7th Pay Commission: DA ਵਧਾਉਣ ਤੋਂ ਬਾਅਦ ਜਾਣੋ ਮੁਲਾਜ਼ਮਾਂ ਦੀ ਤਨਖਾਹ ਕਿੰਨੀ ਵਧੇਗੀ, ਇੰਝ ਕਰੋ ਕੈਲਕੁਲੇਟ
ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ। ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ) ਵਿੱਚ 11 ਫ਼ੀਸਦੀ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ। ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ) ਵਿੱਚ 11 ਫ਼ੀਸਦੀ ਦਾ ਵਾਧਾ ਹੋਇਆ ਹੈ। ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 17 ਫ਼ੀਸਦੀ ਤੋਂ ਵਧ ਕੇ 28 ਫ਼ੀਸਦੀ ਹੋ ਗਿਆ ਹੈ। ਕੇਂਦਰ ਸਰਕਾਰ ਨੇ ਡੀ.ਏ. ਨੂੰ ਫਿਰ ਤੋਂ ਬਹਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਹੋਈ ਮੰਤਰੀਮੰਡਲ ਦੀ ਬੈਠਕ 'ਚ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਤੇ ਲੱਗੀ ਰੋਕ ਹਟਾਉਣ ਦਾ ਫ਼ੈਸਲਾ ਕੀਤਾ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 17 ਫ਼ੀਸਦੀ ਦੀ ਥਾਂ 28 ਫ਼ੀਸਦੀ ਮਹਿੰਗਾਈ ਭੱਤਾ ਮਿਲੇਗਾ। ਕੇਂਦਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਤੋਂ ਵੱਧ ਤਨਖਾਹ ਮਿਲੇਗੀ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ (ਡੀ.ਏ.) 17 ਜੁਲਾਈ ਤੋਂ ਵਧਾ ਕੇ 28 ਫ਼ੀਸਦੀ ਕਰ ਦਿੱਤਾ ਗਿਆ ਹੈ, ਇਹ 1 ਜੁਲਾਈ 2021 ਤੋਂ ਲਾਗੂ ਹੋਇਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਦੇ 48 ਲੱਖ 34 ਹਜ਼ਾਰ ਕੇਂਦਰੀ ਮੁਲਾਜ਼ਮਾਂ ਅਤੇ 65 ਲੱਖ 26 ਹਜ਼ਾਰ ਪੈਨਸ਼ਨਰਾਂ ਨੂੰ ਸਿੱਧਾ ਲਾਭ ਮਿਲੇਗਾ। ਦੱਸ ਦੇਈਏ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਸਰਕਾਰ ਨੇ ਡੀਏ ਵਿੱਚ ਵਾਧੇ ਤੇ ਪਾਬੰਦੀ ਲਗਾ ਦਿੱਤੀ ਸੀ।
ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਡੀਏ ਤੇ ਡੀਆਰ ਦੀਆਂ ਤਿੰਨ ਵਾਧੂ ਕਿਸ਼ਤਾਂ ਨੂੰ ਰੋਕ ਦਿੱਤਾ ਸੀ। ਇਹ ਕਿਸ਼ਤਾਂ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਬਕਾਇਆ ਸਨ। ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ 1 ਜਨਵਰੀ 2020 ਤੋਂ 30 ਜੂਨ 2021 ਤੱਕ ਦੇ ਅਰਸੇ ਲਈ ਕੋਈ ਬਕਾਇਆ ਅਦਾ ਨਹੀਂ ਕੀਤਾ ਜਾਵੇਗਾ। ਇਸ ਮਿਆਦ ਲਈ ਡੀਏ/ਡੀਆਰ ਦੀ ਦਰ ਇਕਸਾਰਤਾ 17 ਫ਼ੀਸਦੀ ਰਹੇਗੀ।
ਕਿਸ ਨੂੰ ਫਾਇਦਾ ਹੋਏਗਾ
ਡੀਏ ਵਿਚ 11 ਫ਼ੀਸਦੀ ਵਾਧੇ ਨਾਲ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 'ਚ ਵੱਡਾ ਵਾਧਾ ਹੋਵੇਗਾ। ਹਾਲਾਂਕਿ ਇਹ ਕਰਮਚਾਰੀਆਂ ਦੇ ਤਨਖਾਹ ਸਕੇਲ 'ਤੇ ਨਿਰਭਰ ਕਰੇਗਾ ਕਿ ਉਨ੍ਹਾਂ ਦੀ ਤਨਖਾਹ ਕਿੰਨੀ ਵਧੇਗੀ। ਇੱਕ ਅਨੁਮਾਨ ਅਨੁਸਾਰ 18,000 ਰੁਪਏ ਦੀ ਮੁੱਢਲੀ ਤਨਖਾਹ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ 5040 ਰੁਪਏ ਪ੍ਰਤੀ ਮਹੀਨਾ ਅਤੇ 60,480 ਰੁਪਏ ਪ੍ਰਤੀ ਸਾਲ ਮਹਿੰਗਾਈ ਭੱਤਾ ਮਿਲੇਗਾ, ਜੋ ਇਸ ਸਮੇਂ 17% ਡੀਏ ਅਤੇ 36,720 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ 3060 ਰੁਪਏ ਪ੍ਰਤੀ ਮਹੀਨਾ ਮਿਲ ਰਿਹਾ ਹੈ। ਇਸ ਹਿਸਾਬ ਨਾਲ ਡੀਏ ਵਧਾਉਣ ਤੋਂ ਬਾਅਦ 18,000 ਰੁਪਏ ਦੀ ਮੁੱਢਲੀ ਤਨਖਾਹ ਕਮਾਉਣ ਵਾਲੇ ਇੱਕ ਕਰਮਚਾਰੀ ਨੂੰ ਹਰ ਮਹੀਨੇ 1980 ਰੁਪਏ ਅਤੇ ਹਰ ਸਾਲ 23,760 ਰੁਪਏ ਵਧੇਰੇ ਮਿਲਣਗੇ।
ਇਸ ਤਰ੍ਹਾਂ ਕਰੋ ਕੈਲਕੁਲੇਟ
ਜ਼ਿਕਰਯੋਗ ਹੈ ਕਿ ਮਹਿੰਗਾਈ ਭੱਤਾ ਤਨਖਾਹ ਦਾ ਇਕ ਹਿੱਸਾ ਹੈ। ਇਹ ਕਰਮਚਾਰੀ ਦੀ ਮੁੱਢਲੀ ਤਨਖਾਹ ਦੀ ਇੱਕ ਨਿਸ਼ਚਿਤ ਪ੍ਰਤੀਸ਼ਤਤਾ ਹੈ। ਦੇਸ਼ 'ਚ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ਲਈ ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਅਦਾ ਕਰਦੀ ਹੈ। ਇਹ ਸਮੇਂ-ਸਮੇਂ 'ਤੇ ਵਧਾਇਆ ਜਾਂਦਾ ਹੈ। ਸੇਵਾਮੁਕਤ ਕਰਮਚਾਰੀਆਂ ਨੂੰ ਵੀ ਇਸ ਦਾ ਲਾਭ ਮਿਲਦਾ ਹੈ। ਮੰਨ ਲਓ ਕਿ ਇਕ ਕਰਮਚਾਰੀ ਦੀ ਮੁੱਢਲੀ ਤਨਖਾਹ 20,000 ਰੁਪਏ ਹੈ ਤਾਂ ਉਸ ਦਾ ਮਹੀਨਾਵਾਰ ਡੀਏ 20,000 ਦੇ 28% ਵਧੇਗਾ। ਇਸ ਦਾ ਮਤਲਬ ਹੈ ਕਿ ਮਹੀਨੇਵਾਰ ਡੀਏ ਵਿੱਚ ਵਾਧਾ 20,000 ਰੁਪਏ ਦੇ 11% ਭਾਵ ਕੁਲ 2200 ਰੁਪਏ ਹੋਵੇਗਾ। ਇਸੇ ਤਰ੍ਹਾਂ ਦੂਸਰੇ ਕੇਂਦਰੀ ਸਰਕਾਰ ਦੇ ਕਰਮਚਾਰੀ, ਜਿਨ੍ਹਾਂ ਦੀ 7 ਵੀਂ ਸੀਪੀਸੀ ਪੇਅ ਮੈਟ੍ਰਿਕਸ ਵਿੱਚ ਵੱਖਰੀ ਮਾਸਿਕ ਬੇਸਿਕ ਤਨਖਾਹ ਹੈ, ਉਹ ਇਹ ਜਾਂਚ ਕਰ ਸਕਦੇ ਹਨ ਕਿ ਡੀਏ ਬਹਾਲੀ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਕਿੰਨੀ ਵਧੇਗੀ।