World Heart Day: ਦਿਲ ਦੀ ਬਿਮਾਰੀ ਦੀ ਸਮੱਸਿਆ ਵਿਸ਼ਵ ਪੱਧਰ 'ਚ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਹਰ ਉਮਰ ਦੇ ਲੋਕ ਸ਼ਿਕਾਰ ਹੋ ਰਹੇ ਹਨ। ਨੌਜਵਾਨ ਵਰਗ ਵਿੱਚ ਵੀ ਇਹ ਸਮੱਸਿਆ ਵਧਦੀ ਨਜ਼ਰ ਆ ਰਹੀ ਹੈ। ਹਾਲੀਆ ਰਿਪੋਰਟਾਂ 'ਚ ਸਾਹਮਣੇ ਆਇਆ ਹੈ ਕਿ ਬੈਠੇ-ਬੈਠੇ, ਜਿੰਮ ਵਿੱਚ ਕਸਰਤ ਦਰਦੇ ਹੋਏ ਤੇ ਰੁਟੀਨ ਦਾ ਕੰਮ ਕਰਦੇ ਹੋਏ ਦਿਲ ਦੇ ਦੌਰੇ ਪੈ ਰਹੇ ਹਨ ਤੇ ਇਸ ਨਾਲ ਮੌਤਾਂ ਤੱਕ ਹੋ ਰਹੀਆਂ ਹਨ। ਸਿਹਤ ਮਾਹਿਰਾਂ ਨੇ ਦਾ ਕਹਿਣਾ ਹੈ ਕਿ ਜੀਵਨਸ਼ੈਲੀ ਤੇ ਖੁਰਾਕ ਵਿੱਚ ਗੜਬੜੀ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ, ਜਿਸ ਲਈ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਦੱਸ ਦਈਏ ਕਿ ਹਰ ਸਾਲ 29 ਸਤੰਬਰ ਨੂੰ ਦਿਲ ਦੀ ਬਿਮਾਰੀ ਤੇ ਇਸ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਗਰੂਕਤਾ ਵਧਾਉਣ ਤੇ ਇਸ ਦੀ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ਵ ਦਿਲ ਦਿਵਸ (World Heart Day) ਮਨਾਇਆ ਜਾਂਦਾ ਹੈ। ਇਸ ਲਈ ਅੱਜ ਇਸ ਵਿਸ਼ੇਸ਼ ਲੇਖ ਵਿੱਚ ਹਾਰਟ ਅਟੈਕ ਦੇ ਕਾਰਨਾਂ ਤੇ ਇਸ ਤੋਂ ਬਚਾਅ ਬਾਰੇ ਚਰਚਾ ਕਰਾਂਗੇ।
ਜਾਮਾ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਈ ਕਾਰਕ ਹਨ ਜੋ ਦਿਲ ਦੇ ਦੌਰੇ ਤੇ ਕਾਰਡੀਅਕ ਅਰੈਸਟ ਦੇ ਜ਼ੋਖਮ ਨੂੰ ਵਧਾਉਂਦੇ ਹਨ। ਫੈਮਿਲੀ ਹਿਸਟਰੀ ਦੇ ਨਾਲ-ਨਾਲ ਮਾੜੀ ਖੁਰਾਕ, ਮੋਟਾਪਾ, ਸਰੀਰਕ ਗਤੀਵਿਧੀ ਦੀ ਕਮੀ, ਸ਼ਰਾਬ ਦਾ ਸੇਵਨ, ਹਾਈ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਇਨ੍ਹਾਂ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦੇ ਹਨ। ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਹੋਏ, ਉਨ੍ਹਾਂ ਲਈ ਹੋਰ ਵੀ ਸਾਵਧਾਨ ਰਹਿਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ, ਕੀ ਹੈ ਇਸ ਦਾ ਕਾਰਨ?
ਮਾਹਿਰ ਕੀ ਕਹਿੰਦੇ ਹਨ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਛੋਟੀ ਉਮਰ ਤੋਂ ਹੀ ਕੋਸ਼ਿਸ਼ ਕਰਦੇ ਰਹਿਣਾ ਜ਼ਰੂਰੀ ਹੈ। ਸਮੇਂ ਸਿਰ ਦਿਲ ਸਬੰਧੀ ਸੰਭਾਵੀ ਸਮੱਸਿਆਵਾਂ ਦਾ ਪਤਾ ਲਾਉਣ ਲਈ, ਨਿਯਮਤ ਸਿਹਤ ਜਾਂਚ ਕਰਵਾਓ। ਇਸ ਦੇ ਨਾਲ ਹੀ ਸਹੀ ਖੁਰਾਕ ਤੇ ਰੋਜ਼ਾਨਾ ਉਪਾਅ ਕਰਕੇ ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਦੋਵਾਂ ਨੂੰ ਕੰਟਰੋਲ 'ਚ ਰੱਖੋ। ਕੋਲੈਸਟ੍ਰੋਲ ਦੇ ਵਧੇ ਹੋਏ ਪੱਧਰ ਧਮਨੀਆਂ ਵਿੱਚ ਪਲੇਕ ਦੇ ਗਠਨ ਨੂੰ ਉਤਸ਼ਾਹਿਤ ਕਰ ਸਕਦੇ ਹਨ, ਜੋ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦਾ ਹੈ। ਦਿਲ 'ਤੇ ਵਾਧੂ ਦਬਾਅ ਨੂੰ ਘਟਾਉਣ ਲਈ ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖਣਾ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਆਓ ਜਾਣਦੇ ਹਾਂ ਦਿਲ ਨੂੰ ਸਿਹਤਮੰਦ ਰੱਖਣ ਲਈ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਹਨ?
1. ਸ਼ਰਾਬ ਤੇ ਸਿਗਰਟਨੋਸ਼ੀ ਤੋਂ ਕਰੋ ਤੌਬਾ
ਦਿਲ ਨੂੰ ਸਿਹਤਮੰਦ ਰੱਖਣ ਲਈ ਸ਼ਰਾਬ ਤੇ ਸਿਗਰਟਨੋਸ਼ੀ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਸਿਗਰਟਨੋਸ਼ੀ ਧਮਨੀਆਂ ਦੀ ਪਰਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਪਲੇਕ ਬਣਨ ਦੇ ਜ਼ੋਖਮ ਨੂੰ ਵਧਾ ਸਕਦੀ ਹੈ। ਇਨ੍ਹਾਂ ਹਾਲਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਵੱਧ ਜਾਂਦਾ ਹੈ। ਸਿਗਰਟਨੋਸ਼ੀ ਵਾਂਗ ਸ਼ਰਾਬ ਦਾ ਸੇਵਨ ਵੀ ਹਾਨੀਕਾਰਕ ਹੈ। ਸ਼ਰਾਬ ਪੀਣਾ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ ਤੇ ਦਿਲ ਦੇ ਤਾਲ ਵਿੱਚ ਵਿਘਨ ਪਾ ਸਕਦਾ ਹੈ।
2. ਦਿਲ ਦੀ ਆਵਾਜ਼ ਸੁਣੋ
ਦਿਲ ਦੀ ਕਿਸੇ ਵੀ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਪਣੇ ਸਰੀਰ ਦੀ ਆਵਾਜ਼ ਨੂੰ ਸੁਣੋ। ਜੇਕਰ ਤੁਹਾਨੂੰ ਛਾਤੀ ਵਿੱਚ ਦਰਦ ਤੇ ਸਾਹ ਚੜ੍ਹਦਾ ਰਹਿੰਦਾ ਹੈ, ਤਾਂ ਇਹ ਦਿਲ ਦੀਆਂ ਗੰਭੀਰ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਸਮੇਂ ਸਿਰ ਧਿਆਨ ਦੇਣ ਤੇ ਇਲਾਜ ਦੀ ਲੋੜ ਹੁੰਦੀ ਹੈ। ਦਿਲ ਦੀ ਧੜਕਣ ਵਧਣਾ ਜਾਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਨਾ ਵੀ ਸਿਹਤ ਲਈ ਚੰਗਾ ਨਹੀਂ।
3. ਚੰਗੀ ਨੀਂਦ ਲੈਣਾ ਜ਼ਰੂਰੀ
ਨੀਂਦ ਦੀ ਕਮੀ ਜਾਂ ਅਨਿੰਦਰਾ ਵਰਗੀਆਂ ਸਮੱਸਿਆਵਾਂ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਨਾਲ ਦਿਲ ਦੀ ਸਿਹਤ 'ਤੇ ਵੀ ਨਕਾਰਾਤਮਕ ਪ੍ਰਭਾਵ ਦਾ ਜ਼ੋਖ਼ਮ ਹੁੰਦਾ ਹੈ। ਦਿਲ ਨੂੰ ਤੰਦਰੁਸਤ ਰੱਖਣ ਦੀ ਰੁਟੀਨ ਦਾ ਨੀਂਦ ਇੱਕ ਜ਼ਰੂਰੀ ਹਿੱਸਾ ਹੈ। ਹਰ ਰਾਤ ਘੱਟ ਤੋਂ ਘੱਟ 6-8 ਘੰਟੇ ਦੀ ਨੀਂਦ ਲਓ। ਚੰਗੀ ਨੀਂਦ ਨੂੰ ਪਹਿਲ ਦੇਣ ਨਾਲ ਤੁਸੀਂ ਨਾ ਸਿਰਫ਼ ਦਿਲ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ, ਇਹ ਤੁਹਾਨੂੰ ਕਈ ਹੋਰ ਵੀ ਬਿਮਾਰੀਆਂ ਤੋਂ ਬਚਾਉਂਦਾ ਹੈ।
4. ਤਣਾਅ ਨੂੰ ਘਟਾਓ
ਬਹੁਤ ਜ਼ਿਆਦਾ ਤਣਾਅ ਤੁਹਾਡੀ ਸਮੁੱਚੀ ਸਿਹਤ ਲਈ ਖਤਰਨਾਕ ਹੈ। ਲੰਬੇ ਸਮੇਂ ਤੱਕ ਤਣਾਅ ਦਿਲ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰਨ ਵਾਲਾ ਮੰਨਿਆ ਜਾਂਦਾ ਹੈ। ਤਣਾਅ ਕਾਰਨ, ਕੋਰਟੀਸੋਲ ਹਾਰਮੋਨ ਦਾ ਪੱਧਰ ਕਾਫ਼ੀ ਵਧ ਜਾਂਦਾ ਹੈ ਇਸ ਨਾਲ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਦੋਵਾਂ ਦੇ ਵਧਣ ਦਾ ਖ਼ਤਰਾ ਵਧ ਜਾਂਦਾ ਹੈ।
5. ਰੋਜ਼ਾਨਾ ਕਸਰਤ ਦੇ ਲਾਭ
ਤੰਦਰੁਸਤੀ ਵੱਲ ਧਿਆਨ ਦੇਣਾ ਤੇ ਨਿਯਮਤ ਕਸਰਤ ਦੀ ਆਦਤ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੈ। ਇਸ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰੋ। ਮੱਧਮ-ਤੀਬਰਤਾ ਵਾਲੀ ਕਸਰਤ ਜਿਵੇਂ ਤੇਜ਼ ਸੈਰ, ਜੌਗਿੰਗ, ਸਾਈਕਲਿੰਗ ਜਾਂ ਤੈਰਾਕੀ ਤੁਹਾਡੇ ਦਿਲ ਲਈ ਫਾਇਦੇਮੰਦ ਹੈ। ਵਜ਼ਨ ਨੂੰ ਘੱਟ ਰੱਖਣ, ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਕਸਰਤ ਦੀ ਆਦਤ ਸਭ ਤੋਂ ਵੱਧ ਫਾਇਦੇਮੰਦ ਹੋ ਸਕਦੀ ਹੈ।