Sangrur News: ਚਿੱਟੇ ਕਾਰਨ ਨੌਜਵਾਨ ਦੀ ਮੌਤ, ਪਿੰਡ ਵਾਲੇ ਖੁਦ ਹੀ ਨਸ਼ਾ ਤਸਕਰ ਨੂੰ ਲੈ ਪਹੁੰਚੇ ਥਾਣੇ
ਅੱਜ ਪਿੰਡ ਦੇ ਨੌਜਵਾਨਾਂ ਨੇ ਟਰੈਪ ਲਾ ਕੇ ਇੱਕ ਨਸ਼ਾ ਤਸਕਰੀ ਕਰਨ ਵਾਲੇ ਨੂੰ ਰੰਗੇਂ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ। ਇਸ ਦੌਰਾਨ ਉਸ ਦੀ ਮਾਰ-ਕੁੱਟ ਕਰਨ ਉਪਰੰਤ ਥਾਣਾ ਲਹਿਰਾ ਫੜਾ ਦਿੱਤਾ।
Sangrur News: ਸੰਗਰੂਰ ਜ਼ਿਲ੍ਹੇ ਦੇ ਕਸਬੇ ਲਹਿਰਾਗਾਗਾ ਨੇੜਲੇ ਪਿੰਡ ਕੋਟੜਾ ਲਹਿਲ ਵਿੱਚ ਚਿੱਟੇ ਕਾਰਨ ਨੌਜਵਾਨ ਕਰਨਵੀਰ ਸਿੰਘ (22) ਦੀ ਮੌਤ ਹੋ ਗਈ। ਉਸ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ। ਇਸ ਦੀ ਪੁਸ਼ਟੀ ਪਿੰਡ ਵਾਲਿਆਂ ਵੱਲੋਂ ਕੀਤੀ ਗਈ, ਕਿਉਂਕਿ ਉਸ ਦਾ ਸਸਕਾਰ ਬਿਨਾਂ ਪੁਲਿਸ ਨੂੰ ਇਤਲਾਹ ਕੀਤੇ ਹੀ ਕਰ ਦਿੱਤਾ ਗਿਆ ਸੀ।
ਅੱਜ ਪਿੰਡ ਦੇ ਨੌਜਵਾਨਾਂ ਨੇ ਟਰੈਪ ਲਾ ਕੇ ਇੱਕ ਨਸ਼ਾ ਤਸਕਰੀ ਕਰਨ ਵਾਲੇ ਨੂੰ ਰੰਗੇਂ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ। ਇਸ ਦੌਰਾਨ ਉਸ ਦੀ ਮਾਰ-ਕੁੱਟ ਕਰਨ ਉਪਰੰਤ ਥਾਣਾ ਲਹਿਰਾ ਫੜਾ ਦਿੱਤਾ। ਉਸ ਉਪਰੰਤ ਸੈਂਕੜੇ ਨੌਜਵਾਨ ਤੇ ਬਜ਼ੁਰਗ ਪਿੰਡ ਦੇ ਹੋਰ ਨੌਜਵਾਨਾਂ ਨੂੰ ਬਚਾਉਣ ਖਾਤਰ ਇਕੱਠੇ ਹੋ ਕੇ ਥਾਣਾ ਲਹਿਰਾ ਪਹੁੰਚੇ।
ਇੱਥੇ ਨੌਜਵਾਨ ਆਗੂ ਗਮਦੂਰ ਸਿੰਘ, ਅਮਨਦੀਪ ਸਿੰਘ ਤੇ ਮਾਈ ਮਨਜੀਤ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਨਸ਼ੇ ਨਾਲ ਤਿੰਨ-ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਨੌਜਵਾਨ ਆਗੂ ਗਮਦੂਰ ਸਿੰਘ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਪਿੰਡ ਵਿੱਚ ਲੱਗੀ ਤਿੰਨ ਲੱਖ ਰੁਪਏ ਦੀ ਜਿੰਮ ਵੀ ਪੱਟ ਕੇ ਨਸ਼ਿਆਂ ਦੀ ਪੂਰਤੀ ਲਈ ਵੇਚ ਗਏ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਇੱਕ ਨੌਜਵਾਨ ਤੋਂ ਜਾਅਲੀ ਗਾਹਕ ਭੇਜ ਕੇ 2000 ਰੁਪਏ ਦਾ ਨਸ਼ਾ ਮੰਗਾ ਕੇ ਪੁਲਿਸ ਹਵਾਲੇ ਕੀਤਾ। ਉਪਰੋਕਤ ਆਗੂਆਂ ਨੇ ਮੰਗ ਕੀਤੀ ਕੀ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਵਿੱਚ ਹੋ ਰਹੀਆਂ ਨੌਜਵਾਨ ਮੌਤਾਂ ਨੂੰ ਠੱਲ੍ਹ ਪੈ ਸਕੇ।
ਇਸ ਸਬੰਧੀ ਥਾਣਾ ਮੁਖੀ ਲਹਿਰਾ ਇੰਸਪੈਕਟਰ ਰਣਬੀਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਪਿੰਡ ਕੋਟੜਾ ਲਹਿਲ ਦੇ ਕਾਫ਼ੀ ਗਿਣਤੀ ਵਿੱਚ ਲੋਕ ਆਏ ਹਨ। ਇਸ ਸਬੰਧੀ ਅਸੀਂ ਇੱਕ ਨੌਜਵਾਨ ਨੂੰ ਨਸ਼ਾ ਵੇਚਣ ਸਬੰਧੀ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ਉਨ੍ਹਾਂ ਉਕਤ ਨੌਜਵਾਨ ਦੀ ਮੌਤ ਸਬੰਧੀ ਕਿਹਾ ਕਿ ਸਾਨੂੰ ਇਸ ਸਬੰਧੀ ਕੋਈ ਇਤਲਾਹ ਨਹੀਂ ਦਿੱਤੀ ਗਈ।
ਉਨ੍ਹਾਂ ਪਿੰਡ ਵਿੱਚ ਨਸ਼ਿਆਂ ਖਿਲਾਫ ਕਮੇਟੀ ਬਣਾਉਣ ਲਈ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ, ਉੱਥੇ ਹੀ ਕਿਹਾ ਕਿ ਨਸ਼ਾ ਰੋਕੋ ਕਮੇਟੀਆਂ ਹਰੇਕ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਕਮੇਟੀਆਂ ਜਿੱਥੇ ਨਸ਼ਾ ਵੇਚਣ ਵਾਲਿਆਂ ਨੂੰ ਵਰਜ ਸਕਣ, ਉੱਥੇ ਹੀ ਸਾਨੂੰ ਵੀ ਇਤਲਾਹ ਕਰਨ।