Diljit Dosanjh: ਦਿਲਜੀਤ ਦੋਸਾਂਝ ਦੀਆਂ ਇਨ੍ਹਾਂ 7 ਆਦਤਾਂ ਨੂੰ ਅਪਣਾ ਕੇ ਤੁਸੀਂ ਵੀ ਹੋ ਸਕਦੇ ਜ਼ਿੰਦਗੀ 'ਚ ਸਫਲ
Diljit Dosanjh Birthday Special: ਦਿਲਜੀਤ ਦੋਸਾਂਝ ਦੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜ਼ਿੰਦਗੀ 'ਚ ਲਾਗੂ ਕਰਕੇ ਤੁਸੀਂ ਵੀ ਕਾਮਯਾਬੀ ਹਾਸਲ ਕਰ ਸਕਦੇ ਹੋ। ਆਓ ਦੱਸਦੇ ਕੀ ਹੈ ਦਿਲਜੀਤ ਦੀ ਸਫਲਤਾ ਦਾ ਮੂਲ ਮੰਤਰ
Diljit Dosanjh 7 Success Habits: ਦਿਲਜੀਤ ਦੋਸਾਂਝ ਅੱਜ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਇਸ ਦੇ ਨਾਲ ਹੀ ਸਿੰਗਰ ਦੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜ਼ਿੰਦਗੀ 'ਚ ਲਾਗੂ ਕਰਕੇ ਤੁਸੀਂ ਵੀ ਕਾਮਯਾਬੀ ਹਾਸਲ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਕੀ ਹੈ ਦਿਲਜੀਤ ਦੀ ਸਫਲਤਾ ਦਾ ਮੂਲ ਮੰਤਰ:
ਸੁਪਨੇ ਦੇਖੋ ਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਮਕਸਦ ਰੱਖੋ
ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਹਰ ਇਨਸਾਨ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੋਣਾ ਚਾਹੀਦਾ ਹੈ। ਜਿਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ, ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ। ਜਦੋਂ ਤੱਕ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਤੁਸੀਂ ਲਾਈਫ 'ਚ ਕੀ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਫਲ ਕਿਵੇਂ ਹੋ ਸਕਦੇ ਹੋ? ਦਿਲਜੀਤ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਬਚਪਨ 'ਚ ਹੀ ਉਨ੍ਹਾਂ ਨੇ ਠਾਣ ਲਿਆ ਸੀ ਕਿ ਉਨ੍ਹਾਂ ਨੇ ਸਿੰਗਰ ਬਣਨਾ ਹੈ।
ਪਲਾਨਿੰਗ (ਯੋਜਨਾ)
ਜ਼ਿੰਦਗੀ 'ਚ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਉਸ ਸਬੰਧੀ ਯੋਜਨਾਵਾਂ ਹੋਣੀਆਂ ਬਹੁਤ ਜ਼ਰੂਰੀ ਹੈ। ਮਕਸਦ ਪੂਰਾ ਕਰਨ ਲਈ ਜੇ ਤੁਹਾਡਾ ਕੋਈ ਪਲਾਨ ਹੀ ਨਹੀਂ ਹੈ ਤਾਂ ਫਿਰ ਤੁਹਾਡਾ ਮਕਸਦ ਪੂਰਾ ਹੋਣਾ ਬਹੁਤ ਮੁਸ਼ਕਲ ਹੈ। ਦਿਲਜੀਤ ਕਹਿੰਦੇ ਹਨ ਕਿ ਉਨ੍ਹਾਂ ਨੇ ਬਚਪਨ 'ਚ ਸੋਚ ਲਿਆ ਸੀ ਕਿ ਉਨ੍ਹਾਂ ਨੇ ਗਾਇਕ ਬਣਨਾ ਹੈ। ਉਸ ਦੇ ਲਈ ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਪਲਾਨਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੇ ਲਈ ਉਨ੍ਹਾਂ ਨੇ ਕਈ ਘੰਟੇ ਰਿਆਜ਼ ਕਰਨਾ, ਗਾਇਕੀ ਦੇ ਕਈ ਗੁਰ ਸਿੱਖੇ ਤੇ ਆਪਣੀ ਪਰਫਾਰਮੈਂਸ ਚ ਸੁਧਾਰ ਕੀਤਾ। ਅੱਜ ਦਿਲਜੀਤ ਦਾ ਜੋ ਮੁਕਾਮ ਹੈ ਉਹ ਸਭ ਦੇ ਸਾਹਮਣੇ ਹੈ।
ਸਖਤ ਮੇਹਨਤ
ਦਿਲਜੀਤ ਦੋਸਾਂਝ ਦਾ ਤੀਜਾ ਸਕਸੈਸ ਮੰਤਰ ਹੈ ਸਖਤ ਮੇਹਨਤ। ਦਿਲਜੀਤ ਕਹਿੰਦੇ ਹਨ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਯੋਜਨਾਵਾਂ ਬਣਾਉਂਦੀ ਪੈਂਦੀਆਂ ਹਨ। ਫਿਰ ਉਨ੍ਹਾਂ ਯੋਜਨਾਵਾਂ 'ਤੇ ਦਿਨ ਰਾਤ ਇੱਕ ਕਰਕੇ ਮੇਹਨਤ ਕਰਨ ਨਾਲ ਹੀ ਕਾਮਯਾਬੀ ਮਿਲਦੀ ਹੈ। ਜਦੋਂ ਤੁਸੀਂ ਠਾਣ ਲਿਆ ਕਿ ਤੁਸੀਂ ਸਫਲ ਹੋਣਾ ਹੈ ਤਾਂ ਫਿਰ ਬਹਾਨੇ ਨਹੀਂ ਚੱਲਦੇ, ਤੁਸੀਂ ਅੱਜ ਦੇ ਕੰਮ ਨੂੰ ਕੱਲ 'ਤੇ ਨਹੀਂ ਟਾਲ ਸਕਦੇ, ਆਪਣਾ ਟਾਈਮ ਬਰਬਾਦ ਨਹੀਂ ਕਰ ਸਕਦੇ। ਇਸ ਦੇ ਨਾਲ ਨਾਲ ਦਿਲਜੀਤ ਕਹਿੰਦੇ ਹਨ ਕਿ ਸੰਘਰਸ਼ ਤੇ ਸਖਤ ਮੇਹਨਤ ਹੀ ਇਨਸਾਨ ਨੂੰ ਨਿਖਾਰਦੀ ਹੈ।
ਧੀਰਜ, ਹੌਸਲਾ
