ਇਸ ਫ਼ਿਲਮ ਲਈ ਕਰਵਾਏ ਗਏ ਸਨ ਅਸਲੀ ਰੇਪ, ਕਤਲ ਕਰਨ ਤੋਂ ਵੀ ਨਹੀਂ ਡਰੇ, ਬੇਰਹਿਮੀ ਨੂੰ ਦੇਖ ਕੇ ਉਲਟੀਆਂ ਕਰ ਦਿੰਦੇ ਸਨ ਐਕਟਰਸ
ਜਦੋਂ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਡਾਇਰੈਕਟਰ ਨੇ ਐਕਟਰਸ ਦੀ ਮਰਜ਼ੀ ਦੇ ਖ਼ਿਲਾਫ਼ ਉਨ੍ਹਾਂ ਤੋਂ ਜਾਨਵਰਾਂ ਦੇ ਕਤਲ ਕਰਵਾਏ। ਕਦੇ ਸੂਰ ਮਾਰਿਆ ਗਿਆ, ਕਦੇ ਕੱਛੂ ਮਾਰਿਆ ਗਿਆ ਤੇ ਕਦੇ ਬਾਂਦਰ ਦੀ ਬਲੀ ਦਿੱਤੀ ਗਈ।
ਸਿਨੇਮਾ ਜਗਤ ਦੇ ਇਤਿਹਾਸ 'ਚ ਕਈ ਅਜਿਹੀਆਂ ਫ਼ਿਲਮਾਂ ਬਣੀਆਂ ਹਨ, ਜਿਨ੍ਹਾਂ ਨੇ ਦਰਸ਼ਕਾਂ ਦੇ ਮਨ 'ਤੇ ਵੱਖਰੀ ਛਾਪ ਛੱਡੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹੀ ਫ਼ਿਲਮ ਵੀ ਬਣੀ ਹੈ, ਜਿਸ ਨੂੰ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਫ਼ਿਲਮ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਫ਼ਿਲਮ ਸੀ, ਜਿਸ 'ਚ ਸੀਨ ਨੂੰ ਅਸਲੀ ਬਣਾਉਣ ਲਈ ਅਸਲ 'ਚ ਜਾਨਵਰਾਂ ਨੂੰ ਮਾਰਿਆ ਗਿਆ ਸੀ, ਬਲਾਤਕਾਰ ਅਤੇ ਸੈਕਸ ਸੀਨ ਨੂੰ ਅਸਲ 'ਚ ਦਿਖਾਉਣ ਲਈ ਅਸਲ 'ਚ ਬਲਾਤਕਾਰ ਕੀਤਾ ਗਿਆ ਸੀ। ਇਹ ਆਪਣੇ ਸਮੇਂ ਦੀ ਸਭ ਤੋਂ ਵਿਵਾਦਿਤ ਫ਼ਿਲਮ ਵੀ ਸੀ। ਆਓ ਤੁਹਾਨੂੰ ਦਿੰਦੇ ਹਾਂ ਇਸ ਫ਼ਿਲਮ ਨਾਲ ਜੁੜੀ ਪੂਰੀ ਜਾਣਕਾਰੀ...
ਇਸ ਫ਼ਿਲਮ ਦਾ ਨਾਂਅ 'ਕੈਨੀਬਲ ਹੋਲੋਕਾਸਟ' ਹੈ, ਜੋ 7 ਫਰਵਰੀ 1980 ਨੂੰ ਦੁਨੀਆ ਭਰ 'ਚ ਰਿਲੀਜ਼ ਹੋਈ ਸੀ। ਇਹ ਇੱਕ ਇਤਾਲਵੀ ਡਰਾਉਣੀ ਫ਼ਿਲਮ ਸੀ, ਜਿਸ ਦਾ ਨਿਰਦੇਸ਼ਨ ਰਗੇਰੋ ਡੀਓਡਾਟੋ ਵੱਲੋਂ ਕੀਤਾ ਗਿਆ ਸੀ ਅਤੇ ਇਸ 'ਚ ਰੋਬਰਟ ਕਰਮਨ, ਗੈਬਰੀਅਲ ਯੌਰਕੇ, ਲੂਕਾ ਜਿਓਰਜੀਓ ਬਾਰਬਾਰੇਚੀ, ਫ੍ਰਾਂਸਿਸਕਾ ਸਿਆਰਡੀ ਸਨ। ਫ਼ਿਲਮ ਦਾ ਜੋ ਟਾਈਟਲ ਹੈ, ਉਸ ਦਾ ਹਿੰਦੀ 'ਚ ਮਤਲਬ ਹੈ 'ਆਦਮਖੋਰਾਂ ਦਾ ਕਹਿਰ'। ਇਸ ਦੀ ਕਹਾਣੀ ਐਮਾਜ਼ਾਨ ਦੇ ਜੰਗਲਾਂ 'ਚ ਰਹਿਣ ਵਾਲੇ ਆਦਿਵਾਸੀਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਇੱਕ ਡਾਕੂਮੈਂਟਰੀ ਸ਼ੂਟ ਕਰਨ ਗਏ ਇੱਕ ਗਰੁੱਪ ਨੂੰ ਕਤਲ, ਬਲਾਤਕਾਰ ਅਤੇ ਹਿੰਸਾ ਦੀ ਦਿਲ ਦਹਿਲਾ ਦੇਣ ਵਾਲੀ ਖੇਡ ਦੇਖਣ ਨੂੰ ਮਿਲਦੀ ਹੈ।
ਉਨ੍ਹਾਂ ਦਿਨਾਂ 'ਚ ਕੋਈ ਵੀਐਫਐਕਸ ਨਹੀਂ ਸਨ ਅਤੇ ਨਿਰਦੇਸ਼ਕ ਨੇ ਸੋਚਿਆ ਸੀ ਕਿ ਫ਼ਿਲਮ ਇੰਨੀ ਅਸਲੀ ਦਿਖਾਈ ਦੇਣੀ ਚਾਹੀਦੀ ਹੈ ਕਿ ਲੋਕ ਇਸ ਨੂੰ ਸੱਚਮੁੱਚ ਨਫ਼ਰਤ ਕਰਨ। ਇਸ ਸੋਚ ਨੇ ਫ਼ਿਲਮ ਦੀ ਸਟਾਰਕਾਸਟ ਤੋਂ ਅਜਿਹੇ ਕੰਮ ਕਰਵਾਏ, ਜੋ ਉਹ ਨਹੀਂ ਕਰਨਾ ਚਾਹੁੰਦੇ ਸਨ। ਦੱਸਿਆ ਜਾਂਦਾ ਹੈ ਕਿ ਰੁਗੇਰੋ ਡਿਓਦਾਟੋ ਦੀ ਮਨਮਾਨੀ ਅਜਿਹੀ ਸੀ ਕਿ ਐਕਟਰਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਹਾਲਾਂਕਿ ਫ਼ਿਲਮ ਦਾ ਵਿਸ਼ਾ ਆਦਿਵਾਸੀਆਂ 'ਤੇ ਆਧਾਰਿਤ ਸੀ, ਇਸ ਲਈ ਫਿਲਮ 'ਚ ਜ਼ਿਆਦਾਤਰ ਕਲਾਕਾਰਾਂ ਨੇ ਬਗੈਰ ਕੱਪੜਿਆਂ ਦੇ ਅਤੇ ਕਈ ਵਾਰ ਤਾਂ ਨਿਊਡ ਸੀਨ ਦਿੱਤੇ ਸਨ।
ਖ਼ਬਰਾਂ ਮੁਤਾਬਕ ਜਦੋਂ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਡਾਇਰੈਕਟਰ ਨੇ ਐਕਟਰਸ ਦੀ ਮਰਜ਼ੀ ਦੇ ਖ਼ਿਲਾਫ਼ ਉਨ੍ਹਾਂ ਤੋਂ ਜਾਨਵਰਾਂ ਦੇ ਕਤਲ ਕਰਵਾਏ। ਕਦੇ ਸੂਰ ਮਾਰਿਆ ਗਿਆ, ਕਦੇ ਕੱਛੂ ਮਾਰਿਆ ਗਿਆ ਤੇ ਕਦੇ ਬਾਂਦਰ ਦੀ ਬਲੀ ਦਿੱਤੀ ਗਈ। ਇਹ ਸਾਰੇ ਸੀਨ ਇੰਨੇ ਬੇਰਹਿਮ ਅਤੇ ਹਿੰਸਕ ਸਨ ਕਿ ਸੈੱਟ 'ਤੇ ਮੌਜੂਦ ਲੋਕ ਉਲਟੀਆਂ ਕਰ ਦਿੰਦੇ ਸਨ। ਦੱਸਿਆ ਜਾਂਦਾ ਹੈ ਕਿ ਨਿਰਦੇਸ਼ਕ ਫ਼ਿਲਮ 'ਚ ਰੇਪ ਅਤੇ ਸੈਕਸ ਸੀਨ ਨੂੰ ਅਸਲੀ ਰੂਪ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਵੀ ਹਕੀਕਤ 'ਚ ਸ਼ੂਟ ਕੀਤਾ ਗਿਆ। ਜਦੋਂ ਇੱਕ ਸੈਕਸ ਸੀਨ ਦੌਰਾਨ ਅਦਾਕਾਰਾ ਫ੍ਰਾਂਸਿਸਕਾ ਸਿਆਰਡੀ ਨੇ ਕੱਪੜੇ ਉਤਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਨਿਰਦੇਸ਼ਕ ਨੇ ਉਸ ਨੂੰ ਝਿੜਕਿਆ। ਉਨ੍ਹਾਂ ਨੂੰ ਸੈੱਟ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਵੀ ਉਹ ਉਸ ਨੂੰ ਝਿੜਕਦੇ ਰਹੇ। ਹਾਰ ਕੇ ਫ੍ਰਾਂਸਿਸਕਾ ਦਬਾਅ ਅੱਗੇ ਝੁਕੀ ਅਤੇ ਬਗੈਰ ਕੱਪੜਿਆਂ ਦੇ ਉਹ ਸੀਨ ਕੀਤਾ।
ਕਿਹਾ ਜਾਂਦਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਜੋ ਕੁਝ ਹੋ ਰਿਹਾ ਸੀ, ਉਹ ਐਕਟਰਸ ਦੀ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰ ਰਿਹਾ ਸੀ। ਅਦਾਕਾਰ ਗੈਬਰੀਅਲ ਯੌਰਕੇ ਨੇ ਜਦੋਂ ਇੱਕ ਸਥਾਨਕ ਕੁੜੀ ਨਾਲ ਬਲਾਤਕਾਰ ਦਾ ਸੀਨ ਫਿਲਮਾਇਆ ਤਾਂ ਉਹ ਉਸ ਹਿੰਸਕ ਵਿਵਹਾਰ ਤੋਂ ਕਾਫ਼ੀ ਪ੍ਰੇਸ਼ਾਨ ਸਨ। ਕਿਹਾ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਪਏ ਸਨ। ਇੰਨਾ ਹੀ ਨਹੀਂ, ਇਸ ਸੀਨ ਦਾ ਉਨ੍ਹਾਂ 'ਤੇ ਇੰਨਾ ਅਸਰ ਹੋਇਆ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਬ੍ਰੇਕਅੱਪ ਵੀ ਕਰ ਲਿਆ। ਨਿਰਦੇਸ਼ਕ ਦੀ ਬੇਰਹਿਮੀ ਦਾ ਇੱਕ ਕਿੱਸਾ ਇਹ ਵੀ ਹੈ ਕਿ ਉਸ ਨੇ ਸੀਨ 'ਚ ਜਾਨ ਪਾਉਣ ਲਈ ਆਪਣੀ ਫ਼ਿਲਮ ਦੇ ਕਰੂ ਮੈਂਬਰਾਂ ਨੂੰ ਬਲਦੀ ਝੌਂਪੜੀ 'ਚ ਬੰਦ ਕਰ ਦਿੱਤਾ। ਦਰਅਸਲ, ਫਿਲਮ 'ਚ ਝੌਂਪੜੀ 'ਚ ਅੱਗ ਲੱਗਣ ਦਾ ਸੀਨ ਸੀ, ਜਿਸ ਦੇ ਅੰਦਰ ਲੋਕ ਵੀ ਮੌਜੂਦ ਸਨ। ਨਿਰਦੇਸ਼ਕ ਨੇ ਆਪਣੇ ਕਰੂ ਮੈਂਬਰਾਂ 'ਤੇ ਦਬਾਅ ਪਾਇਆ ਅਤੇ ਉਨ੍ਹਾਂ ਨੂੰ ਉਸ ਝੌਂਪੜੀ 'ਚ ਬੰਦ ਕਰ ਦਿੱਤਾ ਅਤੇ ਬਾਅਦ 'ਚ ਉਨ੍ਹਾਂ ਨੂੰ ਇਸ ਖਤਰਨਾਕ ਸੀਨ ਲਈ ਪੈਸੇ ਵੀ ਨਹੀਂ ਦਿੱਤੇ ਗਏ।
ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਤਾਂ ਇਸ ਦੀ ਕਾਫੀ ਤਾਰੀਫ਼ ਹੋਈ ਸੀ। ਹਾਲਾਂਕਿ ਇਹ ਭਿਆਨਕ ਸੀਨ ਦੇਖ ਕੇ ਕਈ ਲੋਕਾਂ ਦਾ ਖੂਨ ਖੌਲ ਗਿਆ ਅਤੇ ਉਨ੍ਹਾਂ ਨੇ ਨਿਰਦੇਸ਼ਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਫ਼ਿਲਮ 'ਤੇ ਪਾਬੰਦੀ ਦੀ ਮੰਗ ਉੱਠੀ ਅਤੇ ਲਗਭਗ 50 ਦੇਸ਼ਾਂ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਦੇ ਬਾਵਜੂਦ ਫ਼ਿਲਮ ਜਿੱਥੇ ਵੀ ਰਿਲੀਜ਼ ਹੋਈ, ਕਮਾਈ ਦੇ ਰਿਕਾਰਡ ਬਣਾਉਂਦੀ ਨਜ਼ਰ ਆਈ। ਕਿਹਾ ਜਾਂਦਾ ਹੈ ਕਿ ਇਹ ਫ਼ਿਲਮ ਸਿਰਫ਼ 1 ਲੱਖ ਡਾਲਰ 'ਚ ਬਣਾਈ ਗਈ ਸੀ ਅਤੇ ਇਸ ਦਾ ਕੁਲੈਕਸ਼ਨ 200 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਇੱਕ ਫ੍ਰੈਂਚ ਮੈਗਜ਼ੀਨ ਨੇ ਇੱਕ ਫੋਟੋ ਪ੍ਰਕਾਸ਼ਿਤ ਕੀਤੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਫ਼ਿਲਮ ਦੇ ਐਕਟਰਸ ਦੇ ਅਸਲ ਕਤਲ ਦੇ ਦ੍ਰਿਸ਼ ਸ਼ਾਮਲ ਹਨ। ਨਿਰਦੇਸ਼ਕ 'ਤੇ ਐਕਟਰਸ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਕਲਾਕਾਰਾਂ 'ਤੇ ਹੱਤਿਆ ਦੇ ਦੋਸ਼ ਲੱਗੇ ਸਨ, ਬਾਅਦ 'ਚ ਨਿਰਦੇਸ਼ਕ ਨੇ ਖੁਦ ਉਨ੍ਹਾਂ ਨੂੰ ਅਦਾਲਤ 'ਚ ਸਬੂਤ ਵਜੋਂ ਪੇਸ਼ ਕਰਕੇ ਕੇਸ ਤੋਂ ਛੁਟਕਾਰਾ ਪਾ ਲਿਆ। ਪਰ ਨਿਰਦੇਸ਼ਕ ਨੂੰ ਹਿੰਸਾ ਅਤੇ ਜਾਨਵਰਾਂ ਦੀ ਹੱਤਿਆ ਦੇ ਦੋਸ਼ 'ਚ 4 ਮਹੀਨਿਆਂ ਲਈ ਫ਼ਿਲਮ ਇੰਡਸਟਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।