TMKOC: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਭੜਕਾਈਆਂ ਸਿੱਖਾਂ ਦੀਆਂ ਭਾਵਨਾਵਾਂ, ਸਿੱਖ ਦੇ ਗਲ 'ਚ ਟਾਇਰ ਪਾਉਣ ਦੇ ਸੀਨ 'ਤੇ ਵਿਵਾਦ
Tarak Mehta Ka Ooltah Chashma: ਸੀਰੀਅਲ ਦੇ ਇੱਕ ਐਪੀਸੋਡ 'ਚ ਸੀਨ ਦਿਖਾਇਆ ਗਿਆ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਦੇ ਗਲ 'ਚ ਟਾਇਰ ਪਾਇਆ ਜਾ ਰਿਹਾ ਹੈ। ਇਸ ਸੀਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਈਆਂ।
Tarak Mehta Ka Ooltah Chashma Controversy: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪੂਰੇ ਦੇਸ਼ ਦਾ ਹਰਮਨਪਿਆਰਾ ਟੀਵੀ ਸ਼ੋਅ ਹੈ। ਇਹ ਸੀਰੀਅਲ ਪਿਛਲੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ। ਇਸ ਸੀਰੀਅਲ ਦਾ ਹਰ ਕਿਰਦਾਰ ਘਰ-ਘਰ 'ਚ ਮਸ਼ਹੂਰ ਹੈ। ਪਰ ਹੁਣ 'ਤਾਰਕ ਮਹਿਤ.....' ਨੂੰ ਲੈਕੇ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ।
ਦਰਅਸਲ, ਸੀਰੀਅਲ ਦੇ ਇੱਕ ਐਪੀਸੋਡ 'ਚ ਸੀਨ ਦਿਖਾਇਆ ਗਿਆ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਦੇ ਗਲ 'ਚ ਟਾਇਰ ਪਾਇਆ ਜਾ ਰਿਹਾ ਹੈ। ਇਸ ਸੀਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਤਾਂ ਭੜਕਾਈਆਂ ਹੀ, ਤੇ ਨਾਲ ਹੀ 1984 ਦੇ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਵੀ ਹਰਾ ਕਰ ਦਿੱਤਾ ਹੈ।
ਹੁਣ ਇਸ ਸੀਨ 'ਤੇ ਸਿੱਖ ਜਥੇਬੰਦੀਆਂ ਇਤਰਾਜ਼ ਪ੍ਰਗਰ ਕਰ ਰਹੀਆਂ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਸੀਰੀਅਲ 'ਚ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਸੀਨ ਫਿਲਮਾਇਆ ਗਿਆ ਤਾਂ ਕਿ ਸਿੱਖਾਂ ਨੂੰ '84 ਕਤਲੇਆਮ ਦੀ ਯਾਦ ਕਰਵਾਈ ਜਾ ਸਕੇ। ਕਿਉਂਕਿ ਫਿਲਮ ਇੰਡਸਟਰੀ ਹਮੇਸ਼ਾ ਤੋਂ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਦੀ ਆਈ ਹੈ, ਇਸ ਲਈ ਸੀਰੀਅਲ 'ਚ ਇਸ ਤਰ੍ਹਾਂ ਦਾ ਸੀਨ ਦਿਖਾਇਆ ਜਾਣਾ ਕੋਈ ਵੱਡੀ ਗੱਲ ਨਹੀਂ।
ਇਸ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਇਹ ਸਭ ਕੁੱਝ ਜਾਣਬੁੱਝ ਕੇ ਸੋਚੀ ਸਮਝੀ ਗਈ ਸਾਜਸ਼ ਦੇ ਤਹਿਤ ਕੀਤਾ ਗਿਆ ਹੈ। ਵੱਖੋ-ਵੱਖ ਸਿੱਖ ਜਥੇਬੰਦੀਆਂ ਸੋਸ਼ਲ ਮੀਡੀਆ ;ਤੇ ਪੋਸਟਾਂ ਸ਼ੇਅਰ ਕਰ ਇਸ ਸੀਨ 'ਤੇ ਇਤਰਾਜ਼ ਪ੍ਰਗਟਾ ਰਹੀਆਂ ਹਨ ਅਤੇ ਸੀਰੀਅਲ ਤੋਂ ਇਸ ਸੀਨ ਨੂੰ ਹਟਵਾਉਣ ਦੀ ਮੰਗ ਕਰ ਰਹੀਆਂ ਹਨ।
View this post on Instagram
ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਵੱਲੋਂ ਹੈਸ਼ਟੈਗ ਬਾਈਕਾਟ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਨਾਂ ਨਾਲ ਮੁਹਿੰਮ ਵੀ ਚਲਾਈ ਗਈ ਹੈ, ਜੋ ਕਿ ਹੁਣ ਵੱਖੋ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਸੀਨ ਵਿੱਚ ਸਿੱਖ ਵਿਅਕਤੀ ਦੇ ਗਲ 'ਚ ਹੀ ਟਾਇਰ ਕਿਉਂ ਪਾਇਆ ਗਿਆ ਹੈ? ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਇਸ ਸੀਨ ਨੂੰ ਲੈਕੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।