ਸਤਿੰਦਰ ਸਰਤਾਜ ਦੀਆਂ ਸੁਰਾਂ 'ਤੇ ਝੂਮੇ ਹੁਸ਼ਿਆਰਪੁਰੀਏ...ਸੀਐਮ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਪਹੁੰਚੇ
ਲਾਜਵੰਤੀ ਸਟੇਡੀਅਮ ਵਿਖੇ ਕਰਵਾਏ ਗਏ 'ਵਿਰਸਾ ਹੁਸ਼ਿਆਰਪੁਰ ਦਾ' ਮੇਲੇ ਦੌਰਾਨ ਸਤਿੰਦਰ ਸਰਤਾਜ ਨਾਈਟ ਦਾ ਇਹ ਜਸ਼ਨ ਸੀ। ਹੁਸ਼ਿਆਰਪੁਰ ਹੀ ਨਹੀਂ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਲੋਕ ਆਪਣੇ ਚਹੇਤੇ ਗਾਇਕ ਨੂੰ ਸੁਣਨ ਤੇ ਦੇਖਣ ਲਈ ਪੁੱਜੇ ਹੋਏ ਸਨ।
Satinder Sartaj: ਦੇਸ਼-ਵਿਦੇਸ਼ ਵਿੱਚ ਸੰਗੀਤ ਰਾਹੀਂ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰਨ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀਆਂ ਧੁਨਾਂ ਨਾਲ ਅੱਜ ਸਮੁੱਚਾ ਹੁਸ਼ਿਆਰਪੁਰ ਗੂੰਜ ਉੱਠਿਆ। ਲਾਜਵੰਤੀ ਸਟੇਡੀਅਮ ਵਿਖੇ ਕਰਵਾਏ ਗਏ 'ਵਿਰਸਾ ਹੁਸ਼ਿਆਰਪੁਰ ਦਾ' ਮੇਲੇ ਦੌਰਾਨ ਸਤਿੰਦਰ ਸਰਤਾਜ ਨਾਈਟ ਦਾ ਇਹ ਜਸ਼ਨ ਸੀ। ਹੁਸ਼ਿਆਰਪੁਰ ਹੀ ਨਹੀਂ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਲੋਕ ਆਪਣੇ ਚਹੇਤੇ ਗਾਇਕ ਨੂੰ ਸੁਣਨ ਤੇ ਦੇਖਣ ਲਈ ਪੁੱਜੇ ਹੋਏ ਸਨ। ਪੂਰਾ ਸਟੇਡੀਅਮ ਸਰਤਾਜ ਦੇ ਪ੍ਰਸੰਸਕਾਂ ਨਾਲ ਭਰਿਆ ਹੋਇਆ ਸੀ।
ਸੰਗੀਤਕ ਸ਼ਾਮ ਵਿੱਚ ਮਹਿਮਾਨਾਂ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਨੇ ਕਿਹਾ ਕਿ ਸਤਿੰਦਰ ਸਰਤਾਜ ਦੀ ਗਾਇਕੀ ਆਪਣੇ ਆਪ ਵਿੱਚ ਪੰਜਾਬੀ ਵਿਰਸਾ ਸਮਾਉਂਦੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ‘ਵਿਰਸਾ ਹੁਸ਼ਿਆਰਪੁਰ ਦਾ’ ਤੇ ਸੰਗੀਤਕ ਸ਼ਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਦੇ ਹਨ।
ਉਨ੍ਹਾਂ ਕਿਹਾ ਕਿ ਇਹ ਮੇਲਾ ਜ਼ਿਲ੍ਹੇ ਦੇ ਹੁਨਰਮੰਦ ਲੋਕਾਂ ਲਈ ਆਪਣੇ ਉਤਪਾਦ ਵੇਚਣ ਦਾ ਵਧੀਆ ਪਲੇਟਫਾਰਮ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਇਸ ਵਿਰਾਸਤੀ ਮੇਲੇ ਦੌਰਾਨ ਸੱਭਿਆਚਾਰ ਅਤੇ ਲੋਕ ਕਲਾਵਾਂ ਨੂੰ ਦੇਖਿਆ ਜਾ ਸਕਦਾ ਹੈ। ਸਾਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ ਕਿਉਂਕਿ ਸਤਿੰਦਰ ਸਰਤਾਜ ਨੇ ਸੰਗੀਤਕ ਸ਼ਾਮ ਦੀ ਸ਼ੁਰੂਆਤ 'ਮੈਂ ਤੇ ਸੱਜਣ ਇਕੋ-ਇਕੋ-ਮਿੱਕੇ, ਦੱਸੋ ਜੀ ਹਾਂ ਕੀ ਲਿਖੀਏ' ਨਾਲ ਕੀਤੀ।
ਇਸ ਤੋਂ ਬਾਅਦ ਕਾਗਜ਼ਾਂ ਦਾ ਸਾਂਭ ਲਿਆ ਥੱਬਾ, ਸਾਈਂ ਵੇ ਸਾਡੀ ਫਰਿਆਦ, ਸੱਜਣ ਰਾਜ਼ੀ ਹੋ ਜਾਵੇ ਫੇਰ ਵੀ, ਤੇਰੇ ਵਾਸਤੇ ਓ ਸੱਜਣਾ ਪੀੜਾਂ ਸੀ ਹੰਢਾਈਆਂ, ਮੇਰੇ ਰਸ਼ਕੇ ਕਮਰ, ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ ਆਦਿ ਨੇ ਖੂਬ ਤਾੜੀਆਂ ਬਟੋਰੀਆਂ। ਇਸ ਦੌਰਾਨ ਉਨ੍ਹਾਂ ਨੇ ਸਰੋਤਿਆਂ ਦਾ ਉਤਸ਼ਾਹ ਵਧਾਉਂਦੇ ਹੋਏ ਉਨ੍ਹਾਂ ਦੇ ਕਹਿਣ 'ਤੇ ਗੀਤ ਸੁਣਾਏ।
ਡਿਪਟੀ ਕਮਿਸ਼ਨਰ ਨੇ ਸਤਿੰਦਰ ਸਰਤਾਜ ਬਾਰੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਗੀਤਾਂ ਰਾਹੀਂ ਪੰਜਾਬ ਦੇ ਸੱਭਿਆਚਾਰ ਦਾ ਝੰਡਾ ਬੁਲੰਦ ਕੀਤਾ ਹੈ ਅਤੇ ਦੇਸ਼-ਵਿਦੇਸ਼ ਵਿੱਚ ਇਸ ਨੂੰ ਵਿਸ਼ੇਸ਼ ਪਹਿਚਾਣ ਦਿਵਾਈ ਹੈ। ਉਨ੍ਹਾਂ ਕਿਹਾ ਕਿ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲਾ ਦਸਤਕਾਰੀ ਵਰਗੀਆਂ ਅਲੋਪ ਹੋ ਰਹੀਆਂ ਕਲਾਵਾਂ ਨੂੰ ਉਜਾਗਰ ਕਰ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋ ਕੇ ਇਨ੍ਹਾਂ ਮਿਹਨਤੀ ਕਾਰੀਗਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਕਾਰੀਗਰ ਪਹੁੰਚੇ ਹੋਏ ਹਨ ਤੇ ਜਿੱਥੇ ਕਾਰੀਗਰਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਦੀ ਵਿਕਰੀ ਕੀਤੀ ਜਾ ਰਹੀ ਹੈ, ਉੱਥੇ ਨਾਰਥ ਜ਼ੋਨ ਕਲਚਰਲ ਸੈਂਟਰ, ਵਿਦਿਆਰਥੀਆਂ ਤੇ ਹੋਰ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮੇਲਾ 7 ਮਾਰਚ ਤੱਕ ਚੱਲੇਗਾ।