ਜਦੋਂ ਧਰਮਿੰਦਰ ਦੇ ਸਕਿਉਰਟੀ ਗਾਰਡ ਨੇ ਕੀਤੀ ਸੀ ਗਿੱਪੀ ਗਰੇਵਾਲ ਦੀ ਬੇਇੱਜ਼ਤੀ, ਐਕਟਰ ਨੇ ਦੱਸਿਆ ਪੁਰਾਣਾ ਕਿੱਸਾ
Gippy Grewal Dharmendra: ਗਿੱਪੀ ਗਰੇਵਾਲ ਨੇ ਇੱਕ ਇੰਟਰਵਿਊ `ਚ ਦੱਸਿਆ ਕਿ ਉਹ ਪਹਿਲੀ ਵਾਰ ਮੁੰਬਈ ਗਏ। ਉਨ੍ਹਾਂ ਦਾ ਬੜਾ ਚਾਅ ਸੀ ਕਿ ਉਹ ਧਰਮਿੰਦਰ ਨੂੰ ਮਿਲਣ, ਪਰ ਉਨ੍ਹਾਂ ਦੇ ਸਕਿਉਰਟੀ ਗਾਰਡ ਨੇ ਗਰੇਵਾਲ ਨੂੰ ਮਿਲਣ ਨਹੀਂ ਦਿਤਾ।

ਅਮੈਲੀਆ ਪੰਜਾਬੀ ਦੀ ਰਿਪੋਰਟ
Gippy Grewal Dharmendra: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅੱਜ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਹ ਪਾਲੀਵੁੱਡ ਦੇ ਦਿੱਗਜ ਐਕਟਰ ਹਨ। ਇਹੀ ਨਹੀਂ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ `ਚ ਕੰਮ ਵੀ ਕੀਤਾ ਹੈ। ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਗਿੱਪੀ ਗਰੇਵਾਲ ਦਾ ਇੰਨਾਂ ਨਾਂ ਨਹੀਂ ਸੀ।
ਗਰੇਵਾਲ ਨੇ ਖੁਦ ਇੱਕ ਪੁਰਾਣਾ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਸਾਲ 2005 `ਚ ਉਹ ਆਪਣੇ ਕਜ਼ਨ ਨਾਲ ਮੁੰਬਈ ਘੁੰਮਣ ਆਏ ਸੀ। ਉਨ੍ਹਾਂ ਦਾ ਇਹ ਸੁਪਨਾ ਸੀ ਕਿ ਉਹ ਮੁੰਬਈ ਜਾ ਕੇ ਧਰਮਿੰਦਰ ਤੇ ਅਮਿਤਾਭ ਬੱਚਨ ਨੂੰ ਜ਼ਰੂਰ ਮਿਲਣ। ਉਹ ਆਪਣੇ ਕਜ਼ਨ ਨਾਲ ਰਿਕਸ਼ਾ ਤੇ ਜਾ ਰਹੇ ਸੀ ਕਿ ਰਸਤੇ `ਚ ਉਨ੍ਹਾਂ ਨੂੰ ਅਮਿਤਾਭ ਬੱਚਨ ਦਾ ਘਰ ਦਿਖਿਆ। ਉਨ੍ਹਾਂ ਦੇ ਕਜ਼ਨ ਨੇ ਬੱਚਨ ਸਾਹਿਬ ਦੇ ਘਰ ਦੇ ਬਾਹਰ ਸਕਿਉਰਟੀ ਗਾਰਡ ਕੋਲੋਂ ਪੁੱਛਿਆ ਕਿ ਅਮਿਤਾਭ ਬੱਚਨ ਘਰ ਵਿੱਚ ਨੇ? ਤਾਂ ਗਾਰਡ ਨੇ ਕਿਹਾ ਕਿ ਉਹ ਘਰ ਵਿੱਚ ਨਹੀਂ ਹਨ। ਫ਼ਿਰ ਉਸ ਨੇ ਕਿਹਾ ਕਿ ਜਯਾ ਜੀ ਘਰ ਹੈਗੇ ਨੇ? ਸਕਿਉਰਟੀ ਗਾਰਡ ਨੇ ਫ਼ਿਰ ਨਾਂ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਗਿੱਪੀ ਦੇ ਕਜ਼ਨ ਨੇ ਪੁੱਛਿਆ ਕਿ ਅਭਿਸ਼ੇਕ ਬੱਚਨ ਘਰ `ਚ ਹੈ? ਇਸ ਤੇ ਵੀ ਨਾਂ ਦਾ ਜਵਾਬ ਮਿਲਿਆ।
ਇਸ ਤੋਂ ਬਾਅਦ ਗਿੱਪੀ ਨੇ ਕਿਹਾ ਕਿ ਉਹ ਧਰਮਿੰਦਰ ਦੇ ਘਰ ਜਾਣਗੇ। ਕਿਉਂਕਿ ਉਨ੍ਹਾਂ ਨੇ ਸੁਣਿਆ ਹੈ ਕਿ ਧਰਮਿੰਦਰ ਦਿਲ ਦੇ ਬਹੁਤ ਅੱਛੇ ਹਨ ਉਹ ਹਮੇਸ਼ਾ ਸਭ ਨੂੰ ਪਿਆਰ ਨਾਲ ਮਿਲਦੇ ਹਨ। ਇਹੀ ਸੋਚ ਕੇ ਗਿੱਪੀ ਨੇ ਰਿਕਸ਼ਾ ਵਾਲਾ ਨੂੰ ਕਿਹਾ ਕਿ ਉਹ ਰਿਕਸ਼ਾ ਨੂੰ ਧਰਮਿੰਦਰ ਦੇ ਘਰ ਵੱਲ ਮੋੜ ਦੇਵੇ। ਜਦੋਂ ਰਿਕਸ਼ਾ ਉੱਥੇ ਪਹੁੰਚਿਆ ਤਾਂ ਗਿੱਪੀ ਤੁਰੰਤ ਉਤਰ ਕੇ ਧਰਮਿੰਦਰ ਦੇ ਘਰ ਦੇ ਬਾਹਰ ਗਏ। ਉਥੇ ਉਨ੍ਹਾਂ ਨੇ ਕਿਹਾ ਕਿ ਉਹ ਧਰਮਿੰਦਰ ਨੂੰ ਮਿਲਣਾ ਚਾਹੁੰਦੇ ਹਨ, ਪਰ ਸਕਿਉਰਟੀ ਗਾਰਡ ਨੇ ਕਿਹਾ ਕਿ ਧਰਮ ਜੀ ਘਰ ;ਚ ਨਹੀਂ ਹਨ। ਇਸ ਤੋਂ ਬਾਅਦ ਗਿੱਪੀ ਨੇ ਪੁੱਛਿਆ ਕਿ ਸੰਨੀ ਜਾਂ ਬੌਬੀ ਭਾਜੀ ਨੂੰ ਹੀ ਬੁਲਾ ਦਿਓ। ਇਸ ਤੇ ਵੀ ਜਵਾਬ ਨਾਂ ;ਚ ਹੀ ਮਿਲਿਆ। ਗਿੱਪੀ ਨਿਰਾਸ਼ ਹੋ ਕੇ ਉੱਥੋਂ ਪਰਤ ਆਏ।
ਗਿੱਪੀ ਨੇ ਧਰਮਿੰਦਰ ਨੂੰ ਸੁਣਾਈ ਇਹ ਗੱਲ ਤਾਂ ਇਮੋਸ਼ਨਲ ਹੋ ਗਏ ਸੀ ਧਰਮ ਜੀ
ਗਿੱਪੀ ਨੇ ਅੱਗੇ ਦੱਸਿਆ ਕਿ ਕਦੇ ਸਮਾਂ ਹੁੰਦਾ ਸੀ ਜਦੋਂ ਉਨ੍ਹਾਂ ਨੂੰ ਧਰਮ ਜੀ ਦੇ ਘਰੋਂ ਬੇਇਜ਼ਤੀ ਕਰਕੇ ਭੇਜਿਆ ਗਿਆ ਸੀ। ਪਰ ਇੱਕ ਦਿਨ ਉਹ ਵੀ ਆਇਆ ਜਦੋਂ ਗਿੱਪੀ ਆਪਣੇ ਘਰ ਵਿੱਚ ਧਰਮਿੰਦਰ ਨੂੰ ਦਾਵਤ ਦੇ ਰਹੇ ਸੀ। ਇਸ ਦੌਰਾਨ ਗਿੱਪੀ ਨੇ ਇਹ ਕਿੱਸਾ ਧਰਮਿੰਦਰ ਨਾਲ ਸਾਂਝਾ ਕੀਤਾ। ਇਹ ਸੁਣ ਕੇ ਧਰਮਿੰਦਰ ਕਾਫ਼ੀ ਇਮੋਸ਼ਨਲ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਕੁੱਝ ਸਕਿੰਟਾਂ ਬਾਅਦ ਧਰਮ ਜੀ ਨੇ ਗਿੱਪੀ ਨੂੰ ਕਿਹਾ ਕਿ "ਤੂੰ ਮੈਨੂੰ ਇਹ ਗੱਲ ਕਿਉਂ ਦੱਸੀ? ਹੁਣ ਮੈਨੂੰ ਇਹੀ ਸੋਚ ਕੇ ਰਾਤ ਭਰ ਨੀਂਦ ਨਹੀਂ ਆਉਣੀ।" ਗਿੱਪੀ ਨੇ ਕਿਹਾ ਕਿ ਧਰਮਿੰਦਰ ਦਾ ਇਹ ਅੰਦਾਜ਼ ਉਨ੍ਹਾਂ ਦੇ ਦਿਲ ਨੂੰ ਛੂਹ ਗਿਆ।






















