'ਸਾਂਡ ਕੀ ਆਂਖ' ਦੀ ਪ੍ਰੋਡਿਊਸਰ ਨਿਧੀ ਪਰਮਾਰ ਹੀਰਾਨੰਦਾਨੀ ਨੇ ਲੌਕਡਾਊਨ ਤੋਂ ਬਾਅਦ ਤਕਰੀਬਨ 42 ਲੀਟਰ ਬ੍ਰੇਸਟ ਮਿਲਕ ਦਾਨ ਕੀਤਾ ਹੈ। ਨਿਧੀ ਇਸ ਸਾਲ ਮਾਂ ਬਣੀ ਸੀ ਅਤੇ ਉਨ੍ਹਾਂ ਇਕ ਬੇਟੇ ਨੂੰ ਜਨਮ ਦਿੱਤਾ। ਨਿਧੀ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਇਸ ਖ਼ਬਰ ਦੀ ਖ਼ੁਦ ਪੁਸ਼ਟੀ ਕੀਤੀ ਹੈ।

ਇਸ ਸਦਭਾਵਨਾ ਕਾਰਜ ਬਾਰੇ ਨਿਧੀ ਦਾ ਕਹਿਣਾ ਹੈ ਕਿ ਬੇਟੇ ਦੇ ਜਨਮ ਤੋਂ ਬਾਅਦ, ਉਸ ਨੂੰ ਅਹਿਸਾਸ ਹੋਇਆ ਕਿ ਬਹੁਤ ਸਾਰਾ ਬ੍ਰੇਸਟ ਮਿਲਕ ਬਰਬਾਦ ਹੋ ਰਿਹਾ ਸੀ ਕਿਉਂਕਿ ਉਸ ਦਾ ਬੇਟਾ ਸਾਰਾ ਦੁੱਧ ਨਹੀਂ ਪੀ ਰਿਹਾ ਸੀ। ਉਨ੍ਹਾਂ ਬਹੁਤ ਸਾਰਾ ਦੁੱਧ ਸਟੋਰ ਕਰ ਲਿਆ ਜੋ ਬੇਕਾਰ ਪਿਆ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਇੰਟਰਨੈਟ 'ਤੇ ਪੜਿਆ ਸੀ ਕਿ ਬ੍ਰੇਸਟ ਮਿਲਕ ਦੀ ਤਿੰਨ ਤੋਂ ਚਾਰ ਮਹੀਨਿਆਂ ਦੀ ਸ਼ੈਲਫ ਲਾਈਫ ਹੁੰਦੀ ਹੈ ਜੇ ਫਰਿੱਜ ਵਿੱਚ ਸਹੀ ਢੰਗ ਨਾਲ ਸਟੋਰ ਕੀਤਾ ਜਾਵੇ।


ਜਦੋਂ ਉਨ੍ਹਾਂ ਇੰਟਰਨੈਟ 'ਤੇ ਸਰਚ ਕੀਤੀ ਤਾਂ ਉਨ੍ਹਾਂ ਨੂੰ ਬ੍ਰੇਸਟ ਮਿਲਕ ਦਾਨ ਬਾਰੇ ਜਾਣਕਾਰੀ ਮਿਲੀ। ਬਾਅਦ ਵਿੱਚ ਉਨ੍ਹਾਂ ਨੂੰ ਗਾਇਨੀਕੋਲੋਜਿਸਟ ਨੇ ਸੂਰਿਆ ਹਸਪਤਾਲ ਬਾਰੇ ਦੱਸਿ। ਉਹ ਕਹਿੰਦੀ ਹੈ ਕਿ ਜਦੋਂ ਉਨ੍ਹਾਂ ਦੁੱਧ ਦਾਨ ਦੀ ਸ਼ੁਰੂਆਤ ਕੀਤੀ ਸੀ, ਉਦੋਂ ਕੋਰੋਨਾ ਕਰਕੇ ਲੌਕਡਾਊਨ ਲਗ ਗਿਆ।


ਨਿਧੀ ਦਾ ਕਹਿਣਾ ਹੈ ਕਿ ਲੌਕਡਾਊਨ 'ਚ ਵੀ ਹਸਪਤਾਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ੀਰੋ ਸੰਪਰਕ 'ਚ ਉਸ ਦੇ ਘਰ ਤੋਂ ਦੁੱਧ ਲਿਆ ਜਾਵੇਗਾ। ਇਸ ਤੋਂ ਬਾਅਦ, ਉਨ੍ਹਾਂ ਹਸਪਤਾਲ ਜਾ ਕੇ ਵੇਖਿਆ ਕਿ 60 ਬੱਚਿਆਂ ਨੂੰ ਇਸ ਦੀ ਜ਼ਰੂਰਤ ਸੀ। ਇਸ ਤੋਂ ਬਾਅਦ ਉਨ੍ਹਾਂ ਫੈਸਲਾ ਕੀਤਾ ਕਿ ਉਹ ਪੂਰੇ ਸਾਲ ਲਈ ਬ੍ਰੇਸਟ ਮਿਲਕ ਦਾਨ ਕਰੇਗੀ ਅਤੇ ਮਈ ਤੋਂ ਉਨ੍ਹਾਂ 42 ਲੀਟਰ ਦੁੱਧ ਦਾਨ ਕੀਤਾ ਹੈ।