ਦਿਲਜੀਤ ਦੋਸਾਂਝ ਦੇ ਮੁਤਾਬਕ ਤੁਸੀਂ ਸਖਤ ਮੇਹਨਤ ਕਰ ਰਹੇ ਹੋ ਅਤੇ ਖੂਬ ਸੰਘਰਸ਼ ਵੀ ਕਰਨਾ ਪੈ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਿੱਥੇ ਕਈ ਵਾਰ ਇਨਸਾਨ ਟੁੱਟ ਵੀ ਜਾਂਦਾ ਹੈ। ਬੰਦਾ ਸੋਚਦਾ ਹੈ ਕਿ ਇੰਨੀਂ ਮੇਹਨਤ ਮੈਂ ਕਰ ਰਿਹਾਂ/ਰਹੀ ਤੇ ਨਤੀਜਾ ਨਿਕਲ ਨਹੀਂ ਰਿਹਾ। ਪਰ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਸਵਰ ਕਰਨਾ ਹੁੰਦਾ। ਕਿਉਂਕਿ ਜੇ ਤੁਸੀਂ ਲਗਾਤਾਰ ਕੋਸ਼ਿਸ਼ ਕਰਦੇ ਹੋ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੌਸਲਾ ਰੱਖਦੇ ਹੋ। ਸਵਰ ਰੱਖ ਕੇ ਇੰਤਜ਼ਾਰ ਕਰਦੇ ਹੋ ਕਿ ਜੋ ਮੈਂ ਸੋਚਦਾ ਹਾਂ ਅਤੇ ਜਿਸ 'ਤੇ ਮੈਂ ਮੇਹਨਤ ਕਰ ਰਿਹਾ ਹਾਂ, ਉਸ ';ਚ ਮੈਨੂੰ ਸਫਲਤਾ ਜ਼ਰੂਰ ਮਿਲੇਗੀ ਤਾਂ ਸਹੀ ਸਮੇਂ 'ਤੇ ਤੁਹਾਨੂੰ ਸਫਲਤਾ ਮਿਲਦੀ ਹੈ।
ਫੀਅਰਲੈਸ (ਜਿਸ ਨੂੰ ਕੋਈ ਡਰ ਨਹੀਂ)
ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਸਫਲਤਾ ਹਾਸਲ ਕਰਨੀ ਹੈ ਤਾਂ ਦਿਲ 'ਚੋਂ ਡਰ ਕੱਢਣਾ ਪੈਂਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਆਪਣਾ ਇੱਕ ਕਿੱਸਾ ਵੀ ਸਾਂਝਾ ਕੀਤਾ ਸੀ। ਦਿਲਜੀਤ ਨੇ ਕਿਹਾ ਕਿ 'ਜਦੋਂ ਉਹ ਇੰਡਸਟਰੀ 'ਚ ਆਏ ਤਾਂ ਉਦੋਂ ਪਹਿਲਾਂ ਹੀ ਕਾਫੀ ਸਿੰਗਰ ਸੀ, ਜੋ ਸਫਲ ਹੋ ਚੁੱਕੇ ਸੀ। ਮੈਂ ਸੋਚਿਆ ਕਿ ਇਨ੍ਹਾਂ ਸਾਰਿਆਂ 'ਚ ਮੈਂ ਆਪਣੀ ਥਾਂ ਕਿਵੇਂ ਬਣਾਵਾਂਗਾ। ਪਰ ਮੈਂ ਘਬਰਾਇਆ ਨਹੀਂ ਅਤੇ ਸੋਚਿਆ ਕਿ ਕੋਸ਼ਿਸ਼ ਕਰਨ 'ਚ ਕੀ ਜਾਂਦਾ ਹੈ। ਸਫਲਤਾ ਨਾ ਮਿਲੀ ਤਾਂ ਘੱਟੋ ਘੱਟ ਤਜਰਬਾ ਤਾਂ ਮਿਲੇਗਾ।' ਤਾਂ ਇੱਥੇ ਦਿਲਜੀਤ ਇਹ ਕਹਿ ਰਹੇ ਹਨ ਕਿ ਜਿੰਨਾ ਚਿਰ ਅਸੀਂ ਰਿਸਕ ਨਹੀਂ ਲੈਂਦੇ, ਉਨ੍ਹਾਂ ਚਿਰ ਅਸੀਂ ਕਾਮਯਾਬੀ ਵੀ ਹਾਸਲ ਨਹੀਂ ਕਰ ਸਕਦੇ।
ਅਸਫਲਤਾ ਤੋਂ ਸਿੱਖਣਾ ਤੇ ਅਸਫਲਤਾ ਦਾ ਕਰੈਡਿਟ ਵੀ ਆਪਣੇ ਸਿਰ ਲੈਣ ਦੀ ਹਿੰਮਤ ਰੱਖਣਾ
ਦਿਲਜੀਤ ਦੱਸਦੇ ਹਨ ਕਿ ਪੰਜਾਬੀ ਇੰਡਸਟਰੀ 'ਚ ਸਫਲ ਗਾਇਕ ਬਣਨਾ ਉਨ੍ਹਾਂ ਲਈ ਅਸਾਨ ਨਹੀਂ ਸੀ। ਉਨ੍ਹਾਂ ਨੇ ਤਾਂ ਭੀੜ ਤੋਂ ਹਟ ਕੇ ਬਣਨਾ ਸੀ। ਤੇ ਭੀੜ ਤੋਂ ਅਲੱਗ ਪਛਾਣ ਬਣਾਉਣਾ ਅਸਾਨ ਨਹੀਂ ਹੁੰਦਾ। ਸਫਲਤਾ ਦੇ ਰਾਹ 'ਚ ਉਨ੍ਹਾਂ ਨੂੰ ਕਾਫੀ ਅਸਫਲਤਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਰ ਦਿਲਜੀਤ ਨੇ ਹਮੇਸ਼ਾ ਆਪਣੀਆਂ ਗਲਤੀਆਂ ਤੋਂ ਸਿੱਖਿਆ ਤੇ ਹੋਰ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਦਿਲਜੀਤ ਇਹ ਵੀ ਕਹਿੰਦੇ ਹਨ ਕਿ ਆਪਣੀਆਂ ਗਲਤੀਆਂ ਨੂੰ ਮੰਨਣਾ ਚਾਹੀਦਾ ਹੈ ਤੇ ਉਨ੍ਹਾਂ ਦਾ ਕਰੈਡਿਟ ਆਪਣੇ ਸਿਰ ਲੈਣ ਦੀ ਹਿੰਮਤ ਰੱਖਣਾ ਹੀ ਤੁਹਾਨੂੰ ਸਫਲ ਬਣਾਉਂਦਾ ਹੈ। ਦੁਨੀਆ 'ਚ ਜਿਹੜੇ ਲੋਕ ਆਪਣੀਆਂ ਨਾਕਾਮਯਾਬੀਆਂ ਤੇ ਗਲਤੀਆਂ ਦਾ ਇਲਜ਼ਾਮ ਦੂਜਿਆਂ ਸਿਰ ਪਾਉਂਦੇ ਹਨ ਉਹ ਕਦੇ ਕਾਮਯਾਬ ਨਹੀਂ ਹੋ ਸਕਦੇ।
ਪਰਮਾਤਮਾ ਨੂੰ ਸਦਾ ਯਾਦ ਰੱਖੋ
ਦਿਲਜੀਤ ਕਹਿੰਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ;ਚ ਭਾਵੇਂ ਛੋਟੀ ਕਾਮਯਾਬੀ ਮਿਲੀ, ਭਾਵੇਂ ਵੱਡੀ, ਉਨ੍ਹਾਂ ਨੇ ਹਮੇਸ਼ਾ ਇਸ ਦੇ ਲਈ ਪਰਮਾਤਮਾ ਮੂਹਰੇ ਸ਼ੁਕਰਾਨਾ ਅਦਾ ਕੀਤਾ। ਕਿਉਂਕਿ ਜੇ ਅਸੀਂ ਛੋਟੀ-ਛੋਟੀ ਗੱਲਾਂ 'ਚ ਸ਼ੁਕਰਗੁਜ਼ਾਰ ਹੁੰਦੇ ਹਾਂ, ਤਾਂ ਪਰਮਾਤਮਾ ਸਾਨੂੰ ਵੱਡੀਆਂ ਖੁਸ਼ੀਆਂ ਦੇਣ ਲੱਗਿਆਂ ਵੀ ਦੇਰ ਨਹੀਂ ਲਾਉਂਦਾ।
ਤਾਂ ਇਹ ਸੀ ਸਫਲਤਾ ਦੇ ਉਹ 7 ਮੂਲ ਮੰਤਰ ਜਿਨ੍ਹਾਂ ਨੂੰ ਫਾਲੋ ਕਰਕੇ ਅੱਜ ਦਿਲਜੀਤ ਪੂਰੀ ਦੁਨੀਆ 'ਚ ਛਾਏ ਹੋਏ ਹਨ। ਦਿਲਜੀਤ ਦੋਸਾਂਝ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਸਭ ਨੂੰ ਪਤਾ ਹੈ ਕਿ ਦਿਲਜੀਤ ਸੁਪਰਸਟਾਰ ਹਨ। ਤਾਂ ਤੁਸੀਂ ਵੀ ਦਿਲਜੀਤ ਦੀਆਂ ਇਨ੍ਹਾਂ 7 ਆਦਤਾਂ ਨੂੰ ਅਪਣਾ ਕੇ ਕਾਮਯਾਬ ਜ਼ਰੂਰ ਹੋ ਸਕਦੇ ਹੋ।