Govinda Gets Discharge: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਨੂੰ ਸ਼ੁੱਕਰਵਾਰ (4 ਅਕਤੂਬਰ) ਨੂੰ ਮੁੰਬਈ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੱਸ ਦੇਈਏ ਕਿ ਮੰਗਲਵਾਰ ਨੂੰ ਜਦੋਂ ਗੋਵਿੰਦਾ ਘਰੋਂ ਏਅਰਪੋਰਟ ਲਈ ਰਵਾਨਾ ਹੋਣ ਜਾ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੇ ਰਿਵਾਲਵਰ ਤੋਂ ਫਾਇਰ ਹੋ ਗਿਆ, ਜਿਸ ਨਾਲ ਉਹ ਜ਼ਖਮੀ ਹੋ ਗਏ ਸੀ। ਫਿਲਹਾਲ ਗੋਲੀ ਲੱਗਣ ਤੋਂ ਬਾਅਦ ਅਦਾਕਾਰ ਪ੍ਰਸ਼ੰਸਕਾਂ ਦੇ ਸਾਹਮਣੇ ਆਇਆ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰ ਨੂੰ ਠੀਕ ਵੇਖ ਪ੍ਰਸ਼ੰਸਕਾਂ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ।
ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਮੈਂਬਰ ਗੋਵਿੰਦਾ ਦੀ ਮੰਗਲਵਾਰ (1 ਅਕਤੂਬਰ) ਨੂੰ ਇੱਕ ਨਿੱਜੀ ਹਸਪਤਾਲ ਵਿੱਚ ਸਰਜਰੀ ਹੋਈ ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਗੋਵਿੰਦਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੱਬੀ ਲੱਤ ਨੂੰ ਪਲਾਸਟਰ ਬੰਨ੍ਹੇ ਵ੍ਹੀਲਚੇਅਰ 'ਤੇ ਹਸਪਤਾਲ ਤੋਂ ਬਾਹਰ ਲਿਆਂਦਾ ਸੀ। ਅਭਿਨੇਤਾ, ਜੋ ਪਤਨੀ ਸੁਨੀਤਾ ਆਹੂਜਾ ਅਤੇ ਬੇਟੀ ਟੀਨਾ ਆਹੂਜਾ ਦੇ ਨਾਲ ਸੀ, ਉਨ੍ਹਾਂ ਨੇ ਮੀਡੀਆ ਕਰਮਚਾਰੀਆਂ ਅਤੇ ਉਸਦੇ ਪ੍ਰਸ਼ੰਸਕਾਂ ਨੂੰ ਹੱਥ ਜੋੜ ਕੇ ਧੰਨਵਾਦ ਕੀਤਾ।
ਛੁੱਟੀ ਮਿਲਣ ਤੋਂ ਬਾਅਦ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਮੈਂ ਮੀਡੀਆ, ਅਧਿਕਾਰੀਆਂ ਅਤੇ ਮੇਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਬਹੁਤ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਦੀਆਂ ਸ਼ੁਭਕਾਮਨਾਵਾਂ ਨਾਲ ਮੈਂ ਅੱਜ ਪੂਰੀ ਤਰ੍ਹਾਂ ਠੀਕ ਹਾਂ।" ਇਸ ਤੋਂ ਪਹਿਲਾਂ ਸੁਨੀਤਾ ਆਹੂਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਵਿੰਦਾ ਨੂੰ ਘੱਟੋ-ਘੱਟ ਛੇ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਹਾਦਸਾ ਕਿਵੇਂ ਹੋਇਆ?
ਗੋਵਿੰਦਾ ਸਵੇਰੇ 4.30 ਵਜੇ ਘਰੋਂ ਨਿਕਲਣ ਤੋਂ ਪਹਿਲਾਂ ਆਪਣਾ ਰਿਵਾਲਵਰ ਅਲਮਾਰੀ ਵਿੱਚ ਸੂਟਕੇਸ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਰਿਵਾਲਵਰ ਹੇਠਾਂ ਡਿੱਗ ਗਿਆ ਅਤੇ ਗਲਤ ਫਾਇਰ ਹੋ ਗਿਆ। ਪੁਲਿਸ ਦੇ ਅੰਗ ਰੱਖਿਅਕ ਗੋਵਿੰਦਾ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲੈ ਗਏ ਅਤੇ ਪੁਲਿਸ ਕੰਟਰੋਲ ਨੂੰ ਘਟਨਾ ਦੀ ਸੂਚਨਾ ਦਿੱਤੀ।