ਕੋਰੋਨਾ ਵਾਇਰਸ ਹੋਵੇ ਜਾਂ ਫਿਰ ਬਦਲਦਾ ਮੌਸਮ, ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ। ਛੋਟੇ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ (Immunity) ਕਾਫੀ ਕਮਜ਼ੋਰ ਹੁੰਦੀ ਹੈ। ਅਜਿਹੇ ਵਿੱਚ ਕਿਸੇ ਵੀ ਵਾਇਰਸ ਦੀ ਲਾਗ ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅੱਜ-ਕੱਲ੍ਹ ਕੋਰੋਨਾ ਦੀ ਦੂਜੀ ਲਹਿਰ ਤੋਂ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪਰ ਹੁਣ ਤੀਜੀ ਲਹਿਰ ਆਉਣ ਦੀਆਂ ਖ਼ਬਰਾਂ ਹਨ, ਜੋ ਕਿ ਬੱਚਿਆਂ ਲਈ ਕਾਫੀ ਖ਼ਤਰਨਾਕ ਦੱਸੀ ਜਾ ਰਹੀ ਹੈ। ਅਜਿਹੇ ਵਿੱਚ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਤੁਹਾਨੂੰ ਵੀ ਬੱਚਿਆਂ ਦੇ ਖਾਣੇ (Diet) ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨ ਦੀ ਲੋੜ ਹੈ, ਜਿਸ ਨਾਲ ਬੱਚਿਆਂ ਦੀ ਇਮਿਊਨਿਟੀ ਵੱਧ ਹੋਵੇ।
ਮੌਸਮੀ ਫਲ-ਸਬਜ਼ੀਆਂ:
ਬੱਚਿਆਂ ਦੀ ਇਮਿਊਨਿਟੀ ਦਵਾਈਆਂ ਨਾਲ ਨਹੀਂ ਬਲਕਿ ਉਨ੍ਹਾਂ ਦੇ ਖਾਣ-ਪੀਣ ਨਾਲ ਵਧੇ ਇਹੋ ਸਭ ਤੋਂ ਉੱਤਮ ਹੈ। ਬੱਚਿਆਂ ਦੀ ਖੁਰਾਕ ਵਿੱਚ ਮੌਸਮੀ ਫਲ ਤੇ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਬਿਮਾਰੀਆਂ ਦਾ ਟਾਕਰਾ ਆਪੇ ਕਰ ਸਕਣ। ਗਰਮੀ ਵਿੱਚ ਬੱਚਿਆਂ ਨੂੰ ਅੰਬ, ਅਮਰੂਦ, ਆਂਵਲਾ, ਬ੍ਰੋਕਲੀ ਅਤੇ ਕਟਹਲ ਜਿਹੀਆਂ ਚੀਜ਼ਾਂ ਦੇ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਭੋਜਨ ਵਿੱਚ ਸ਼ਾਮਲ ਕਰਨ ਨਾਲ ਬੱਚਿਆਂ ਦੀ ਇਮਿਊਨਿਟੀ ਵੀ ਵਧਦੀ ਹੈ ਅਤੇ ਉਨ੍ਹਾਂ ਦਾ ਵਿਕਾਸ ਵੀ ਚੰਗਾ ਹੁੰਦਾ ਹੈ।
ਮੁਰੱਬੇ-ਅਚਾਰ-ਚਟਨੀ:
ਬੱਚਿਆਂ ਨੂੰ ਸੌਸ ਤੇ ਜੈਮ ਆਦਿ ਕਾਫੀ ਪਸੰਦ ਹੁੰਦੇ ਹਨ। ਅਜਿਹੇ ਵਿੱਚ ਤੁਸੀਂ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਆਂਵਲਾ, ਨਿੰਬੂ, ਕਰੌਂਦਾ ਆਦਿ ਚਟਨੀ ਦੇ ਰੂਪ ਵਿੱਚ ਦੇ ਸਕਦੇ ਹੋ। ਇਨ੍ਹਾਂ ਚੀਜ਼ਾਂ ਦੇ ਬਣੇ ਮੁਰੱਬੇ, ਅਚਾਰ ਅਤੇ ਜੈਮ ਵੀ ਲਾਹੇਵੰਦ ਸਾਬਤ ਹੁੰਦੇ ਹਨ ਜੋ ਸਵਾਦ ਦੇ ਨਾਲ-ਨਾਲ ਸਿਹਤ ਵੀ ਦਿੰਦੇ ਹਨ।
ਸਵੇਰ ਦਾ ਖਾਣਾ ਹੋਵੇ ਪੌਸ਼ਟਿਕ:
ਬੱਚਿਆਂ ਨੂੰ ਨਾਸ਼ਤੇ ਵਿੱਚ ਜੰਕ ਫੂਡ ਦਾ ਬਿਲਕੁਲ ਹੀ ਨਹੀਂ ਦੇਣਾ ਚਾਹੀਦਾ। ਜੰਕ ਫੂਡ ਤੋਂ ਜਿੰਨਾ ਗੁਰੇਜ਼ ਹੋ ਸਕੇ ਕਰੋ। ਬੱਚਿਆਂ ਨੂੰ ਸਵੇਰ ਦੇ ਖਾਣੇ ਵਿੱਚ ਘਿਓ ਤੇ ਗੁੜ ਨਾਲ ਰੋਟੀ, ਹਲਵਾ, ਵੇਸਣ ਤੇ ਰਾਜਗੀਰਾ ਲੱਡੂ ਆਦਿ ਦਿੱਤੇ ਜਾ ਸਕਦੇ ਹਨ। ਰਾਤ ਸਮੇਂ ਸ਼ਰੀਰ ਵਿੱਚ ਕੌਰਟੀਸੋਲ ਹਾਰਮੋਨਜ਼ ਦਾ ਪੱਧਰ ਘੱਟ ਹੁੰਦਾ ਹੈ ਅਤੇ ਸਵੇਰੇ ਖਾਧਾ ਪੌਸ਼ਟਿਕ ਖਾਣਾ ਬੱਚਿਆਂ ਨੂੰ ਤਾਕਤ ਦਿੰਦਾ ਹੈ।
ਖਾਣੇ ਵਿੱਚ ਦਾਲ-ਚੌਲ ਕਰੋ ਸ਼ਾਮਲ:
ਬੱਚਿਆਂ ਦੇ ਹਰ ਖਾਣੇ ਨੂੰ ਵਧੀਆ ਢੰਗ ਨਾਲ ਤਿਆਰ ਕਰੋ। ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਖਾਣੇ ਵਿੱਚ ਦਾਲ-ਚੌਲ ਵੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਬੱਚਿਆਂ ਨੂੰ ਦਹੀ ਅਤੇ ਦੇਸੀ ਲੂਣ ਪਾ ਕੇ ਦਿੱਤੇ ਚੌਲ ਵੀ ਗੁਣਕਾਰੀ ਸਿੱਧ ਹੁੰਦੇ ਹਨ। ਇਸ ਤੋਂ ਇਲਾਵਾ ਦਾਲ ਵਿੱਚ ਘਿਓ ਪਾ ਕੇ ਚੌਲ ਦਿੱਤੇ ਜਾ ਸਕਦੇ ਹਨ। ਚੌਲਾਂ ਵਿੱਚ ਵਿਟਾਮਿਨ ਬੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਇਨ੍ਹਾਂ ਵਿੱਚ ਅਮਿਨੋ ਐਸਿਡ ਵੀ ਪਾਇਆ ਜਾਂਦਾ ਹੈ। ਇਸ ਨਾਲ ਬੱਚਿਆਂ ਵਿੱਚ ਚਿੜਚਿੜਾਪਨ ਵੀ ਦੂਰ ਹੁੰਦਾ ਹੈ।