Kangana Ranaut Controversy: ਸਿੱਖਾਂ ਖਿਲਾਫ ਟਿੱਪਣੀਆਂ 'ਤੇ ਘਿਰੀ ਕੰਗਨਾ ਰਣੌਤ ਨੇ ਸ਼ਾਂਤੀ-ਸਦਭਾਵਨਾ ਕਮੇਟੀ ਤੋਂ ਮੰਗਿਆ ਹੋਰ ਸਮਾਂ
ਸੋਸ਼ਲ ਮੀਡੀਆ ’ਤੇ ਸਿੱਖਾਂ ਬਾਰੇ ਇਤਰਾਜ਼ਯੋਗ ਪੋਸਟਾਂ ਪਾਉਣ ਦੇ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ-ਸਦਭਾਵਨਾ ਕਮੇਟੀ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਤਲਬ ਕੀਤਾ ਸੀ।
ਨਵੀਂ ਦਿੱਲੀ: ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ-ਸਦਭਾਵਨਾ ਕਮੇਟੀ ਅੱਗੇ ਪੇਸ਼ ਨਹੀਂ ਹੋਈ। ਉਸ ਨੇ ਕਮੇਟੀ ਤੋਂ ਹੋਰ ਸਮਾਂ ਮੰਗਿਆ ਹੈ। ਸੋਸ਼ਲ ਮੀਡੀਆ ’ਤੇ ਸਿੱਖਾਂ ਬਾਰੇ ਇਤਰਾਜ਼ਯੋਗ ਪੋਸਟਾਂ ਪਾਉਣ ਦੇ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ-ਸਦਭਾਵਨਾ ਕਮੇਟੀ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਤਲਬ ਕੀਤਾ ਸੀ।
ਕਮੇਟੀ ਦੇ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਅਦਾਕਾਰਾ ਦੇ ਕਮੇਟੀ ਅੱਗੇ ਪੇਸ਼ ਹੋਣ ਦੀ ਅਗਲੀ ਤਰੀਕ ਬਾਅਦ ਵਿੱਚ ਐਲਾਨੀ ਜਾਵੇਗੀ। ਇਸ ਤੋਂ ਪਹਿਲਾਂ ਕਮੇਟੀ ਨੇ ਰਣੌਤ ਨੂੰ 6 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ।
ਦੱਸ ਦਈਏ ਕਿ ਸਿੱਖ ਭਾਈਚਾਰੇ ਖਿਲਾਫ ਟਿੱਪਣੀ ਕਰਨ ਮਗਰੋਂ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਈ ਥਾਂ ਸ਼ਿਕਾਇਤਾਂ ਤੇ ਕੇਸ ਦਰਜ ਹੋਣ ਮਗਰੋਂ ਹੁਣ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਕੰਗਨਾ ਰਣੌਤ ਨੂੰ ਤਲਬ ਕੀਤਾ ਸੀ। ਕੰਗਨਾ ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਈ।
ਕੀ ਹੈ ਪੂਰਾ ਮਾਮਲਾ
ਕੰਗਨਾ ਨੇ ਸੋਸ਼ਲ ਮੀਡੀਆ ’ਤੇ ਇੰਦਰਾ ਗਾਂਧੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਖਾਲਿਸਤਾਨੀ ਅੱਤਵਾਦੀ ਅੱਜ ਭਾਵੇ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲਣਾ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਉਸ ਨੇ ਇਸ ਦੇਸ਼ ਨੂੰ ਕਿੰਨੀ ਵੀ ਤਕਲੀਫ ਦਿੱਤੀ ਹੋਵੇ। ਉਸ ਨੇ ਆਪਣੀ ਜਾਨ ਦੀ ਕੀਮਤ ’ਤੇ ਇਨ੍ਹਾਂ ਨੂੰ ਮੱਛਰਾਂ ਦੀ ਤਰ੍ਹਾਂ ਮਸਲ ਦਿੱਤਾ ਪਰ ਦੇਸ਼ ਦੇ ਟੁੱਕੜੇ ਨਹੀਂ ਹੋਣ ਦਿੱਤੇ। ਉਨ੍ਹਾਂ ਦੀ ਮੌਤ ਤੋਂ ਦਹਾਕੇ ਬਾਅਦ ਇਹ ਅੱਜ ਵੀ ਉਸ ਨਾਂ ਨਾਲ ਕੰਬਦੇ ਹਨ। ਇਨ੍ਹਾਂ ਨੂੰ ਉਹੋ ਜਿਹਾ ਹੀ ਗੁਰੂ ਚਾਹੀਦਾ ਹੈ। ਖਾਲਿਸਤਾਨੀ ਅੰਦੋਲਨ ਦੇ ਉਭਾਰ ਨਾਲ ਉਨ੍ਹਾਂ ਦੀ ਕਹਾਣੀ ਪਹਿਲਾਂ ਤੋਂ ਵੱਧ ਪ੍ਰਸੰਗਿਕ ਹੈ। ਬਹੁਤ ਜਲਦੀ ਤੁਹਾਡੇ ਲਈ ਲੈ ਕੇ ਆ ਰਹੇ ਹਨ #ਐਮਰਜੈਂਸੀ।’
ਇਹ ਵੀ ਪੜ੍ਹੋ: Kejriwal in Punjab: ਕੇਜਰੀਵਾਲ ਦੀ ਅੱਜ ਫਿਰ ਪੰਜਾਬ ਫੇਰੀ, ਦਲਿਤ ਵਰਗ ਲਈ ਕਰਨਗੇ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: