Watch Video : ‘ਨੈੱਟ ਦਾ ਦੌਰ’ ਗੀਤ ਨੇ ਰਾਹੀਂ 'ਰੱਤੋਕੇ' ਨੇ ਦੱਸੇ ਪੰਜਾਬ ਦੇ ਵੱਡੇ ਮਸਲੇ
Net Da Daur Song : ਰੱਤੋਕੇ ਨੇ ਇਸ ਗੀਤ ’ਚ ਸਿਆਸੀ ਨਿਘਾਰ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਬੇਪਨਾਹ ਤੇ ਬੇਲੋੜੀ ਵਰਤੋਂ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ’ਤੇ ਪੈ ਰਹੇ ਅਸਰ ਨੂੰ ਬਾਖ਼ੂਬੀ ਬਿਆਨ ਕੀਤਾ ਹੈ।
ਰਵਨੀਤ ਕੌਰ, ਚੰਡੀਗੜ੍ਹ
Jarnail Singh Ratoke : ਸੋਸ਼ਲ ਮੀਡੀਆ ’ਤੇ ਇਨ੍ਹੀ-ਦਿਨੀਂ ਜਰਨੈਲ ਸਿੰਘ ਰੱਤੋਕੇ (Jarnail Singh Ratoke) ਦਾ ਗੀਤ ਖ਼ਾਸਾ ਚਰਚਾ ’ਚ ਹੈ। ਸਰਹੱਦੀ ਖੇਤਰ "ਖੇਮਕਰਨ" ਦੇ ਰਹਿਣ ਵਾਲੇ ਨਵੇਂ-ਨਿਵੇਕਲ ਸ਼ਾਇਰ ਨੇ ਆਪਣੇ ਗੀਤ ‘ਨੈੱਟ ਦਾ ਦੌਰ’ ਰਾਹੀਂ, ਅਧੁਨਿਕ ਦੌਰ ’ਚ ਬਦਲ ਰਹੇ ਰਹਿਣ-ਸਹਿਣ ਤੇ ਢੰਗ-ਤਰੀਕਿਆਂ ਤੋਂ ਇਲਾਵਾ ਪੁਰਾਤਨ ਰੀਤੀ-ਰਿਵਾਜ਼ਾਂ ਦੇ ਖੱਪੇ ’ਤੇ ਚਿੰਤਾ ਤੇ ਕਟਾਸ ਕੀਤਾ ਹੈ।
ਰੱਤੋਕੇ ਨੇ ਇਸ ਗੀਤ ’ਚ ਸਿਆਸੀ ਨਿਘਾਰ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਬੇਪਨਾਹ ਤੇ ਬੇਲੋੜੀ ਵਰਤੋਂ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ’ਤੇ ਪੈ ਰਹੇ ਅਸਰ ਨੂੰ ਬਾਖ਼ੂਬੀ ਬਿਆਨ ਕੀਤਾ ਹੈ, ਜਦ ਕਿ ਸੂਬੇ ’ਚ ਸੱਭਿਆਚਾਰ ਤੇ ਸਮਾਜਿਕ ਪਰਿਵਰਤਨ ਕਾਰਨ ਲੋਕਾਂ ਦੀ ਸਿਹਤ ’ਤੇ ਪੈ ਰਹੇ ਅਸਰ ਬਾਰੇ ਵੀ ਕਲਮ-ਅਜ਼ਮਾਈ ਕੀਤੀ ਹੈ।
ਹਾਲਾਂ ਕਿ ਸਮਾਜਿਕ ਸਰੋਕਾਰਾਂ ਵਾਲੇ ਗੀਤਾਂ ਨੂੰ ਮੁੱਢ ਤੋਂ ਚੰਗਾ ਸੰਗੀਤ ਸੁਣਨ ਵਾਲੇ ਸਰੋਤੇ ਪਸੰਦ ਕਰਦੇ ਰਹੇ ਹਨ, ਪਰ ਜਿਸ ਤਰ੍ਹਾਂ ਰੱਤੋਕੇ ਨੇ ਇਸ ’ਚ ਇਕ-ਇਕ ਕਰਕੇ ਦੇਸ਼ ਦੇ ਮਸਲੇ ਛੋਹੇ ਹਨ ਉਸ ਨੂੰ ਸਰੋਤਿਆਂ ਦਾ ਪਿਆਰ ਵੀ ਓਨਾ ਹੀ ਜ਼ਿਆਦਾ ਮਿਲ ਰਿਹਾ ਹੈ। ਮਿਡਲੈਡ ਰਿਕਾਰਡਜ਼ ਵੱਲੋਂ ਇਸ ਗਾਣੇ 'ਚ ਯੂਟਿਊਬ 'ਤੇ ਸ਼ੇਅਰ ਕੀਤਾ ਗਿਆ ਹੈ।
ਗੀਤ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਸਿਆਸਤ, ਸਮਾਜਿਕ,ਧਾਰਮਿਕ ਤੇ ਸੱਭਿਆਚਰਕ ਪਹਿਲੂਆਂ ਤੋਂ ਇਲਾਵਾ ਸਿਹਤ ਤੇ ਸਿੱਖਿਆ ਨਾਲ ਜੁੜੇ ਮਸਲਿਆਂ ’ਚ ਆ ਰਹੇ ਨਿਘਾਰ ਨੂੰ ਵੀ ਉਜਾਗਰ ਕੀਤਾ ਗਿਆ ਹੈ। ਉਸ ਨੇ ਪਿਛਲੇ ਦੋ ਸਾਲ ਰਹੀ ਤਾਲਾਬੰਦੀ ’ਤੇ ਸਰਕਾਰ ਦੀ ਕਾਰਜਕਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ।
ਇਸ ਤੋਂ ਇਲਾਵਾ 'ਇਕ ਦਿਲ', 'ਡੀਫੇਮ', 'ਕਰਮਾ ਵਾਲੀ' ਵਰਗੇ ਗੀਤ ਗਾਏ ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 'ਡੀਫੇਮ' ਤੇ 'ਨੈੱਟ ਦਾ ਦੌਰ' ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਡਬਲ M.A ਕਰਨ ਤੋਂ ਬਾਅਦ ਉਨ੍ਹਾਂ ਨੇ ਸੰਗੀਤ ਦੀ ਦੁਨੀਆ 'ਚ ਆਪਣਾ ਕਰੀਅਰ ਸ਼ੁਰੂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗਾਣੇ ਗਾਏ।