ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ 'ਤੇ ਫ਼ੈਸਲਾ ਅੱਜ, ਸਿੱਖ ਜਥੇਬੰਦੀਆਂ ਨੇ ਮੰਗੀ ਮਾਨ ਦੀ ਗ੍ਰਿਫਤਾਰੀ
ਗੁਰਦਾਸ ਮਾਨ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਗੱਲ ਅਣਜਾਣਪੁਣੇ 'ਚ ਕਹੀ ਸੀ ਤੇ ਇਸ ਦੇ ਲਈ ਉਨ੍ਹਾਂ ਨੇ ਪਹਿਲਾਂ ਹੀ ਹੱਥ ਅਤੇ ਕੰਨ ਫੜ ਕੇ ਮਾਫ਼ੀ ਮੰਗ ਲਈ ਸੀ।
ਜਲੰਧਰ: ਸ੍ਰੀ ਗੁਰੂ ਅਮਰਦਾਸ ਜੀ ਬਾਰੇ ਵਿਵਾਦਤ ਟਿੱਪਣੀਆਂ ਦੇ ਮਾਮਲੇ 'ਚ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ 'ਤੇ ਫ਼ੈਸਲਾ ਅੱਜ ਆ ਸਕਦਾ ਹੈ। ਮੰਗਲਵਾਰ ਨੂੰ ਜ਼ਮਾਨਤ 'ਤੇ ਸਿੱਖ ਜਥੇਬੰਦੀਆਂ ਤੇ ਗੁਰਦਾਸ ਮਾਨ ਦੇ ਵਕੀਲਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਸੈਸ਼ਨ ਕੋਰਟ ਨੇ ਸੁਣਵਾਈ ਅੱਜ ਲਈ ਮੁਲਤਵੀ ਕਰ ਦਿੱਤੀ।
ਇਸ ਦੇ ਨਾਲ ਹੀ ਸਿੱਖ ਜਥੇਬੰਦੀਆਂ ਵੀ ਇਸ ਫ਼ੈਸਲੇ 'ਤੇ ਆਪਣੀਆਂ ਅੱਖਾਂ ਟਿਕਾਈਆਂ ਹੋਈਆਂ ਹਨ। ਉਹ ਕਿਸੇ ਵੀ ਕੀਮਤ 'ਤੇ ਗੁਰਦਾਸ ਮਾਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਹਾਲਾਂਕਿ ਸੁਣਵਾਈ ਦੌਰਾਨ ਗੁਰਦਾਸ ਮਾਨ ਅਦਾਲਤ 'ਚ ਪੇਸ਼ ਨਹੀਂ ਹੋਣਗੇ।
20 ਅਗਸਤ ਨੂੰ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਸਾਲਾਨਾ ਮੇਲੇ 'ਚ ਗੁਰਦਾਸ ਮਾਨ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ। ਇਸ ਕਾਰਨ ਸਿੱਖ ਜਥੇਬੰਦੀਆਂ ਨਾਰਾਜ਼ ਹੋ ਗਈਆਂ। ਮਾਮਲਾ ਭੱਖਦਾ ਵੇਖ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰਕੇ ਇਸ ਲਈ ਮਾਫ਼ੀ ਵੀ ਮੰਗ ਲਈ ਸੀ।
ਮੰਗਲਵਾਰ ਨੂੰ ਸੁਣਵਾਈ ਦੌਰਾਨ ਸਿੱਖ ਜੱਥੇਬੰਦੀਆਂ ਦੇ ਵਕੀਲਾਂ ਪਰਮਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ ਸੈਸ਼ਨ ਕੋਰਟ ਨੂੰ ਦੱਸਿਆ ਕਿ ਗੁਰਦਾਸ ਮਾਨ ਨੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਮੇਲੇ 'ਚ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਨੂੰ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ, ਜਿਸ ਨਾਲ ਨਾ ਸਿਰਫ਼ ਪੰਜਾਬ, ਸਗੋਂ ਦੇਸ਼-ਵਿਸ਼ਵ ਦੇ ਹਰ ਕੋਨੇ 'ਚ ਰਹਿਣ ਵਾਲੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜੇਕਰ ਗੁਰਦਾਸ ਮਾਨ ਨੂੰ ਅਗਾਊਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਸਿੱਖ ਸੰਗਤ ਦਾ ਗੁੱਸਾ ਹੋਰ ਵਧੇਗਾ ਤੇ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਹੈ।
