ਅੱਜ ਸਿੱਧੂ ਮੂਸੇਵਾਲਾ ਦੇ ਘਰ ਦੁੱਖ ਸਾਂਝਾ ਕਰਨ ਪਹੁੰਚਣਗੇ ਬਾਲੀਵੁੱਡ ਐਕਟਰ ਸੰਜੇ ਦੱਤ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਅਚਾਨਕ ਹੋਈ ਮੌਤ ਨੇ ਪੰਜਾਬ ਦੇ ਹਰ ਦਿਲ ਨੂੰ ਤੋੜ ਦਿੱਤਾ ਹੈ। ਇਸ ਵੇਲੇ ਸਿਰਫ਼ ਮਾਨਸਾ ਹੀ ਨਹੀਂ, ਸਗੋਂ ਪੂਰਾ ਪੰਜਾਬ, ਅਸਲ ਵਿੱਚ ਪੂਰਾ ਦੇਸ਼ ਮੂਸੇਵਾਲਾ ਦੀ ਮੌਤ ਮਗਰੋਂ ਸੋਗ ਮਨਾ ਰਿਹਾ ਹੈ।
ਮਾਨਸਾ/ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਅਚਾਨਕ ਹੋਈ ਮੌਤ ਨੇ ਪੰਜਾਬ ਦੇ ਹਰ ਦਿਲ ਨੂੰ ਤੋੜ ਦਿੱਤਾ ਹੈ। ਇਸ ਵੇਲੇ ਸਿਰਫ਼ ਮਾਨਸਾ ਹੀ ਨਹੀਂ, ਸਗੋਂ ਪੂਰਾ ਪੰਜਾਬ, ਅਸਲ ਵਿੱਚ ਪੂਰਾ ਦੇਸ਼ ਮੂਸੇਵਾਲਾ ਦੀ ਮੌਤ ਮਗਰੋਂ ਸੋਗ ਮਨਾ ਰਿਹਾ ਹੈ। ਇਸ ਔਖੇ ਸਮੇਂ ਵਿੱਚ, ਸਿੱਧੂ ਦੇ ਪਰਿਵਾਰ ਨੂੰ ਉਸਦੇ ਪ੍ਰਸ਼ੰਸਕਾਂ, ਫੈਨਸ ਅਤੇ ਸਹਿਯੋਗੀਆਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਹੈ।ਅੱਜ ਬਾਲੀਵੁੱਡ ਸਟਾਰ ਸੰਜੇ ਦੱਤ ਵੀ ਮਰਹੂਮ ਗਾਇਕ ਦੇ ਮਾਤਾ-ਪਿਤਾ ਨੂੰ ਮਿਲਣ ਲਈ ਪੰਜਾਬ ਪਹੁੰਚ ਰਹੇ ਹਨ।ਉਨ੍ਹਾਂ 9 ਵਜੇ ਤੱਕ ਪਿੰਡ ਮੂਸਾ ਪਹੁੰਚਣਾ ਸੀ ਅਤੇ ਉਹ ਕਿਸੇ ਵੇਲੇ ਵੀ ਸਿੱਧੂ ਦੇ ਘਰ ਪਹੁੰਚ ਸਕਦੇ ਹਨ।
ਸੰਜੇ ਦੱਤ ਨੂੰ ਜਦੋਂ ਸਿੱਧੂ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਬਾਕੀਆਂ ਵਾਂਗ ਉਹ ਵੀ ਸਦਮੇ ਵਿੱਚ ਸਨ ਅਤੇ ਇੱਕ ਟਵੀਟ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ - “#SidhuMoosewala ਬਾਰੇ ਸੁਣ ਕੇ ਹੈਰਾਨ ਹਾਂ, ਇੱਕ ਮਹਾਨ ਟੈਲੰਟ ਬਹੁਤ ਜਲਦੀ ਖਤਮ ਹੋ ਗਿਆ। ਵਾਹਿਗੁਰੂ ਉਹਨਾਂ ਦੇ ਪਰਿਵਾਰ ਅਤੇ ਕਰੀਬੀਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਬਲ ਬਖਸ਼ਣ!”
ਇੱਕ ਸਮਾਂ ਸੀ ਜਦੋਂ ਸਿੱਧੂ ਮੂਸੇ ਵਾਲਾ ਆਪਣੀ ਤੁਲਨਾ ਸੰਜੇ ਦੱਤ ਨਾਲ ਕਰਦਾ ਸੀ। ਉਸਨੇ 'ਸੰਜੂ' ਗੀਤ ਰਿਲੀਜ਼ ਕੀਤਾ, ਜਿਸ ਵਿੱਚ ਉਸਨੇ ਸੰਜੇ ਦੱਤ ਦੀ 1993 ਦੀ ਗ੍ਰਿਫਤਾਰੀ ਦੀ ਇੱਕ ਕਲਿੱਪ ਸਾਂਝੀ ਕੀਤੀ। ਇਸਦੇ ਨਾਲ ਹੀ ਉਸਨੇ "ਗਭਰੂ ਤੇ ਕੇਸ ਜਹਿੜਾ ਸੰਜੇ ਦੱਤ ਤੇ" ਦੀਆਂ ਲਾਈਨਾਂ ਦੀ ਵਰਤੋਂ ਕੀਤੀ ਸੀ। ਗੀਤ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਕਾਫੀ ਵਿਵਾਦਾਂ 'ਚ ਫਸ ਗਏ ਸਨ।
ਬੀਤੀ ਐਤਵਾਰ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ 'ਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।ਉਹ ਆਪਣੇ ਦੋ ਸਾਥੀਆਂ ਨਾਲ ਥਾਰ ਗੱਡੀ 'ਚ ਸਵਾਰ ਸੀ। ਹਮਲਾਵਰਾਂ ਨੇ ਗੱਡੀ ਘੇਰ ਕੇ ਗੋਲੀਆਂ ਚਲਾਈਆਂ ਅਤੇ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਫਰਾਰ ਹੋ ਗਏ।ਸਿੱਧੂ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ ਤੇ ਅੰਤਰਰਾਸ਼ਟਰੀ ਕਲਾਕਾਰ ਵੀ ਸਦਮੇ ਵਿੱਚ ਹਨ।