰੀਆਂ ਦੀ ਅਪੀਲ ’ਤੇ ਡੀਸੀ ਨੇ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਲਈ ਜ਼ਿਲ੍ਹਾ ਪੁਲਿਸ ਕੋਲ ਮਾਮਲਾ ਚੁੱਕਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਆਈਟੀਸਿਟੀ ਮੁਹਾਲੀ ਤੋਂ ਕੁਰਾਲੀ ਤੇ ਚੰਡੀਗੜ੍ਹ ਸੜਕ ਤੱਕ ਐਨਐਚ-205-ਏ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤੇ ਅਗਲੇ ਸਾਲ ਨਵੰਬਰ ਤੱਕ ਇਹ ਕੰਮ ਮੁਕੰਮਲ ਹੋਣ ਦੇ ਨੇੜੇ ਪਹੁੰਚ ਜਾਵੇਗਾ।
ਉਨ੍ਹਾਂ ਮੁਹਾਲੀ-ਸਰਹਿੰਦ ਐਨਐਚ-205-ਏਜੀ ਸੜਕ ਦੀ ਪ੍ਰਕਿਰਿਆ ਨੂੰ ਛੇਤੀ ਮੁਕੰਮਲ ਕਰਨ ਲਈ ਭਾਗੋ ਮਾਜਰਾ ਤੇ ਰਾਏਪੁਰ ਕਲਾਂ ਦੇ ਭੌਂ-ਪ੍ਰਾਪਤੀ ਐਵਾਰਡਾਂ ਨੂੰ ਜਲਦ ਐਲਾਨਣ ਦੇ ਆਦੇਸ਼ ਦੇਣ ਦੇ ਨਾਲ-ਨਾਲ ਹੁਣ ਤੱਕ 151.86 ਕਰੋੜ ’ਚੋਂ 132 ਕਰੋੜ ਰੁਪਏ ਦੀ ਰਾਸ਼ੀ ਮੁਅਵਜ਼ੇ ਵਜੋਂ ਵੰਡੇ ਜਾਣ ਬਾਰੇ ਦੱਸਿਆ। ਅੰਬਾਲਾ-ਚੰਡੀਗੜ੍ਹ ਗਰੀਨ ਫੀਲਡ ਦੇ ਮੁਹਾਲੀ ਵਿੱਚ ਪੈਂਦੇ ਹਿੱਸੇ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਲ 643 ਕਰੋੜ ’ਚੋਂ 515 ਕਰੋੜ ਰੁਪਏ ਦੇ ਮੁਆਵਜ਼ੇ ਦੀ ਵੰਡ ਕਰ ਦਿੱਤੀ ਗਈ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਫੇਜ਼-2 ਭੌਂ-ਗ੍ਰਹਿਣ ਦੇ ਮੁਆਵਜ਼ੇ ਦੀ ਵੰਡ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਰਹਿੰਦੇ ਪਲਾਟਾਂ ਦੀ 3ਏ ਨੋਟੀਫ਼ਿਕੇਸ਼ਨ ਦੀ ਪੜਤਾਲ ਮੁਕੰਮਲ ਕਰਨ ਲਈ ਕਿਹਾ। ਨੈਸ਼ਨਲ ਹਾਈਵੇਅ ਅਧਿਕਾਰੀਆਂ ਨੇ ਡੀਸੀ ਨੂੰ ਦੱਸਿਆ ਕਿ 26 ਕਿੱਲੋਮੀਟਰ ’ਚੋਂ 18.5 ਏਕੜ ਦਾ ਕਬਜ਼ਾ ਲੈ ਲਿਆ ਗਿਆ ਹੈ।