ਜਦੋਂ ਆਮਿਰ ਖਾਨ ਨੇ ਅੱਧੀ ਰਾਤੀਂ ਗਿੱਪੀ ਗਰੇਵਾਲ ਨੂੰ ਅੰਗਰੇਜ਼ੀ `ਚ ਭੇਜਿਆ ਮੈਸੇਜ, ਗਿੱਪੀ ਨੇ 8 ਲੋਕਾਂ ਦੀ ਨੀਂਦ ਕਰ ਦਿੱਤੀ ਸੀ ਖਰਾਬ
Aamir Khan Gippy Grewal: ਗਿੱਪੀ ਦੀ ਦਿੱਕਤ ਇਹ ਸੀ ਕਿ ਇਹ ਮੈਸੇਜ ਇੰਗਲਿਸ਼ `ਚ ਸੀ। ਗਿੱਪੀ ਪੜ੍ਹ ਕੇ ਸਮਝ ਤਾਂ ਗਏ ਸੀ ਕਿ ਆਮਿਰ ਕੀ ਕਹਿ ਰਹੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਇੰਗਲਿਸ਼ `ਚ ਰਿਪਲਾਈ ਕਿਵੇਂ ਕਰਨਾ ਹੈ
Gippy Grewal Aamir Khan: ਗਿੱਪੀ ਗਰੇਵਾਲ ਅਜਿਹੇ ਕਲਾਕਾਰ ਹਨ ਕਿ ਬਾਲੀਵੁੱਡ ਵਾਲੇ ਵੀ ਉਨ੍ਹਾਂ ਦੇ ਫ਼ੈਨ ਹਨ। ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨਾਲ ਵੀ ਉਨ੍ਹਾਂ ਦੀ ਦੋਸਤੀ ਹੈ। ਸਲਮਾਨ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਕਹਾਣੀ ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਹੋ। ਤੇ ਹੁਣ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਇੱਕ ਹੋਰ ਮਜ਼ੇਦਾਰ ਕਿੱਸਾ ਜੋ ਆਮਿਰ ਖਾਨ ਤੇ ਗਿੱਪੀ ਗਰੇਵਾਲ ਦਰਮਿਆਨ ਹੋਇਆ। ਉਨ੍ਹਾਂ ਨੇ ਆਮਿਰ ਖਾਨ ਨਾਲ ਆਪਣੀ ਮੁਲਾਕਾਤ ਦਾ ਇੱਕ ਬਹੁਤ ਹੀ ਮਜ਼ਾਕੀਆ ਕਿੱਸਾ ਸ਼ੇਅਰ ਕੀਤਾ। ਜਦੋਂ ਆਮਿਰ ਖਾਨ ਨੇ ਗਿੱਪੀ ਗਰੇਵਾਲ ਨੂੰ ਉਨ੍ਹਾਂ ਦੀ ਇੰਟਰਵਿਊ ਕਰਨ ਲਈ ਕਿਹਾ ਸੀ। ਇਹ ਗੱਲ ਆਮਿਰ ਨੇ ਗਿੱਪੀ ਨੂੰ ਮੈਸੇਜ ਭੇਜ ਕੇ ਕਹੀ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਹ ਪੂਰਾ ਕਿੱਸਾ:
