Congress Candidate: ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਤਿਆਰ, ਬੱਸ ਇੱਥੇ ਫਸਿਆ ਪੇਚ, ਅੰਮ੍ਰਿਤਸਰ, ਬਠਿੰਡਾ, ਆਨੰਦਪੁਰ ਸਾਹਿਬ ਤੇ ਜਲੰਧਰ 'ਚ ਆ ਸਕਦਾ ਸਿਆਸੀ ਭੂਚਾਲ
Congress Candidate List: ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ ਤਿਆਰ ਕਰ ਲਈ ਹੈ। ਪਾਰਟੀ ਹੁਣ ਕਿਸੇ ਵੇਲੇ ਵੀ ਪੰਜਾਬ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ।
Congress Candidate List: ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ ਤਿਆਰ ਕਰ ਲਈ ਹੈ। ਪਾਰਟੀ ਹੁਣ ਕਿਸੇ ਵੇਲੇ ਵੀ ਪੰਜਾਬ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਇਸ ਲਈ ਅੱਜ ਤੋਂ ਦਿੱਲੀ ਵਿੱਚ ਮੁੜ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਲੰਘੇ ਦਿਨ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਆਗੂ ਇਕੱਠੇ ਹੋਏ ਸੀ। ਸੂਬਾ ਇੰਚਾਰਜ ਦੇਵੇਂਦਰ ਯਾਦਵ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਰਿਪੋਰਟ ਤਿਆਰ ਕੀਤੀ ਹੈ। ਇਸ 'ਤੇ ਅੱਜ ਦਿੱਲੀ 'ਚ ਚਰਚਾ ਹੋ ਸਕਦੀ ਹੈ ਤੇ ਪਾਰਟੀ ਸੀਟਾਂ 'ਤੇ ਫੈਸਲਾ ਲਿਆ ਜਾ ਸਕਦਾ ਹੈ।
ਦੱਸ ਦਈਏ ਕਿ ਕਾਂਗਰਸ ਨੇ ਸੂਬੇ 'ਚ ਅਜੇ ਤੱਕ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਇੱਕ-ਇੱਕ ਸੀਟ ਤੋਂ ਕਈ-ਕਈ ਦਾਅਵੇਦਾਰ ਹੋਣਾ ਹੈ। ਹਾਲਾਂਕਿ ਹਾਈਕਮਾਂਡ ਨੇ ਮੌਜੂਦਾ ਪੰਜ ਸੰਸਦ ਮੈਂਬਰਾਂ ਨੂੰ ਟਿਕਟਾਂ ਦੇਣ ਦੀ ਗੱਲ ਕਹਿ ਕੇ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਹੈ। ਇਸ ਦੇ ਬਾਵਜੂਦ ਮੌਜੂਦਾ ਸੰਸਦ ਮੈਂਬਰਾਂ ਦੇ ਵਿਰੋਧੀ ਲੀਡਰ ਟਿਕਟਾਂ ਲਈ ਦਿੱਲੀ ਦੇ ਚੱਕਰ ਕੱਟ ਰਹੇ ਹਨ।
ਪਾਰਟੀ ਸੂਤਰਾਂ ਮੁਤਾਬਕ ਅੰਮ੍ਰਿਤਸਰ, ਬਠਿੰਡਾ, ਆਨੰਦਪੁਰ ਸਾਹਿਬ ਤੇ ਜਲੰਧਰ ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਟਿਕਟਾਂ ਲਈ ਕਾਫੀ ਕਸ਼ਮਕਸ਼ ਹੈ। ਪਤਾ ਲੱਗਾ ਹੈ ਕਿ ਇੰਚਾਰਜ ਦਵੇਂਦਰ ਯਾਦਵ, ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਟਿਕਟ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਹਰ ਲੀਡਰ ਆਪਣੇ ਨਾਲ ਲੋਕ ਸਭਾ ਹਲਕਿਆਂ ਦਾ ਸਮਰਥਨ ਲੈ ਕੇ ਆਇਆ ਸੀ।
ਦੱਸ ਦਈਏ ਕਿ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਹਨ ਪਰ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਵੀ ਟਿਕਟ ਦੇ ਚਾਹਵਾਨ ਹਨ। ਉਂਝ ਪਾਰਟੀ ਮੌਜੂਦਾ ਸੰਸਦ ਮੈਂਬਰ ਦੀ ਟਿਕਟ ਕੱਟਣਾ ਨਹੀਂ ਚਾਹੁੰਦੀ ਕਿਉਂਕਿ ਦੋ ਵਾਰ ਜਿੱਤੇ ਔਜਲਾ ਦਾ ਸ਼ਹਿਰ ਵਿੱਚ ਚੰਗਾ ਪ੍ਰਭਾਵ ਹੈ।
ਇਸੇ ਤਰ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ਾਂਤ ਬੈਠੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੁਝ ਦਿਨਾਂ ਤੋਂ ਜਲੰਧਰ 'ਚ ਸਰਗਰਮ ਹਨ। ਉਹ ਧਾਰਮਿਕ ਡੇਰਿਆਂ ਦਾ ਵੀ ਦੌਰਾ ਕਰ ਰਹੇ ਹਨ ਤੇ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹਨ। ਫਿਲਹਾਲ ਉਹ ਆਪਣੇ ਆਪ ਨੂੰ ਪਾਰਟੀ ਟਿਕਟ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਦੱਸ ਰਹੇ ਹਨ।
ਦੂਜੇ ਪਾਸੇ ਚੌਧਰੀ ਪਰਿਵਾਰ ਉਨ੍ਹਾਂ ਦੀ ਇਸ ਕਾਰਵਾਈ ਤੋਂ ਨਾਖੁਸ਼ ਹੈ। ਬੀਤੇ ਕੱਲ੍ਹ ਸੰਤੋਖ ਚੌਧਰੀ ਦੇ ਪੁੱਤਰ ਵਿਧਾਇਕ ਵਿਕਰਮ ਚੌਧਰੀ ਨੇ ਚੀਫ਼ ਵੀਪੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੌਧਰੀ ਪਰਿਵਾਰ ਦਾ ਅਗਲਾ ਕਦਮ ਹੁਣ ਕਾਂਗਰਸ ਨੂੰ ਸਿੱਧਾ ਨੁਕਸਾਨ ਪਹੁੰਚਾ ਸਕਦਾ ਹੈ।
ਪੰਜਾਬ ਦੀ ਸੀਟ ਵੰਡ ਵਿੱਚ ਦੇਵੇਂਦਰ ਯਾਦਵ ਤੇ ਰਾਜਾ ਵੜਿੰਗ ਸਭ ਤੋਂ ਅਹਿਮ ਯੋਗਦਾਨ ਪਾ ਰਹੇ ਹਨ। ਅਜਿਹੇ 'ਚ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਬਠਿੰਡਾ ਤੋਂ ਆਪਣਾ ਦਾਅਵਾ ਪੇਸ਼ ਕੀਤਾ ਹੈ। ਦੂਜੇ ਪਾਸੇ ਅਜੀਤ ਇੰਦਰ ਸਿੰਘ ਮੋਫਰ ਨੇ ਵੀ ਇੱਥੋਂ ਦਾਅਵਾ ਪੇਸ਼ ਕੀਤਾ ਹੈ। ਮੋਫਰ ਸਾਬਕਾ ਵਿਧਾਇਕ ਰਹਿ ਚੁੱਕੇ ਹਨ ਤੇ ਪਿੰਡਾਂ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ।
ਉਧਰ, ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਆਪਣੇ ਹਲਕੇ ਦੇ ਆਗੂਆਂ ਨੂੰ ਵੀ ਮਿਲ ਰਹੇ ਹਨ ਪਰ ਇੱਥੇ ਕਾਂਗਰਸ ਬਲਬੀਰ ਸਿੰਘ ਸਿੱਧੂ ਤੇ ਰਾਣਾ ਗੁਰਜੀਤ ਸਿੰਘ ਦੇ ਦਾਅਵਿਆਂ ਨੂੰ ਹਲਕੇ ਵਿੱਚ ਨਹੀਂ ਲੈ ਰਹੀ। ਇਨ੍ਹਾਂ ਦੋਵਾਂ ਆਗੂਆਂ ਦੀ ਹਾਈਕਮਾਂਡ ਵਿੱਚ ਵੀ ਚੰਗੀ ਪਕੜ ਹੈ। ਇਸ ਲਈ ਉਹ ਲਗਾਤਾਰ ਦਿੱਲੀ ਦੇ ਸੰਪਰਕ ਵਿੱਚ ਹਨ।