Hikikomori In Japan : ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਅਤੇ ਮੁਸ਼ਕਲ ਹਾਲਾਤਾਂ ਤੋਂ ਪਰੇਸ਼ਾਨ ਲੋਕ ਅਕਸਰ ਇਕੱਲੇਪਣ ਵਿਚ ਰਹਿਣਾ ਪਸੰਦ ਕਰਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਵਧਣ 'ਤੇ ਇਹ ਸਮੱਸਿਆ ਹੋਰ ਵਧ ਜਾਂਦੀ ਹੈ। ਕੋਰੋਨਾ ਮਹਾਮਾਰੀ ਨੇ ਇਸ ਸਮੱਸਿਆ ਨੂੰ ਤੇਜ਼ੀ ਨਾਲ ਵਧਾਉਣ ਦਾ ਕੰਮ ਕੀਤਾ ਹੈ। ਕਿਉਂਕਿ ਲੌਕਡਾਊਨ ਕਾਰਨ ਪੂਰੀ ਦੁਨੀਆ ਘਰ ਦੀ ਚਾਰ ਦੀਵਾਰੀ 'ਚ ਕੈਦ ਹੋ ਗਈ ਸੀ। ਅੱਜਕੱਲ੍ਹ ਇਕੱਲੇਪਣ ਦੀ ਸਮੱਸਿਆ ਦੇਸ਼ ਦੀ ਸਰਕਾਰ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਾਪਾਨ ਵਿੱਚ ਕੰਮਕਾਜੀ ਉਮਰ ਦੇ 15 ਲੱਖ ਤੋਂ ਵੱਧ ਲੋਕ ਆਪਣੇ ਘਰਾਂ ਵਿੱਚ ਕੈਦ ਹਨ। ਇਹ ਲੋਕ ਨਾ ਤਾਂ ਘਰੋਂ ਨਿਕਲਦੇ ਹਨ ਅਤੇ ਨਾ ਹੀ ਲੋਕਾਂ ਨੂੰ ਮਿਲਣਾ ਪਸੰਦ ਕਰਦੇ ਹਨ।
ਜਾਪਾਨ ਵਿਚ ਸਮਾਜ ਤੋਂ ਵੱਖ ਹੋ ਕੇ ਇਕੱਲੇ ਰਹਿਣ ਦੀ ਇਸ ਪ੍ਰਕਿਰਿਆ ਨੂੰ 'ਹਿਕੀਕੋਮੋਰੀ' ਕਿਹਾ ਜਾਂਦਾ ਹੈ। ਜਾਪਾਨ ਵਿਚ ਇਸ ਦਾ ਰੁਝਾਨ ਵਧ ਰਿਹਾ ਹੈ। ਹਿਕੀਕੋਮੋਰੀ ਤੋਂ ਪੀੜਤ ਲੋਕ ਕਿਸੇ ਨਾਲ ਗੱਲ ਕਰਨਾ ਜਾਂ ਜੁੜਨਾ ਪਸੰਦ ਨਹੀਂ ਕਰਦੇ। ਉਹ ਘਰ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। 10 ਤੋਂ 69 ਸਾਲ ਦੀ ਉਮਰ ਦੇ 30,000 ਜਾਪਾਨੀ ਲੋਕਾਂ 'ਤੇ ਕੀਤੇ ਗਏ ਸਰਵੇਖਣ ਅਨੁਸਾਰ 15-62 ਉਮਰ-ਸਮੂਹ ਦੇ 2% ਹਿਕੀਕੋਮੋਰੀ ਤੋਂ ਪੀੜਤ ਹਨ।
ਇਹ ਵੀ ਪੜ੍ਹੋ : ਮੋਗਾ ਦੇ ਬੁੱਕਣਵਾਲਾ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਘਟਨਾ CCTV 'ਚ ਹੋਈ ਕੈਦ
ਕੀ ਹੈ ਹਿਕੀਕੋਮੋਰੀ ?
ਮੰਨਿਆ ਜਾਂਦਾ ਹੈ ਕਿ 'ਹਿਕੀਕੋਮੋਰੀ' ਸ਼ਬਦ ਜਾਪਾਨ ਵਿੱਚ 1990 ਦੇ ਦਹਾਕੇ ਵਿੱਚ ਉਨ੍ਹਾਂ ਨੌਜਵਾਨਾਂ ਲਈ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੇ ਆਪ ਨੂੰ ਸਮਾਜ ਤੋਂ ਵੱਖ ਕਰ ਲਿਆ ਸੀ ਅਤੇ ਆਪਣੇ ਆਪ ਨੂੰ ਆਪਣੇ ਘਰਾਂ ਵਿੱਚ ਅਲੱਗ ਕਰ ਲਿਆ ਸੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ ਉਸ ਵਿਅਕਤੀ ਨੂੰ ਹਿਕੀਕੋਮੋਰੀ ਮੰਨਿਆ ਜਾਂਦਾ ਹੈ, ਜੋ ਸਮਾਜ ਤੋਂ ਦੂਰੀ ਬਣਾ ਕੇ ਰੱਖਦਾ ਹੈ ਜਾਂ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੱਕ ਉਸ ਤੋਂ ਦੂਰ ਰਹਿੰਦਾ ਹੈ। ਹਿਕੀਕੋਮੋਰੀ ਤਣਾਅ, ਉਦਾਸੀ, ਪੜ੍ਹਾਈ ਦਾ ਦਬਾਅ, ਰਿਸ਼ਤਿਆਂ ਵਿੱਚ ਮਤਭੇਦ ਅਤੇ ਸਮਾਜਿਕ ਫੋਬੀਆ ਆਦਿ ਨਾਲ ਜੁੜਿਆ ਹੋਇਆ ਹੈ।
ਕਿਉਂ ਵਧ ਰਿਹਾ ਹੈ ਜਾਪਾਨ 'ਚ 'ਹਿਕੀਕੋਮੋਰੀ' ਦਾ ਟ੍ਰੇਂਡ ?
ਕਈ ਕਾਰਨਾਂ ਕਰਕੇ ਜਾਪਾਨ ਵਿੱਚ ਹਿਕੀਕੋਮੋਰੀ ਦਾ ਟ੍ਰੇਂਡ ਵਧ ਰਿਹਾ ਹੈ। ਜਪਾਨ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕਰਨ ਅਤੇ ਹੋਰ ਪੜ੍ਹਾਈ ਕਰਨ ਲਈ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਵਿੱਚ ਤਣਾਅ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਰੀਅਰ ਦੇ ਵਾਧੇ ਦਾ ਤਣਾਅ, ਕੁਝ ਨਾ ਕਰ ਸਕਣ ਦਾ ਦਬਾਅ ਵੀ ਇਸ ਦੇ ਵਧਣ ਦੇ ਕਾਰਨਾਂ 'ਚ ਸ਼ਾਮਲ ਹੈ। ਹਿਕੀਕੋਮੋਰੀ ਦਾ ਇਲਾਜ ਆਮ ਤੌਰ 'ਤੇ ਦਵਾਈ ਨਾਲ ਨਹੀਂ ਪਰ ਮਨੋ-ਚਿਕਿਤਸਾ ਨਾਲ ਕੀਤਾ ਜਾਂਦਾ ਹੈ। ਹਾਲਾਂਕਿ, ਮਾਨਸਿਕ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਦੀ ਵੀ ਲੋੜ ਹੈ। ਹਿਕੀਕੋਮੋਰੀ ਤੋਂ ਪੀੜਤ ਲੋਕਾਂ ਨੂੰ ਪਰਿਵਾਰ ਜਾਂ ਡਾਕਟਰੀ ਪੇਸ਼ੇਵਰ ਦੀ ਸਹਾਇਤਾ ਦੀ ਲੋੜ ਹੁੰਦੀ ਹੈ।