Punjab Election: ਭਾਜਪਾ ਉਮੀਦਵਾਰ ਐੱਸਆਰ ਲੱਧੜ 'ਤੇ ਹਮਲਾ, ਸਮਰਥਕਾਂ ਨੇ ਲਾਏ ਵਿਰੋਧੀਆਂ 'ਤੇ ਇਲਜ਼ਾਮ
Attack on BJP Candidate: ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਲੁਧਿਆਣਾ ਵਿੱਚ ਬੀਜੇਪੀ ਉਮੀਦਵਾਰ 'ਤੇ ਹਮਲਾ ਹੋਇਆ। ਪੀਐਮ ਮੋਦੀ ਚਾਰ ਦਿਨਾਂ ਵਿੱਚ ਪੰਜਾਬ ਵਿੱਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ।
ਲੁਧਿਆਣਾ: ਦੇਰ ਰਾਤ ਲੁਧਿਆਣਾ ਦੇ ਗਿੱਲ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਐੱਸਆਰ ਲੱਧੜ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਜਿਨ੍ਹਾਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਕੁਝ ਘੰਟਿਆਂ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਸਮਰਥਕਾਂ ਦਾ ਦੋਸ਼ ਸੀ ਕਿ ਪਿੰਡ ਖੇਡ਼ੀ ਝਮੇਡ਼ੀ ਚ ਪ੍ਰਚਾਰ ਦੌਰਾਨ ਉਨ੍ਹਾਂ ਉੱਪਰ ਕੁਝ ਲੋਕਾਂ ਨੇ ਹਮਲਾ ਕੀਤਾ।
ਇਸ ਘਟਨਾ ਤੋਂ ਬਾਅਦ ਮੌਕੇ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਮੀਨਾਕਸ਼ੀ ਲੇਖੀ ਪਹੁੰਚੇ ਜਿਨ੍ਹਾਂ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਸਿੱਧੇ ਤੌਰ 'ਤੇ ਕਾਂਗਰਸ ਦੇ ਵੀ ਦੋਸ਼ ਲਾਏ।
ਉੱਥੇ ਹੀ ਦੇਰ ਰਾਤ ਹਸਪਤਾਲ ਪੁੱਜੇ ਜੁਆਇੰਟ ਕਮਿਸ਼ਨਰ ਦਿਹਾਤੀ ਰਵਚਰਨ ਸਿੰਘ ਬਰਾੜ ਨੇ ਸਪਸ਼ਟ ਕੀਤਾ ਕਿ ਐਮਐਲਆਰ ਦੀ ਰਿਪੋਰਟ ਮੁਤਾਬਕ ਕੋਈ ਵੱਡੀ ਸੱਟ ਨਹੀਂ ਵੱਜੀ। ਲੱਧੜ ਖ਼ੁਦ ਚੱਲ ਕੇ ਹਸਪਤਾਲ ਆਏ ਸੀ ਅਤੇ ਉਨ੍ਹਾਂ ਨੂੰ ਪੂਰੀ ਹੋਸ਼ ਹੈ।
ਉਧਰ ਘਟਨਾ ਦੀ ਪੁਸ਼ਟੀ ਕਰਦਿਆਂ ਇਲਾਕੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੱਧੜ ਦੀ ਕਾਰ 'ਤੇ ਕੁਝ ਲੋਕਾਂ ਨੇ ਇੱਟਾਂ ਨਾਲ ਹਮਲਾ ਕੀਤਾ, ਜਿਸ ਨਾਲ ਭਾਜਪਾ ਉਮੀਦਵਾਰ ਜ਼ਖ਼ਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਲੱਧੜ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ 63 ਸਾਲਾ ਲੱਧੜ ਇੱਕ ਸੇਵਾਮੁਕਤ ਅਧਿਕਾਰੀ ਹਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਲੁਧਿਆਣਾ ਦੀ ਗਿੱਲ ਰਾਖਵੀਂ ਸੀਟ ਤੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਭਾਜਪਾ ਦੀ ਚੋਣ ਰੈਲੀ ਵਿੱਚ ਸ਼ਾਮਲ ਹੋਏ ਸੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕੀਤਾ ਸੀ।
ਇਹ ਹਮਲਾ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਹੋਇਆ ਹੈ। ਪੀਐਮ ਮੋਦੀ ਅਗਲੇ ਚਾਰ ਦਿਨਾਂ ਵਿੱਚ ਪੰਜਾਬ ਵਿੱਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਪੀਐਮ ਮੋਦੀ ਦੀ 14 ਫਰਵਰੀ ਨੂੰ ਜਲੰਧਰ, 16 ਫਰਵਰੀ ਨੂੰ ਪਠਾਨਕੋਟ ਅਤੇ 17 ਨੂੰ ਫਾਜ਼ਿਲਕਾ ਵਿੱਚ ਰੈਲੀ ਹੈ।
ਇਹ ਵੀ ਪੜ੍ਹੋ: IPL Auction: ਖ਼ਤਮ ਹੋਇਆ ਆਈਪੀਐਲ ਲਈ ਨਿਲਾਮੀ ਦਾ ਖੇਡ, ਜਾਣੋ ਕਿਸ ਟੀਮ ਨੇ ਹਾਸਲ ਕੀਤਾ ਕਿਹੜਾ ਖਿਡਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin