ਚੰਡੀਗੜ੍ਹ/ਜਲੰਧਰ: ਪੰਜਾਬ ਹਰਿਆਣਾ ਹਾਈ ਕੋਰਟ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਫਸੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਅੰਤ੍ਰਿਮ ਜ਼ਮਾਨਤ ਮਿਲ ਗਈ ਹੈ। ਇਸ ਦੇ ਨਾਲ ਹੀ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। 26 ਅਗਸਤ ਨੂੰ ਨਕੋਦਰ ਵਿੱਚ ਗੁਰਦਾਸ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਐਫਆਈਆਰ ਦਰਜ ਕੀਤੀ ਗਈ ਸੀ।
ਗੁਰਦਾਸ ਮਾਨ ਨੇ ਪਹਿਲਾਂ ਇਸ ਮਾਮਲੇ 'ਚ ਜਲੰਧਰ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਮੰਗੀ ਸੀ, ਜਿਸ ਨੂੰ ਅਦਾਲਤ ਨੇ 8 ਸਤੰਬਰ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਦੱਸ ਦਈਏ ਕਿ ਗੁਰਦਾਸ ਮਾਨ ਖਿਲਾਫ਼ ਥਾਣਾ ਨਕੋਦਰ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ।ਉਹਨਾਂ ਨੇ ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾਹ ਵਿਚ ਮੇਲੇ ਦੌਰਾਨ ਲਾਡੀ ਸ਼ਾਹ ਨੂੰ ਤੀਜੇ ਗੁਰੂ ਅਮਰਦਾਸ ਜੀ ਦਾ ਅੰਸ਼-ਵੰਸ਼ ਦੱਸਿਆ ਸੀ। ਇਸ ਤੋਂ ਬਾਅਦ ਸਿੱਖ ਸੰਗਠਨਾਂ ਨੇ ਉਹਨਾਂ ਖਿਲਾਫ਼ ਆਈਪੀਸੀ ਦੀ ਧਾਰਾ 295ਏ ਦੇ ਤਹਿਤ ਕੇਸ ਦਰਜ ਕਰਵਾਇਆ ਸੀ। ਇਸ ਦੇ ਚਲਦਿਆਂ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਮੁਆਫੀ ਵੀ ਮੰਗੀ ਸੀ ਪਰ ਸਿੱਖ ਭਾਈਚਾਰੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਭੜਕੇ ਸਿੱਖ ਸੰਗਠਨਾਂ ਨੇ ਗੁਰਦਾਸ ਮਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਲੰਧਰ-ਦਿੱਲੀ ਹਾਈਵੇਅ ਜਾਮ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਗੁਰਦਾਸ ਮਾਨ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਦਿੱਤੀ ਸੀ। ਹਾਲਾਂਕਿ, ਮਾਮਲੇ ’ਚ ਗੁਰਦਾਸ ਮਾਨ ਮਾਫ਼ੀ ਮੰਗ ਚੁੱਕੇ ਹਨ। ਧਰਨੇ ’ਤੇ ਬੈਠੀ ਸੰਗਤ ਦਾ ਕਹਿਣਾ ਸੀ ਕਿ ਜਦੋਂ ਤਕ ਕੇਸ ਦਰਜ ਨਹੀਂ ਹੋਵੇਗਾ, ਉਹ ਨਹੀਂ ਉੱਠਣਗੇ। ਮਾਮਲੇ ਨੂੰ ਲੈ ਕੇ ਗੁਰਦਾਸ ਮਾਨ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚੇ ਹਨ।
ਇਹ ਵੀ ਪੜ੍ਹੋ: ਜਾਣੋ ਸਰੀਰਕ ਕੰਮ ਕਰਨ ਵਾਲਿਆਂ ਦੀ ਤੰਦਰੁਸਤੀ ਦਾ ਰਾਜ! ਬਿਮਾਰੀਆਂ ਤੋਂ ਬਚਣ ਲਈ ਸਰੀਰਕ ਸਰਗਰਮੀ ਜ਼ਰੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904