ਉਧਰ, ਗੁਰਦਾਸ ਮਾਨ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਗੱਲ ਅਣਜਾਣਪੁਣੇ 'ਚ ਕਹੀ ਸੀ ਤੇ ਇਸ ਦੇ ਲਈ ਉਨ੍ਹਾਂ ਨੇ ਪਹਿਲਾਂ ਹੀ ਹੱਥ ਅਤੇ ਕੰਨ ਫੜ ਕੇ ਮਾਫ਼ੀ ਮੰਗ ਲਈ ਸੀ। ਅਜਿਹੇ 'ਚ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲਣੀ ਚਾਹੀਦੀ ਹੈ। ਹਾਲਾਂਕਿ ਸਿੱਖ ਜੱਥੇਬੰਦੀਆਂ ਦੇ ਵਕੀਲਾਂ ਨੇ ਕਿਹਾ ਕਿ ਇਹ ਕੋਈ ਮਾਫ਼ੀਯੋਗ ਅਪਰਾਧ ਨਹੀਂ। ਅਜਿਹੀ ਕੋਈ ਮਾਫ਼ੀ ਕਾਨੂੰਨੀ ਤੌਰ 'ਤੇ ਜਾਇਜ਼ ਨਹੀਂ। ਇਸ ਲਈ ਗੁਰਦਾਸ ਮਾਨ ਨੂੰ ਇਸ ਆਧਾਰ 'ਤੇ ਅਗਾਊਂ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।
ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਕੇਸ ਦਾਇਰ ਕਰਨ ਵਾਲੇ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਉਹ ਇਸ ਵੇਲੇ ਜਲੰਧਰ ਸੈਸ਼ਨ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ। ਉਸ ਤੋਂ ਬਾਅਦ ਗੁਰਦਾਸ ਮਾਨ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਉਹ ਗੁਰਦਾਸ ਮਾਨ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਜਾਣਗੇ।
ਦੱਸ ਦਈਏ ਕਿ ਸਿੱਖ ਜੱਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਤੋਂ ਬਾਅਦ ਗੁਰਦਾਸ ਮਾਨ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ-295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਸਮਰਥਕ ਵੀ ਸੜਕਾਂ 'ਤੇ ਉਤਰ ਆਏ ਸਨ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਗੁਰਦਾਸ ਮਾਨ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਵਾਲੇ ਪਰਮਜੀਤ ਸਿੰਘ ਅਕਾਲੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ।
ਉਨ੍ਹਾਂ ਕਿਹਾ ਸੀ ਕਿ ਪਰਮਜੀਤ ਅਕਾਲੀ ਨੇ ਉਨ੍ਹਾਂ ਦੇ ਗੁਰੂ ਤੇ ਸਾਈ ਲਾਡੀ ਸ਼ਾਹ ਜੀ ਬਾਰੇ ਅਪਸ਼ਬਦ ਬੋਲੇ ਸਨ। ਪੁਲਿਸ ਨੇ ਕੇਸ ਦਰਜ ਨਹੀਂ ਕੀਤਾ, ਪਰ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਦੀ ਗ੍ਰਿਫ਼ਤਾਰੀ ਦੀ ਮੰਗ ਤੇਜ਼ ਕਰ ਦਿੱਤੀ। ਸ਼ਹਿਰ ਦੇ ਸੰਵਿਧਾਨ (ਬੀਐਮਸੀ) ਚੌਕ ਵਿਖੇ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਸੀ।