ਬਰਨਾਲਾ 'ਚ 15 ਨਸ਼ਾ ਤਸਕਰ ਗ੍ਰਿਫਤਾਰ, ਢਾਈ ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ, ਹੈਰੋਇਨ ਤੇ ਹਥਿਆਰ ਬਰਾਮਦ
ਬਰਨਾਲਾ ਪੁਲਿਸ ਵੱਲੋਂ 15 ਨਸ਼ਾ ਤਸਕਰਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਕਾਬੂ ਕੀਤਾ ਹੈ। ਇਨ੍ਹਾਂ ਤੋਂ 2 ਲੱਖ 34 ਹਜ਼ਾਰ 300 ਨਸ਼ੀਲੀਆਂ ਗੋਲੀਆਂ ਤੇ 950 ਗ੍ਰਾਮ ਹੈਰੋਇਨ ਤੇ ਪਿਸਤੌਲ ਸਮੇਤ ਕੁੱਝ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਬਰਨਾਲਾ: ਬਰਨਾਲਾ ਪੁਲਿਸ ਵੱਲੋਂ 15 ਨਸ਼ਾ ਤਸਕਰਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਕਾਬੂ ਕੀਤਾ ਹੈ। ਇਨ੍ਹਾਂ ਤੋਂ 2 ਲੱਖ 34 ਹਜ਼ਾਰ 300 ਨਸ਼ੀਲੀਆਂ ਗੋਲੀਆਂ ਤੇ 950 ਗ੍ਰਾਮ ਹੈਰੋਇਨ ਤੇ ਪਿਸਤੌਲ ਸਮੇਤ ਕੁੱਝ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਚਾਰ ਵੱਖ-ਵੱਖ ਮਾਮਲਿਆਂ ਵਿੱਚ 15 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ 2,34,300 ਨਸ਼ੀਲੀਆਂ ਗੋਲੀਆਂ 950 ਗ੍ਰਾਮ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਪਹਿਲਾਂ ਇਸ ਮਾਮਲੇ ਵਿੱਚ ਬਰਨਾਲਾ ਪੁਲਿਸ ਵੱਲੋਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦਾ ਸਰਗਨਾ ਸੁਧੀਰ ਕੁਮਾਰ ਉਸ ਨੂੰ ਬਰਨਾਲਾ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪੰਜ ਨਸ਼ਾ ਤਸਕਰਾਂ ਤੋਂ 2,20,000 ਨਸ਼ੀਲੀਆਂ ਗੋਲੀਆਂ ਤੇ ਨਸ਼ਾ ਸਪਲਾਈ ਕਰਨ ਲਈ ਇਸਤੇਮਾਲ ਕਰਨ ਵਾਲੀਆਂ 2 ਗੱਡੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਦੂਜੇ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਇੱਕ ਔਰਤ ਸਹਿਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ 14,300 ਨਸ਼ੀਲੀਆਂ ਗੋਲੀਆਂ ਤੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿਸ ਔਰਤ ਤਸਕਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ 10 ਮਾਮਲੇ ਬਰਨਾਲਾ ਦੇ ਵੱਖ-ਵੱਖ ਥਾਣਾ ਵਿੱਚ ਦਰਜ ਹਨ। ਇਸੇ ਤਰ੍ਹਾਂ ਬਰਨਾਲਾ ਪੁਲਿਸ ਨੇ ਤੀਸਰੇ ਮਾਮਲੇ ਵਿੱਚ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਤੋਂ 330 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਨਸ਼ਾ ਤਸਕਰਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਚੌਥੇ ਮਾਮਲੇ ਵਿੱਚ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਤੋਂ 320 ਗ੍ਰਾਮ ਹੈਰੋਇਨ, ਇੱਕ 12 ਬੋਰ ਦੀ ਦੇਸੀ ਪਿਸਤੌਲ, 1 ਏਅਰ ਗਨ ਤੇ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗਰੋਹ ਦਾ ਸਰਗਨਾ ਗੁਰਪ੍ਰੀਤ ਸਿੰਘ ਪਿਛਲੇ ਦਿਨਾਂ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਸ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਉਣ ਦੇ ਕਾਰਨ ਪੁਲਿਸ ਨੇ ਆਰੋਪੀ ਨੂੰ ਕੋਰੋਨਾ ਕੇਅਰ ਸੈਂਟਰ ਵਿੱਚ ਦਾਖਲ ਕਰਵਾਇਆ ਸੀ, ਜਿੱਥੋਂ ਆਰੋਪੀ ਫਰਾਰ ਹੋ ਗਿਆ ਸੀ।
ਕੁਝ ਦਿਨ ਪਹਿਲਾਂ ਬਰਨਾਲਾ ਦੇ ਤਪਾ ਵਿੱਚ ਇੱਕ ਵਿਅਕਤੀ ਵਲੋਂ 3 ਲੱਖ ਰੁਪਏ ਖੋਹਣ ਦੀ ਕੋਸ਼ਿਸ਼ ਇਸ ਗਰੋਹ ਵਲੋਂ ਕੀਤੀ ਗਈ ਸੀ ਅਤੇ ਇਹ ਗਰੋਹ ਬਰਨਾਲਾ ਵਿੱਚ ਕਿਸੇ ਬੈਂਕ ਨੂੰ ਲੁੱਟਣ ਦੀ ਤਾਕ ਵਿੱਚ ਸੀ। ਪੁਲਿਸ ਨੇ ਇਨ੍ਹਾਂ ਨੂੰ ਪਹਿਲਾਂ ਹੀ ਧਰ ਦਬੋਚਿਆ। ਉਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਆਰੋਪੀਆਂ ਵੱਲੋਂ ਪੁਲਿਸ ਗਹਿਰਾਈ ਨਾਲ ਪੁੱਛਗਿਛ ਕਰ ਰਹੀ ਹੈ ਤੇ ਛੇਤੀ ਹੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।