ਆਮਿਰ ਖਾਨ ਨੂੰ ਗਿੱਪੀ ਗਰੇਵਾਲ ਤਕਰੀਬਨ 10 ਸਾਲ ਤੋਂ ਜਾਣਦੇ ਹਨ। ਗਿੱਪੀ ਦਸਦੇ ਹਨ ਕਿ ਉਹ `ਧੂਮ 3` ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਤੋਂ ਆਮਿਰ ਨੂੰ ਜਾਣਦੇ ਹਨ। ਉਸੇ ਸਮੇਂ ਹੀ ਆਮਿਰ ਨੇ ਗਿੱਪੀ ਨੂੰ ਕਾਲ ਕੀਤਾ ਸੀ। ਆਮਿਰ ਨੇ ਕਿਹਾ, "ਗਿੱਪੀ ਮੈਂ ਚਾਹੁੰਦਾ ਹਾਂ ਕਿ ਉਸੀਂ ਮੇਰੀ ਇੰਟਰਵਿਊ ਕਰੋ।" ਗਿੱਪੀ ਨੇ ਲਗਭਗ ਮਨਾ ਕਰਦੇ ਹੋਏ ਕਿਹਾ, "ਭਾਜੀ ਮੈਨੂੰ ਤਾਂ ਆਉਂਦਾ ਨੀ ਇੰਟਰਵਿਊ ਕਰਨਾ। ਮੈਂ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਕੁੱਝ ਨਹੀਂ ਕੀਤਾ ਹੈ।" ਇਸ `ਤੇ ਆਮਿਰ ਨੇ ਕਿਹਾ, "ਕੋਈ ਦਿੱਕਤ ਨਹੀਂ ਹੈ। ਤੁਸੀਂ ਨਾ ਕਰੋ। ਆਓ ਮੈਂ ਤੁਹਾਡੀ ਇੰਟਰਵਿਊ ਕਰ ਲੈਂਦਾ ਹੈ।"
ਇਸ `ਤੇ ਗਿੱਪੀ ਮਨਾ ਨਹੀਂ ਕਰ ਸਕੇ। ਗਿੱਪੀ ਗਰੇਵਾਲ ਮੁੰਬਈ ਚਲੇ ਗਏ। ਉਨ੍ਹਾਂ ਦੀ ਫਲਾਈਟ ਲੇਟ ਸੀ। ਇਸ ਕਰਕੇ ਉਹ ਸਿੱਧਾ ਯਸ਼ਰਾਜ ਸਟੂਡੀਓ ਪਹੁੰਚ ਗਏ। ਉਹ ਮੇਕਅਪ ਕਰਵਾ ਰਹੇ ਸੀ ਕਿ ਉੱਥੇ ਆਮਿਰ ਖਾਨ ਆ ਗਏ। ਦੋਵਾਂ ਨੇ ਗੱਲਬਾਤ ਕੀਤੀ। ਹਾਲਚਾਲ ਪੁੱਛਿਆ। ਇੰਟਰਵਿਊ ਹੋਇਆ। ਆਮਿਰ ਨੇ ਗਿੱਪੀ ਨੂੰ ਡਿਨਰ ਲਈ ਪੁੱਛਿਆ। ਗਿੱਪੀ ਨੇ ਤੁਰੰਤ ਹਾਂ ਕਰ ਦਿੱਤੀ। ਡਿਨਰ ਤੋਂ ਬਾਅਦ ਦੋਵੇਂ ਆਪੋ ਆਪਣੇ ਰਸਤੇ ਹੋ ਗਏ। ਉਸੇ ਰਾਤ ਆਮਿਰ ਖਾਨ ਨੇ ਗਿੱਪੀ ਗਰੇਵਾਲ ਨੂੰ ਇੱਕ ਲੰਬਾ ਚੌੜਾ ਮੈਸੇਜ ਭੇਜਿਆ। ਇਹ ਇੱਕ ਸਾਧਾਰਨ ਜਿਹਾ ਟੈਕਸਟ ਮੈਸੇਜ ਸੀ, ਜੋ ਕਿਸੇ ਨੂੰ ਮਿਲਣ ਤੋਂ ਬਾਅਦ ਭੇਜਿਆ ਜਾਂਦਾ ਹੈ। ਮਿਲ ਕੇ ਚੰਗਾ ਲੱਗਿਆ ਟਾਈਪ ਮੈਸੇਜ।
ਗਿੱਪੀ ਦੀ ਦਿੱਕਤ ਇਹ ਸੀ ਕਿ ਇਹ ਮੈਸੇਜ ਇੰਗਲਿਸ਼ `ਚ ਸੀ। ਗਿੱਪੀ ਪੜ੍ਹ ਕੇ ਸਮਝ ਤਾਂ ਗਏ ਸੀ ਕਿ ਆਮਿਰ ਕੀ ਕਹਿ ਰਹੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਇੰਗਲਿਸ਼ `ਚ ਰਿਪਲਾਈ ਕਿਵੇਂ ਕਰਨਾ ਹੈ। ਉਨ੍ਹਾਂ ਨੇ ਚੰਡੀਗੜ੍ਹ ਆਪਣੇ ਮੈਨੇਜਰ ਨੂੰ ਫੋਨ ਕੀਤਾ ਅਤੇ ਉਸ ਨੇ ਗਿੱਪੀ ਨੂੰ ਦੱਸਿਆ ਕਿ ਕੀ ਲਿਖਣਾ ਹੈ। ਉਸ ਨੇ ਮੈਸੇਜ ਲਿਖ ਕੇ ਗਿੱਪੀ ਨੂੰ ਭੇਜਿਆ, ਜਿਸ ਨੂੰ ਗਿੱਪੀ ਨੇ ਅੱਗੇ ਫਾਰਵਰਡ ਕਰ ਦਿਤਾ। ਇਸ ਤਰ੍ਹਾਂ ਗਿੱਪੀ ਦੀ ਜਾਨ ਸੌਖੀ ਹੋਈ। ਇਸ ਤੋਂ ਬਾਅਦ ਰਾਤ ਦੇ ਢਾਈ ਵਜੇ ਆਮਿਰ ਨੇ ਇੱਕ ਹੋਰ ਲੰਬਾ ਮੈਸੇਜ ਲਿਖ ਕੇ ਗਿੱਪੀ ਨੂੰ ਭੇਜਿਆ। ਇੰਗਲਿਸ਼ `ਚ ਇੰਨਾ ਵੱਡਾ ਮੈਸੇਜ ਦੇਖ ਕੇ ਗਿੱਪੀ ਦੀ ਨੀਂਦ ਉੱਡ ਗਈ। ਉਹ ਚਾਹੁੰਦੇ ਸੀ ਕਿ ਉਹ ਮੈਸੇਜ ਦਾ ਤੁਰੰਤ ਰਿਪਲਾਈ ਕਰਨ। ਪਰ ਹੁਣ ਉਨ੍ਹਾਂ ਦਾ ਮੈਨੇਜਰ ਸੌਂ ਚੁੱਕਿਆ ਸੀ। ਇਸ ਲਈ ਉਸੇ ਰਾਤ ਗਿੱਪੀ ਨੇ 7-8 ਲੋਕਾਂ ਦੀ ਨੀਂਦ ਖਰਾਬ ਕਰ ਦਿਤੀ। ਉਹ ਹਰ ਕਿਸੇ ਨੂੰ ਇਹੀ ਕਹਿ ਰਹੇ ਸੀ ਕਿ ਇੰਗਲਿਸ਼ `ਚ ਕੀ ਲਿਖ ਕੇ ਭੇਜਾਂ। ਕਿਉਂਕਿ ਆਮਿਰ ਦੇ ਮੈਸੇਜ ਦਾ ਜਵਾਬ ਤਾਂ ਉਹ ਨਾਲ ਦੀ ਨਾਲ ਹੀ ਭੇਜਣਾ ਚਾਹੁੰਦੇ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਮੈਸੇਜ ਟਾਈਪ ਕਰਕੇ ਭੇਜਿਆ। ਇਹ ਗੱਲ ਗਿੱਪੀ ਨੇ ਦੋ ਸਾਲਾਂ ਬਾਅਦ ਆਮਿਰ ਖਾਨ ਨੂੰ ਦੱਸੀ ਅਤੇ ਆਮਿਰ ਦਾ ਹੱਸ ਹੱਸ ਬੁਰਾ ਹਾਲ ਹੋ ਗਿਆ। ਇਸ ਤੋਂ ਬਾਅਦ ਤੋਂ ਆਮਿਰ ਖਾਨ ਤੇ ਗਿੱਪੀ ਗਰੇਵਾਲ ਹੋਰ ਚੰਗੇ ਦੋਸਤ ਬਣ ਗਏ।