(Source: ECI/ABP News/ABP Majha)
ਅੱਜ ਜੱਦੀ ਪਿੰਡ ਮੂਸਾ 'ਚ ਹੋਏਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ, ਅੰਨ੍ਹੇਵਾਹ ਗੋਲੀਆਂ ਮਾਰ ਕੀਤਾ ਗਿਆ ਸੀ ਕਤਲ
ਇਸ ਤੋਂ ਪਹਿਲਾਂ ਪਰਿਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਪੋਸਟਮਾਰਟਮ ਨਾ ਕਰਵਾਉਣ 'ਤੇ ਅੜੇ ਰਿਹਾ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਤੋਂ ਬਾਅਦ ਮੂਸੇਵਾਲਾ ਦਾ ਪਰਿਵਾਰ ਮੰਨ ਗਿਆ।ਪੰਜ ਡਾਕਟਰਾਂ ਦੇ ਪੈਨਲ ਨੇ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਰਿਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਪੋਸਟਮਾਰਟਮ ਨਾ ਕਰਵਾਉਣ 'ਤੇ ਅੜੇ ਰਿਹਾ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਤੋਂ ਬਾਅਦ ਮੂਸੇਵਾਲਾ ਦਾ ਪਰਿਵਾਰ ਮੰਨ ਗਿਆ ਅਤੇ ਸੋਮਵਾਰ ਦੇਰ ਸ਼ਾਮ ਪੰਜ ਡਾਕਟਰਾਂ ਦੇ ਪੈਨਲ ਨੇ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ। ਉਸ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿਖੇ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਇਸਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ ਅਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਉਧਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ 'ਤੇ ਵੀ ਸਰਕਾਰ 'ਤੇ ਸਵਾਲ ਚੁੱਕੇ ਹਨ। ਸੋਮਵਾਰ ਦੁਪਹਿਰ ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ।
ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਸ਼ਹੂਰ ਗਾਇਕ ਗੁਰਦਾਸ ਮਾਨ, ਗਾਇਕ ਆਰ ਨੇਤ, ਗਾਇਕਾ ਅਫਸਾਨਾ ਖਾਨ ਵੀ ਪਹੁੰਚੇ। ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਐਤਵਾਰ ਸ਼ਾਮ ਅਣਪਛਾਤੇ ਵਿਅਕਤੀਆਂ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੱਕ ਚਸ਼ਮਦੀਦ ਅਨੁਸਾਰ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਦਾ ਪਿੱਛਾ ਕਰਨ ਤੋਂ ਬਾਅਦ ਇੱਕ ਵਿਅਕਤੀ ਨੇ ਟਾਇਰ ਵਿੱਚ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿੱਚ ਇੱਕ ਹੋਰ ਵਿਅਕਤੀ ਨੇ ਮੂਸੇਵਾਲਾ 'ਤੇ ਅੰਨ੍ਹੇਵਾਹ ਫਾਈਰਿੰਗ ਕੀਤੀ।
ਹਮਲਾਵਰ ਸੱਤ ਲੋਕਾਂ ਦੇ ਕਰੀਬ ਸਨ ਜੋ ਦੋ ਮਿੰਟਾਂ ਵਿੱਚ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਉਸ ਅਨੁਸਾਰ ਇੱਕ ਬੋਲੈਰੋ ਅਤੇ ਇੱਕ ਹੋਰ ਲੰਬੀ ਕਾਰ ਸੀ। ਪੁਲੀਸ ਨੇ ਹਾਈ ਅਲਰਟ ’ਤੇ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕਰ ਦਿੱਤੀ, ਜਿਸ ਦੀ ਅਗਵਾਈ ਆਈਜੀ ਫਰੀਦਕੋਟ ਰੇਂਜ ਪ੍ਰਦੀਪ ਕੁਮਾਰ, ਐਸਐਸਪੀ ਮਾਨਸਾ ਗੌਰਵ ਤੂਰਾ ਨੇ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀ.ਐਮ.ਭਗਵੰਤ ਮਾਨ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ ਆਉਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਇਸ ਦੀ ਪ੍ਰਵਾਹ ਨਹੀਂ ਹੋਈ।
ਬਾਜਵਾ ਨੇ ਮੰਗ ਕੀਤੀ ਕਿ ਜਦੋਂ ਗੈਂਗਸਟਰ ਸਿੱਧੂ ਮੂਸੇਵਾਲਾ ਤੋਂ ਫਿਰੌਤੀ ਮੰਗਣ ਲਈ ਧਮਕੀ ਭਰੇ ਪੱਤਰ ਭੇਜਦੇ ਸਨ ਤਾਂ ਪੰਜਾਬ ਦੇ ਡੀਜੀਪੀ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਇਸ ਦੇ ਉਲਟ ਉਨ੍ਹਾਂ ਨੇ ਕਿਸ ਆਧਾਰ 'ਤੇ ਸੁਰੱਖਿਆ ਵਾਪਸ ਲਈ, ਇਸ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਹੋਣੀ ਚਾਹੀਦੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਪੰਜਾਬ ਦੇ ਨਾਂ 'ਤੇ ਧੱਬਾ ਹੈ, ਉਸ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ, ਸੀਬੀਆਈ ਅਤੇ ਐਨਆਈਏ ਦੀ ਮਦਦ ਨਾਲ ਜਾਂਚ ਲਈ ਕਮੇਟੀ ਬਣਾਈ ਜਾਵੇ।
ਸਿੱਧੂ ਮੂਸੇਵਾਲਾ ਦਾ ਸਿਆਸੀ ਕਤਲ : ਸੁੱਖੀ ਰੰਧਾਵਾ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਸਵਾਲ ਕੀਤਾ ਕਿ ਜਦੋਂ ਵੱਖ-ਵੱਖ ਏਜੰਸੀਆਂ ਵੱਲੋਂ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲਾ 'ਤੇ ਕਿਸੇ ਸਮੇਂ ਵੀ ਹਮਲਾ ਹੋ ਸਕਦਾ ਹੈ ਤਾਂ ਸੁਰੱਖਿਆ ਵਾਪਸ ਕਿਉਂ ਲਈ ਗਈ। ਉਨ੍ਹਾਂ ਕਿਹਾ ਕਿ ਇਹ ਸਭ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋਇਆ ਹੈ।