Dharmendra: ਚਮਕੀਲੇ ਤੋਂ ਬਾਅਦ ਧਰਮਿੰਦਰ ਦੇ ਭਰਾ ਵਰਿੰਦਰ ਸਿੰਘ ਦਾ ਵੀ ਖਾੜਕੂਆਂ ਨੇ ਬੇਰਹਿਮੀ ਨਾਲ ਕੀਤਾ ਸੀ ਕਤਲ, ਫਿਲਮ ਸੈੱਟ 'ਤੇ ਮਾਰੀਆਂ ਸੀ ਗੋਲੀਆਂ
Amar Singh Chamkila: ਚਮਕੀਲੇ ਦਾ ਕਤਲ 1988 'ਚ 27 ਸਾਲ ਦੀ ਉਮਰ 'ਚ ਹੋਇਆ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸੇ ਸਾਲ (1988) 'ਚ ਖਾੜਕੂਆਂ ਨੇ ਬਾਲੀਵੁੱਡ ਐਕਟਰ ਧਰਮਿੰਦਰ ਦੇ ਭਰਾ ਵਰਿੰਦਰ ਸਿੰਘ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
Dharmendra Cousin Brother Varinder Singh Murder: ਪੰਜਾਬੀ ਇੰਡਸਟਰੀ ਦੇ 80 ਦੇ ਦਹਾਕਿਆਂ ਦੇ ਰੌਕਸਟਾਰ ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਸੁਰਖੀਆਂ 'ਚ ਛਾਇਆ ਹੋਇਆ ਹੈ। ਚਮਕੀਲੇ ਦੀ ਬਾਇਓਪਿਕ ਨੈੱਟਫਲਿਕਸ 'ਤੇ 12 ਅਪ੍ਰੈਲ ਨੂੰ ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਦੀ ਕਹਾਣੀ ਚਮਕੀਲੇ ਤੇ ਅਮਰਜੋਤ ਦੀ ਲਵ ਸਟੋਰੀ, ਉਨ੍ਹਾਂ ਦੇ ਸੰਗੀਤਕ ਸਫਰ, ਅਖਾੜਿਆਂ ਤੇ ਉਨ੍ਹਾਂ ਦੇ ਕਤਲ ਦੇ ਆਲੇ ਦੁਆਲੇ ਘੁੰਮਦੀ ਹੈ।
ਚਮਕੀਲੇ ਦਾ ਕਤਲ 1988 'ਚ ਸਿਰਫ 27 ਸਾਲ ਦੀ ਉਮਰ 'ਚ ਹੋਇਆ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸੇ ਸਾਲ (1988) 'ਚ ਖਾੜਕੂਆਂ ਨੇ ਬਾਲੀਵੁੱਡ ਐਕਟਰ ਧਰਮਿੰਦਰ ਦੇ ਭਰਾ ਵਰਿੰਦਰ ਸਿੰਘ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕਿਉਂਕਿ 80 ਦੇ ਦਹਾਕਿਆਂ ਦਾ ਸਮਾਂ ਅਜਿਹਾ ਸੀ ਕਿ ਉਸ ਸਮੇਂ ਖਾੜਕੂ ਪੰਜਾਬ 'ਚ ਸਰਗਰਮ ਸਨ ਤੇ ਪੂਰੇ ਸੂਬੇ 'ਚ ਉਨ੍ਹਾਂ ਦੀ ਦਹਿਸ਼ਤ ਸੀ। ਉਨ੍ਹਾਂ ਦਾ ਜਿਸ ਨੂੰ ਦਿਲ ਕਰਦਾ ਸੀ, ਉਸੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸੀ। ਵਰਿੰਦਰ ਸਿੰਘ ਵੀ ਖਾੜਕੂਆਂ ਦੀ ਇਸੇ ਦਰਿੰਦਗੀ ਦਾ ਸ਼ਿਕਾਰ ਹੋਏ ਸੀ। ਵਰਿੰਦਰ ਨੂੰ ਉਨ੍ਹਾਂ ਦੀ ਫਿਲਮ ਦੇ ਸੈੱਟ 'ਤੇ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਪੰਜਾਬੀ ਸਿਨੇਮਾ ਦਾ ਸਿਤਾਰਾ ਸੀ ਵਰਿੰਦਰ
ਦਰਅਸਲ, ਇੱਕ ਸਮਾਂ ਸੀ ਜਦੋਂ ਧਰਮਿੰਦਰ ਦਾ ਭਰਾ ਵਰਿੰਦਰ ਸਿੰਘ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਹੁੰਦਾ ਸੀ। ਵਰਿੰਦਰ ਦਿਖਣ 'ਚ ਵੀ ਧਰਮਿੰਦਰ ਵਰਗੇ ਹੀ ਲੱਗਦੇ ਸੀ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਦਾ ਧਰਮਿੰਦਰ ਵੀ ਕਿਹਾ ਜਾਂਦਾ ਸੀ। ਵਰਿੰਦਰ ਨਾ ਸਿਰਫ ਇੱਕ ਮਹਾਨ ਅਭਿਨੇਤਾ ਸੀ, ਸਗੋਂ ਇੱਕ ਮਹਾਨ ਫਿਲਮ ਨਿਰਮਾਤਾ ਵੀ ਸੀ। ਜਿਨ੍ਹਾਂ ਨੇ 25 ਫਿਲਮਾਂ ਬਣਾਈਆਂ ਅਤੇ ਸਾਰੀਆਂ ਸੁਪਰਹਿੱਟ ਸਾਬਤ ਹੋਈਆਂ।
ਇਸ ਫਿਲਮ ਦੇ ਸੈੱਟ 'ਤੇ ਕੀਤੀ ਗਈ ਸੀ ਵਰਿੰਦਰ ਦੀ ਹੱਤਿਆ
ਹੌਲੀ-ਹੌਲੀ ਵਰਿੰਦਰ ਸਿੰਘ ਇੰਡਸਟਰੀ 'ਚ ਸਫਲ ਹੋਣ ਲੱਗੇ ਅਤੇ ਇਹ ਸਫਲਤਾ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। ਕਿਹਾ ਜਾਂਦਾ ਹੈ ਕਿ ਲੋਕ ਵਰਿੰਦਰ ਦੀ ਕਾਮਯਾਬੀ ਤੋਂ ਈਰਖਾ ਕਰਦੇ ਸਨ। ਫਿਰ 6 ਦਸੰਬਰ 1988 ਨੂੰ ਵਰਿੰਦਰ ਦੀ ਜ਼ਿੰਦਗੀ 'ਚ ਉਹ ਪਲ ਆਇਆ। ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ।
ਦਰਅਸਲ ਫਿਲਮ 'ਜੱਟ ਤੇ ਜ਼ਮੀਨ' ਦੀ ਸ਼ੂਟਿੰਗ ਦੌਰਾਨ ਵਰਿੰਦਰ ਸਿੰਘ ਦੀ ਸੈੱਟ 'ਤੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਖਬਰ ਨੇ ਨਾ ਸਿਰਫ ਪੰਜਾਬੀ ਇੰਡਸਟਰੀ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ, ਸਗੋਂ ਧਰਮਿੰਦਰ ਵੀ ਆਪਣੇ ਭਰਾ ਨੂੰ ਗੁਆਉਣ ਤੋਂ ਬਾਅਦ ਬਹੁਤ ਟੁੱਟ ਗਏ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਰਿੰਦਰ ਨੂੰ ਕਿਸ ਨੇ ਮਾਰਿਆ, ਇਹ ਅੱਜ ਤੱਕ ਭੇਤ ਬਣਿਆ ਹੋਇਆ ਹੈ, ਕਿਉਂਕਿ ਉਸ ਸਮੇਂ ਪੰਜਾਬ ਵਿਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਸਨ।