ਕੀ ਹੈ Dark Web, ਡੇਟਾ ਤੇ ਹਥਿਆਰ ਵੇਚਣ ਲਈ ਅਪਰਾਧੀ ਕਿਉਂ ਕਰਦੇ ਨੇ ਇਸਦੀ ਵਰਤੋਂ ? ਜਾਣੋ ਇਸ ਨਾਲ ਜੁੜੀ ਹਰ ਜਾਣਕਾਰੀ
Dark Web ਇੰਟਰਨੈੱਟ ਦਾ ਉਹ ਹਿੱਸਾ ਹੈ ਜੋ ਆਮ ਸਰਚ ਇੰਜਣਾਂ 'ਤੇ ਇੰਡੈਕਸ ਨਹੀਂ ਹੁੰਦਾ। ਇੱਥੇ ਪਛਾਣ, ਸਥਾਨ ਤੇ ਗਤੀਵਿਧੀ ਨੂੰ ਟਰੈਕ ਕਰਨਾ ਅਸੰਭਵ ਹੈ। ਇਸ ਲਈ ਇਹ ਅਪਰਾਧੀਆਂ ਲਈ ਇੱਕ ਪਸੰਦੀਦਾ ਜਗ੍ਹਾ ਬਣ ਜਾਂਦੀ ਹੈ।
ਤੁਸੀਂ Dark Web ਦਾ ਨਾਮ ਤਾਂ ਸੁਣਿਆ ਹੀ ਹੋਵੇਗਾ। ਇਹ ਇੰਟਰਨੈੱਟ 'ਤੇ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਲੋਕ ਨਹੀਂ ਪਹੁੰਚ ਸਕਦੇ। ਇੱਥੇ ਉਪਭੋਗਤਾ ਦੀ ਪਛਾਣ ਦਾ ਪਤਾ ਨਹੀਂ ਲਗਦਾ ਤੇ ਇਸ ਕਾਰਨ ਇੱਥੇ ਗੈਰ-ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹਨ। ਡਾਟਾ ਚੋਰੀ ਕਰਨ ਤੋਂ ਬਾਅਦ ਬਹੁਤ ਸਾਰੇ ਹੈਕਰ ਡਾਟਾ ਡਾਰਕ ਵੈੱਬ 'ਤੇ ਪਾ ਦਿੰਦੇ ਹਨ, ਜਿੱਥੋਂ ਦੂਜੇ ਲੋਕ ਇਸਨੂੰ ਖਰੀਦਦੇ ਹਨ। ਆਓ ਅੱਜ ਜਾਣਦੇ ਹਾਂ ਕਿ ਡਾਰਕ ਵੈੱਬ ਕੀ ਹੈ, ਇਸ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ ਤੇ ਇਹ ਅਪਰਾਧੀਆਂ ਲਈ ਇੱਕ ਸੁਰੱਖਿਅਤ ਜਗ੍ਹਾ ਕਿਉਂ ਹੈ।
ਡਾਰਕ ਵੈੱਬ ਕੀ ਹੈ?
ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿਸ ਤੱਕ ਆਮ ਸਰਚ ਇੰਜਣਾਂ ਦੀ ਵਰਤੋਂ ਕਰਕੇ ਪਹੁੰਚਿਆ ਨਹੀਂ ਜਾ ਸਕਦਾ। ਇਹ ਡੀਪ ਵੈੱਬ ਦਾ ਇੱਕ ਹਿੱਸਾ ਹੈ, ਜਿਸਨੂੰ ਸਰਚ ਇੰਜਣਾਂ 'ਤੇ ਇੰਡੈਕਸ ਨਹੀਂ ਕੀਤਾ ਜਾਂਦਾ। ਡਾਰਕ ਤੱਕ ਪਹੁੰਚ ਕਰਨ ਲਈ ਇੱਕ ਖਾਸ ਬ੍ਰਾਊਜ਼ਰ ਦੀ ਲੋੜ ਹੁੰਦੀ ਹੈ। ਇੱਥੇ ਉਪਭੋਗਤਾ ਨੂੰ ਆਪਣੀ ਪਛਾਣ ਤੇ ਸਥਾਨ ਦੱਸਣ ਦੀ ਜ਼ਰੂਰਤ ਨਹੀਂ ਹੈ, ਇਸੇ ਕਰਕੇ ਅਪਰਾਧੀ ਅਕਸਰ ਇਸਦੀ ਵਰਤੋਂ ਕਰਦੇ ਹਨ। ਇਸਦੀ ਵਰਤੋਂ ਨਿੱਜੀ ਜਾਣਕਾਰੀ ਤੋਂ ਲੈ ਕੇ ਹਥਿਆਰਾਂ ਦੀ ਖਰੀਦ ਅਤੇ ਵਿਕਰੀ ਤੱਕ ਹਰ ਚੀਜ਼ ਲਈ ਕੀਤੀ ਜਾਂਦੀ ਹੈ।
ਡਾਰਕ ਵੈੱਬ ਤੱਕ ਕਿਵੇਂ ਪਹੁੰਚ ਕਰੀਏ?
ਡਾਰਕ ਵੈੱਬ ਦੀ ਵਰਤੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਨਹੀਂ ਹੈ ਅਤੇ ਕਈ ਵਾਰ ਇਸਦੀ ਵਰਤੋਂ ਕਾਨੂੰਨੀ ਕੰਮ ਲਈ ਵੀ ਕੀਤੀ ਜਾਂਦੀ ਹੈ। ਹਾਲਾਂਕਿ, ਇਸਨੂੰ ਐਕਸੈਸ ਕਰਨ ਲਈ Tor ਵਰਗੇ ਇੱਕ ਵਿਸ਼ੇਸ਼ ਬ੍ਰਾਊਜ਼ਰ ਦੀ ਲੋੜ ਹੁੰਦੀ ਹੈ। ਇੱਥੇ ਵੈੱਬਸਾਈਟ ਦਾ ਡੋਮੇਨ ਸਰਫੇਸ ਵੈੱਬ ਵਾਂਗ .com ਜਾਂ .in ਨਹੀਂ ਹੈ, .onion ਡੋਮੇਨ ਡਾਰਕ ਵੈੱਬ 'ਤੇ ਚੱਲਦਾ ਹੈ।
ਅਪਰਾਧੀ ਡਾਰਕ ਵੈੱਬ ਦੀ ਵਰਤੋਂ ਕਿਉਂ ਕਰਦੇ ਹਨ?
ਡਾਰਕ ਵੈੱਬ 'ਤੇ ਗਤੀਵਿਧੀ, ਪਛਾਣ ਤੇ ਸਥਾਨ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਇਹ ਅਪਰਾਧੀਆਂ ਅਤੇ ਖਾਸ ਕਰਕੇ ਸਾਈਬਰ ਅਪਰਾਧ ਕਰਨ ਵਾਲਿਆਂ ਦੀ ਪਸੰਦੀਦਾ ਜਗ੍ਹਾ ਹੈ। ਇਸੇ ਲਈ ਹੈਕਰ ਚੋਰੀ ਕੀਤੇ ਡੇਟਾ ਨੂੰ ਵੇਚਣ ਲਈ ਇਸਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਇਸਦੀ ਵਰਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਜਾਅਲੀ ਦਸਤਾਵੇਜ਼ਾਂ ਦੀ ਖਰੀਦ-ਵੇਚ ਲਈ ਵੀ ਕੀਤੀ ਜਾਂਦੀ ਹੈ।