Arvind Kejriwal ਦੇ ਸਾਰੇ ਦਾਅਵਿਆਂ ਦਾ ਨਿਕਲਿਆ ਦਮ? Exit Polls 'ਚ AAP ਦਾ ਹਾਲ-ਬੇਹਾਲ
Arvind Kejriwal AAP: ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਚੋਣ ਮੁਹਿੰਮ ‘ਜੇਲ੍ਹ ਦਾ ਜਵਾਬ ਵੋਟ’ ‘ਤੇ ਕੇਂਦਰਿਤ ਕਰ ਦਿੱਤੀ ਸੀ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਸੰਜੇ ਸਿੰਘ ਨੇ ਗੋਪਾਲ ਰਾਏ ਨਾਲ ਮਿਲ ਕੇ ਇਸ ਮੁਹਿੰਮ ‘ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ ਆਖਰੀ ਪੜਾਅ ਸ਼ਨੀਵਾਰ ਨੂੰ ਸਮਾਪਤ ਹੋ ਗਿਆ। ਦੇਰ ਸ਼ਾਮ ਕਈ ਐਗਜ਼ਿਟ ਪੋਲ ਸਾਹਮਣੇ ਆਏ ਹਨ। ਇਨ੍ਹਾਂ ਐਗਜ਼ਿਟ ਪੋਲ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਭਾਰੀ ਬਹੁਮਤ ਮਿਲਣ ਦੀ ਉਮੀਦ ਹੈ। ਲਗਭਗ ਸਾਰੇ ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 350+ ਸੀਟਾਂ ਦਿੱਤੀਆਂ ਗਈਆਂ ਹਨ। ਜਦੋਂ ਕਿ ਇੰਡੀਆ ਅਲਾਇੰਸ ਨੂੰ ਕਰੀਬ 150 ਸੀਟਾਂ ਦਿੱਤੀਆਂ ਗਈਆਂ ਹਨ। ਐਗਜ਼ਿਟ ਪੋਲ ‘ਚ ਆਮ ਆਦਮੀ ਪਾਰਟੀ (ਆਪ) ਸਭ ਤੋਂ ਬੁਰੀ ਹਾਲਤ ‘ਚ ਨਜ਼ਰ ਆ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਦੀ ਜਿੱਤ ਨੂੰ ਲੈ ਕੇ ਕਈ ਵਾਰ ਦਾਅਵੇ ਕਰ ਚੁੱਕੇ ਹਨ। ਪਰ ਐਗਜ਼ਿਟ ਪੋਲ ਦੇ ਅੰਦਾਜ਼ਿਆਂ ਮੁਤਾਬਕ ਉਨ੍ਹਾਂ ਦੇ ਦਾਅਵਿਆਂ ਵਿਚ ਕੋਈ ਕੋਈ ਦਮ ਨਜ਼ਰ ਨਹੀਂ ਆ ਰਿਹਾ।
ਦਿੱਲੀ ‘ਚ ‘AAP’ ਦੀ ਹਾਲਤ
ਸਭ ਤੋਂ ਪਹਿਲਾਂ ਦਿੱਲੀ ਦੀ ਗੱਲ ਕਰੀਏ। ਇੱਥੇ ‘ਆਪ’ ਨੇ 4 ਉਮੀਦਵਾਰ ਖੜ੍ਹੇ ਕੀਤੇ ਸਨ। ਲਗਭਗ ਸਾਰੇ ਐਗਜ਼ਿਟ ਪੋਲ ‘ਚ ਭਾਜਪਾ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ। ਨਿਊਜ਼18 ਨੇ ਭਵਿੱਖਬਾਣੀ ਕੀਤੀ ਹੈ ਕਿ ਭਾਜਪਾ ਨੂੰ ਪੰਜ ਤੋਂ ਸੱਤ ਸੀਟਾਂ ਮਿਲਣਗੀਆਂ ਅਤੇ ‘ਇੰਡੀਆ’ ਬਲਾਕ ਨੂੰ ਵੱਧ ਤੋਂ ਵੱਧ ਦੋ ਸੀਟਾਂ ਮਿਲਣਗੀਆਂ। TV9 Bharatvarsh-Pollstrat ਦੇ ਅਨੁਸਾਰ, ਭਾਜਪਾ ਸਾਰੀਆਂ ਸੱਤ ਸੀਟਾਂ ਜਿੱਤੇਗੀ। IndiaTV-CNX ਮੁਤਾਬਕ ਭਾਜਪਾ ਨੂੰ ਛੇ-ਸੱਤ ਸੀਟਾਂ ਮਿਲਣ ਦੀ ਸੰਭਾਵਨਾ ਹੈ।
ਚਾਂਦਨੀ ਚੌਕ ਵਿੱਚ ਕਾਂਗਰਸ ਪਾਰਟੀ ਦੇ ਜੇਪੀ ਅਗਰਵਾਲ ਦਾ ਭਾਜਪਾ ਦੇ ਪ੍ਰਵੀਨ ਖੰਡੇਲਵਾਲ ਨਾਲ ਮੁਕਾਬਲਾ ਹੈ। Republic Bharat-MATRIZE EXIT POLL ਦੇ ਅਨੁਸਾਰ, ਐਨਡੀਏ ਜਾਂ ਤਾਂ ਲਗਾਤਾਰ ਤੀਜੀ ਵਾਰ ਸਾਰੀਆਂ ਸੱਤ ਸੀਟਾਂ ਜਿੱਤ ਸਕਦੀ ਹੈ, ਜਾਂ ਦੋ ਸੀਟਾਂ ‘ਤੇ ਹਾਰ ਦਾ ਸਾਹਮਣਾ ਕਰ ਸਕਦੀ ਹੈ। ਇਸ ਹਿਸਾਬ ਨਾਲ ਦਿੱਲੀ ‘ਚ ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਪੰਜਾਬ ‘ਚ ‘AAP’ ਬੇਹਾਲ
‘INDIA’ ਗਠਜੋੜ ਦੇ ਮੈਂਬਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲੇ ਲੜ ਰਹੇ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਾਰੀਆਂ 13 ਸੀਟਾਂ ‘ਤੇ ਇਕੱਲੇ ਚੋਣ ਲੜ ਰਹੇ ਹਨ। ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 2 ਤੋਂ 4 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਕਾਂਗਰਸ ਨੂੰ 8 ਤੋਂ 10 ਸੀਟਾਂ ਮਿਲ ਸਕਦੀਆਂ ਹਨ। ਦੂਜੇ ਬੰਨੇ AAP ਨੂੰ 0 ਤੋਂ 1 ਸੀਟ ਆ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸੂਬੇ ਚ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਫਾਇਆ ਹੋਣ ਜਾ ਰਿਹਾ ਹੈ।
ਹਰਿਆਣਾ ‘ਚ ‘AAP’
ਭਾਜਪਾ ਦਾ ਗੜ੍ਹ ਰਹੇ ਹਰਿਆਣਾ ਵਿੱਚ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਚਾਣਕਿਆ ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਜਪਾ ਗਠਜੋੜ 10 ਵਿੱਚੋਂ 6 ਸੀਟਾਂ ਜਿੱਤੇਗਾ, ਜਦਕਿ ਕਾਂਗਰਸ 4 ਸੀਟਾਂ ਜਿੱਤ ਸਕਦੀ ਹੈ। ਮਤਲਬ, ‘ਆਪ’ ਨੂੰ ਇੱਥੇ ਵੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਹਰਿਆਣਾ ਵਿੱਚ ਇਸ ਵਾਰ ਭਾਜਪਾ, ਕਾਂਗਰਸ, ਇਨੈਲੋ ਅਤੇ ਜੇਜੇਪੀ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਇੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ਕਰਕੇ ਚੋਣ ਲੜੀ ਸੀ।
ਗੁਜਰਾਤ ‘ਚ ਝਾੜੂ ਦਾ ਨਹੀਂ ਕੋਈ ਅਸਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਦਾ ਐਗਜ਼ਿਟ ਪੋਲ ਬਹੁਤ ਦਿਲਚਸਪ ਹੈ। ਇੱਥੇ ਭਾਜਪਾ ਲਗਭਗ ਸਾਰੀਆਂ ਸੀਟਾਂ ‘ਤੇ ਇਕਪਾਸੜ ਕਬਜ਼ਾ ਕਰਦੀ ਨਜ਼ਰ ਆ ਰਹੀ ਹੈ। ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕਰਕੇ ਚੋਣਾਂ ਲੜੀਆਂ ਅਤੇ ਭਾਜਪਾ ਨੂੰ ਟੱਕਰ ਦਿੱਤੀ। ਆਮ ਆਦਮੀ ਪਾਰਟੀ ਨੇ ਭਰੂਚ ਅਤੇ ਭਾਵਨਗਰ ਸੀਟਾਂ ‘ਤੇ ਚੋਣ ਲੜੀ ਸੀ। ਬਾਕੀ ਸੀਟਾਂ ‘ਤੇ ਕਾਂਗਰਸ ਨੇ ਚੋਣ ਲੜੀ ਸੀ। ਇੱਥੇ ਵੀ ‘ਆਪ’ ਮੁਕਾਬਲੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ।