Punjab Election Result 2022: ਸਿੱਧੂ ਤੇ ਬਿਕਰਮ ਮਜੀਠੀਆ ਚੋਂ ਇੱਕ ਦੀ ਹੋ ਰਹੀ ਸੀ ਜਿੱਤ ਦੀ ਗੱਲ , 'ਆਪ' ਨੇ ਕੀਤਾ ਪੱਤਾ ਸਾਫ
Punjab Elections Results: ਪੰਜਾਬ ਦੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਰਾਜ ਦੀ ਹਾਈ ਪ੍ਰੋਫਾਈਲ ਸੀਟ ਸੀ। ਇੱਥੋਂ ਦਿੱਗਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਮੈਦਾਨ ਵਿੱਚ ਸਨ

Punjab Elections Results: ਪੰਜਾਬ ਦੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਰਾਜ ਦੀ ਹਾਈ ਪ੍ਰੋਫਾਈਲ ਸੀਟ ਸੀ। ਇੱਥੋਂ ਦਿੱਗਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਮੈਦਾਨ ਵਿੱਚ ਸਨ। ਦੋਵੇਂ ਸੂਬੇ ਦੇ ਦਿੱਗਜ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਇਸ ਸੀਟ 'ਤੇ ਸਿੱਧਾ ਮੁਕਾਬਲਾ ਇਨ੍ਹਾਂ ਦੋਵਾਂ ਉਮੀਦਵਾਰਾਂ ਵਿਚਾਲੇ ਸੀ। ਪਰ ਬਾਜ਼ੀ ਇੱਕ ਅਜਿਹੇ ਨੇਤਾ ਨੇ ਜਿੱਤੀ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਨੇ ਦੋਵੇਂ ਦਿੱਗਜ ਆਗੂਆਂ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਜੀਵਨ ਜੋਤ ਕੌਰ ਨੂੰ 39,679 ਵੋਟਾਂ ਮਿਲੀਆਂ ਜਦਕਿ ਨਵਜੋਤ ਸਿੰਘ ਸਿੱਧੂ ਨੂੰ 32929 ਵੋਟਾਂ ਮਿਲੀਆਂ। ਬਿਕਰਮ ਮਜੀਠੀਆ ਨੂੰ 25188 ਵੋਟਾਂ ਮਿਲੀਆਂ। ਉਹ ਤੀਜੇ ਸਥਾਨ 'ਤੇ ਰਹੇ।
ਅੰਮ੍ਰਿਤਸਰ ਪੂਰਬੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਆਪਣੇ ਸਾਲੇ ਅਤੇ ਮਜੀਠਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਸੁਰੱਖਿਅਤ ਸੀਟ ਮਜੀਠਾ ਛੱਡ ਦਿੱਤੀ ਹੈ। ਇੱਥੋਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਚੋਣ ਲੜੀ ਅਤੇ 25,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

ਸਿੱਧੂ ਅੱਜ ਤੱਕ ਨਹੀਂ ਹਾਰੇ ਸਨ ਕੋਈ ਚੋਣ
ਨਵਜੋਤ ਸਿੰਘ ਸਿੱਧੂ ਸਾਲ 2004 ਵਿੱਚ ਸਿਆਸਤ ਵਿੱਚ ਆਏ ਅਤੇ ਦਬਦਬਾ ਬਣਾਇਆ। ਉਨ੍ਹਾਂ ਅੰਮ੍ਰਿਤਸਰ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਅਤੇ ਕਾਂਗਰਸ ਦੇ ਆਰ.ਐਲ.ਭਾਟੀਆ ਨੂੰ 90 ਹਜ਼ਾਰ ਵੋਟਾਂ ਨਾਲ ਹਰਾਇਆ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਫਿਰ ਜਿੱਤੇ ਪਰ 2014 ਵਿੱਚ ਭਾਜਪਾ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ। ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਰਾਹੀਂ ਸੰਸਦ ਭੇਜਿਆ ਸੀ।
ਸਿੱਧੂ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਲੜੀ। ਉਨ੍ਹਾਂ ਨੂੰ 60 ਹਜ਼ਾਰ 477 ਵੋਟਾਂ ਮਿਲੀਆਂ। ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਰਾਜੇਸ਼ ਕੁਮਾਰ ਹਨੀ ਨੂੰ 42 ਹਜ਼ਾਰ 809 ਵੋਟਾਂ ਨਾਲ ਹਰਾਇਆ। ਹਨੀ ਨੂੰ ਸਿਰਫ਼ 17,668 ਵੋਟਾਂ ਮਿਲੀਆਂ। ਤੀਜੇ ਨੰਬਰ 'ਤੇ ਆਮ ਆਦਮੀ ਪਾਰਟੀ ਦੇ ਸਰਬਜੋਤ ਧੰਜਲ ਰਹੇ, ਜਿਨ੍ਹਾਂ ਨੂੰ 14 ਹਜ਼ਾਰ 715 ਵੋਟਾਂ ਮਿਲੀਆਂ। ਯਾਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਤੱਕ ਕੋਈ ਚੋਣ ਨਹੀਂ ਹਾਰੇ।




















