Diljit Dosanjh: ਦਿਲਜੀਤ ਦੋਸਾਂਝ ਨਾਲ ਡਟੇ ਨਸੀਰੂਦੀਨ ਸ਼ਾਹ...ਬੋਲੇ ਜੁਮਲਾ ਪਾਰਟੀ ਦੀਆਂ ਗੰਦੀਆਂ ਚਾਲਾਂ...
Naseeruddin Shah Support Diljit Dosanjh: ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਵਿਵਾਦਾਂ ਵਿੱਚ ਹੈ।

Naseeruddin Shah Support Diljit Dosanjh: ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਵਿਵਾਦਾਂ ਵਿੱਚ ਹੈ। ਇਸ ਵਿਵਾਦ ਕਾਰਨ ਫਿਲਮ ਸੰਗਠਨਾਂ ਨੇ ਉਸ ਨੂੰ ਬਾਰਡਰ 2 ਤੋਂ ਹਟਾਉਣ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕਈ ਮਸ਼ਹੂਰ ਹਸਤੀਆਂ ਵੀ ਦਿਲਜੀਤ ਦਾ ਸਮਰਥਨ ਕਰ ਰਹੀਆਂ ਹਨ। ਇਮਤਿਆਜ਼ ਅਲੀ ਤੇ ਜਾਵੇਦ ਅਖਤਰ ਤੋਂ ਬਾਅਦ ਹੁਣ ਨਸੀਰੂਦੀਨ ਸ਼ਾਹ ਨੇ ਵੀ ਦਿਲਜੀਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾ ਨੂੰ ਸਰਹੱਦਾਂ ਨਾਲ ਨਹੀਂ ਬੰਨ੍ਹਿਆ ਜਾਣਾ ਚਾਹੀਦਾ।
ਨਸੀਰੂਦੀਨ ਸ਼ਾਹ ਨੇ ਫੇਸਬੁੱਕ 'ਤੇ ਇੱਕ ਪੋਸਟ ਸਾਂਝੀ ਕੀਤੀ। ਇਸ ਵਿੱਚ ਉਨ੍ਹਾਂ ਨੇ ਲਿਖਿਆ, ਮੈਂ ਦਿਲਜੀਤ ਦੇ ਹੱਕ ਵਿੱਚ ਮਜ਼ਬੂਤੀ ਨਾਲ ਖੜ੍ਹਾ ਹਾਂ। ਜੁਮਲਾ ਪਾਰਟੀ ਦਾ ਗੰਦੀਆਂ ਚਾਲਾਂ ਦਾ ਵਿਭਾਗ ਲੰਬੇ ਸਮੇਂ ਤੋਂ ਉਸ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਲੱਭ ਰਿਹਾ ਸੀ ਤੇ ਹੁਣ ਉਨ੍ਹਾਂ ਨੂੰ ਲੱਗਿਆ ਕਿ ਮੌਕਾ ਮਿਲ ਗਿਆ ਹੈ। ਫਿਲਮ ਨੂੰ ਕਾਸਟ ਕਰਨ ਦਾ ਫੈਸਲਾ ਦਿਲਜੀਤ ਦਾ ਨਹੀਂ ਸੀ। ਇਹ ਨਿਰਦੇਸ਼ਕ ਦਾ ਸੀ ਪਰ ਨਿਰਦੇਸ਼ਕ ਨੂੰ ਕੋਈ ਨਹੀਂ ਜਾਣਦਾ, ਜਦੋਂਕਿ ਦਿਲਜੀਤ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਤੇ ਉਸ ਨੇ ਕਾਸਟਿੰਗ ਨੂੰ ਸਵੀਕਾਰ ਕਰ ਲਿਆ ਕਿਉਂਕਿ ਉਸ ਦੇ ਦਿਲ ਵਿੱਚ ਕੋਈ ਨਫ਼ਰਤ ਨਹੀਂ ਸੀ।
ਨਸੀਰੂਦੀਨ ਸ਼ਾਹ ਨੇ ਕਿਹਾ ਕਿ ਇਹ ਗੁੰਡੇ ਅਸਲ ਵਿੱਚ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਸਿੱਧੇ ਰਿਸ਼ਤੇ ਨੂੰ ਖਤਮ ਕਰਨਾ ਚਾਹੁੰਦੇ ਹਨ। ਮੇਰੇ ਕੁਝ ਕਰੀਬੀ ਰਿਸ਼ਤੇਦਾਰ ਤੇ ਪਿਆਰੇ ਦੋਸਤ ਉੱਥੇ ਹਨ ਤੇ ਕੋਈ ਵੀ ਮੈਨੂੰ ਉਨ੍ਹਾਂ ਨੂੰ ਮਿਲਣ ਜਾਂ ਉਨ੍ਹਾਂ ਨੂੰ ਪਿਆਰ ਭੇਜਣ ਤੋਂ ਨਹੀਂ ਰੋਕ ਸਕਦਾ। ਜੋ ਕਹਿੰਦੇ ਹਨ 'ਪਾਕਿਸਤਾਨ ਜਾਓ', ਮੇਰਾ ਜਵਾਬ ਹੋਵੇਗਾ ਕਿ ਤੁਸੀਂ ਕੈਲਾਸਾ ਜਾਓ।
ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਗੀਤਕਾਰ ਜਾਵੇਦ ਅਖਤਰ ਦਾ ਸਮਰਥਨ ਵੀ ਮਿਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਦਿਲਜੀਤ ਨੂੰ ਫਿਲਮ ਬਣਾਉਂਦੇ ਸਮੇਂ ਪਤਾ ਹੁੰਦਾ ਕਿ ਹਾਲਾਤ ਵਿਗੜਨ ਵਾਲੇ ਹਨ, ਤਾਂ ਉਹ ਕਦੇ ਵੀ ਕਿਸੇ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਨਾ ਕਰਦੇ ਪਰ ਹੁਣ ਸੈਂਸਰ ਬੋਰਡ ਨੂੰ ਫਿਲਮ ਨੂੰ ਚੇਤਾਵਨੀ ਦੇ ਕੇ ਰਿਲੀਜ਼ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਐਨਡੀਟੀਵੀ ਕ੍ਰਿਏਸ਼ਨ ਫੋਰਮ ਵਿਖੇ ਜਾਵੇਦ ਅਖਤਰ ਤੋਂ ਦਿਲਜੀਤ ਦੋਸਾਂਝ ਦੇ ਹਨੀਆ ਆਮਿਰ ਨਾਲ ਕੰਮ ਕਰਨ ਬਾਰੇ ਸਵਾਲ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਉਹ ਦਾਅਵਾ ਕਰਦੇ ਹਨ ਕਿ ਫਿਲਮ ਪਹਿਲਾਂ ਬਣਾਈ ਗਈ ਹੈ। ਇਸ 'ਤੇ ਜਾਵੇਦ ਅਖਤਰ ਨੇ ਦਿਲਜੀਤ ਦੋਸਾਂਝ ਦੇ ਸਮਰਥਨ ਵਿੱਚ ਕਿਹਾ, 'ਮੈਨੂੰ ਨਹੀਂ ਪਤਾ ਕਿ ਇਹ ਪਿਕਚਰ ਕਦੋਂ ਬਣੀ ਸੀ। ਉਹ ਕੀ ਕਰ ਸਕਦਾ ਹੈ, ਬੇਚਾਰਾ? ਉਸ ਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਵੇਗਾ। ਉਸ ਨੇ ਪੈਸਾ ਲਗਾਇਆ, ਪਾਕਿਸਤਾਨ ਦਾ ਪੈਸਾ ਇਸ ਵਿੱਚ ਨਹੀਂ ਗੁਆਚੇਗਾ। ਸਾਡੇ ਭਾਰਤੀ ਆਦਮੀ ਦਾ ਪੈਸਾ ਗੁਆਚ ਜਾਵੇਗਾ ਤਾਂ ਇਸ ਦਾ ਕੀ ਫਾਇਦਾ।'
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਫਿਲਮ ਸਰਦਾਰ ਜੀ 3 ਕਾਰਨ ਵਿਵਾਦਾਂ ਵਿੱਚ ਹਨ। ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਫਿਲਮ ਵਿੱਚ ਉਨ੍ਹਾਂ ਦੇ ਨਾਲ ਹੈ। ਇਹ ਫਿਲਮ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਤਿਆਰ ਹੋਈ ਸੀ। ਉਸ ਸਮੇਂ ਪਾਕਿਸਤਾਨੀ ਕਲਾਕਾਰਾਂ 'ਤੇ ਕੋਈ ਪਾਬੰਦੀ ਨਹੀਂ ਸੀ। ਹਾਲਾਂਕਿ ਬਾਅਦ ਵਿੱਚ ਸਥਿਤੀ ਬਦਲ ਗਈ ਤੇ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲਗਾ ਦਿੱਤੀ ਗਈ। ਇਹੀ ਕਾਰਨ ਹੈ ਕਿ ਦਿਲਜੀਤ ਦੋਸਾਂਝ ਨੇ ਫਿਲਮ ਨੂੰ ਭਾਰਤ ਦੀ ਬਜਾਏ ਵਿਦੇਸ਼ਾਂ ਵਿੱਚ ਰਿਲੀਜ਼ ਕੀਤਾ ਹੈ। ਹਾਲਾਂਕਿ, ਫਿਲਮ ਫੈਡਰੇਸ਼ਨ ਆਫ ਵੈਸਟਰਨ ਸਿਨੇ ਇੰਪਲਾਈਜ਼ ਨੇ ਦਿਲਜੀਤ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਉਂਦੇ ਹੋਏ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਦਿਲਜੀਤ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।






















