ਪਵਨਪ੍ਰੀਤ ਕੌਰ ਦੀ ਰਿਪੋਰਟ

ਏ ਪ੍ਰੋਮਿਸਡ ਲੈਂਡ: ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਵੈਜੀਵਨੀ ‘ਏ ਪ੍ਰੋਮਿਸਡ ਲੈਂਡ’ 'ਚ ਉਨ੍ਹਾਂ ਬਹੁਤ ਸਾਰੇ ਖੁਲਾਸੇ ਕੀਤੇ ਹਨ, ਜਿਸ ਕਾਰਨ ਉਹ ਅੱਜ ਕੱਲ ਦੁਨੀਆ ਭਰ ਵਿੱਚ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਪੁਸਤਕ 'ਚ ਉਨ੍ਹਾਂ ਗਲੋਬਲ ਰਾਜਨੀਤੀ ਤੋਂ ਲੈ ਕੇ ਨੀਤੀਗਤ ਰਣਨੀਤੀ ਦੇ ਰਾਜ਼ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਦੁਨੀਆਂ ਦੇ ਡਰਾਉਣੇ ਅੱਤਵਾਦੀ ਤੇ ਅਲ ਕਾਇਦਾ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਕਿਵੇਂ ਪਾਕਿਸਤਾਨ ਦੇ ਐਬੋਟਾਬਾਦ ਵਿੱਚ ਉਸ ਦੇ ਖਾਤਮੇ ਦੀ ਪੂਰੀ ਯੋਜਨਾ ਬਣਾਈ ਸੀ ਤੇ ਕਿਵੇਂ ਉਨ੍ਹਾਂ ਦੇ ਸਾਥੀ ਇਸ ਨੂੰ ਲੈ ਕੇ ਤਿਆਰ ਨਹੀਂ ਹੋ ਰਹੇ ਸੀ।


ਅਮਰੀਕਾ ਦੇ ਰਾਸ਼ਟਰਪਤੀ ਹੋਣ ਦੇ ਨਾਤੇ, ਬਰਾਕ ਓਬਾਮਾ ਨੂੰ ਉਸ ਸਮੇਂ ਇਸ ਆਪ੍ਰੇਸ਼ਨ ਨਾਲ ਜੁੜੀ ਪੂਰੀ ਜਾਣਕਾਰੀ ਸੀ, ਜਿਸ ਬਾਰੇ ਉਨ੍ਹਾਂ ਆਪਣੀ ਕਿਤਾਬ ਵਿੱਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਵਿੱਚ ਲੁਕੇ ਹੋਣ ਬਾਰੇ ਜਾਣਕਾਰੀ ਮਿਲੀ  ਸੀ, ਤਾਂ ਉਸਦੀ ਹੱਤਿਆ ਕਰਨ ਦੀ ਮੁਹਿੰਮ ਚਲਾਈ ਗਈ ਅਤੇ ਜਾਣਬੁੱਝ ਕੇ ਪਾਕਿਸਤਾਨੀ ਏਜੰਸੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ, ਕਿਉਂਕਿ ਬਹੁਤ ਸਾਰੇ ਪਾਕਿਸਤਾਨੀ ਫੌਜੀ ਅਧਿਕਾਰੀ ਤੇ ਆਈਐਸਆਈ ਅਧਿਕਾਰੀ ਤਾਲਿਬਾਨ ਤੇ ਅਲ ਕਾਇਦਾ ਨਾਲ ਮਿਲੇ ਹੋਏ ਸੀ।


ਓਬਾਮਾ ਨੇ ਇਸ ਕਿਤਾਬ ਵਿਚ ਅੱਗੇ ਲਿਖਿਆ ਕਿ ਜਿਸ ਸਮੇਂ ਐਬੋਟਾਬਾਦ 'ਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ, ਉਸ ਸਮੇਂ ਉਸ ਦੇ ਰੱਖਿਆ ਮੰਤਰੀ ਰਾਬਰਟ ਗੇਟਸ ਅਤੇ ਹੁਣ ਦੇ ਰਾਸ਼ਟਰਪਤੀ ਜੋਅ ਬਾਇਡਨ ਇਸ ਸਾਰੀ ਕਾਰਵਾਈ ਦੇ ਵਿਰੁੱਧ ਸੀ।




ਉਨ੍ਹਾਂ ਲਿਖਿਆ ਕਿ ਅੰਤ 'ਚ ਪ੍ਰਸ਼ਾਸਨ ਦੋ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਸੀ, ਪਹਿਲਾਂ ਉਸ ਜਗ੍ਹਾ ਨੂੰ ਹਵਾਈ ਹਮਲੇ ਦੁਆਰਾ ਉਡਾਉਣਾ ਹੈ ਜਿੱਥੇ ਓਸਾਮਾ ਛੁਪਿਆ ਹੋਇਆ ਹੈ ਜਾਂ ਦੂਸਰਾ ਕਿ ਇਕ ਵਿਸ਼ੇਸ਼ ਅਪ੍ਰੇਸ਼ਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਚੁਣੀ ਗਈ ਟੀਮ ਗੁਪਤ ਰੂਪ 'ਚ ਇਸ ਮੁਹਿੰਮ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਜਾਵੇਗੀ ਅਤੇ ਪਾਕਿਸਤਾਨ ਸਰਕਾਰ ਅਤੇ ਇਸ ਦੇ ਸੁਰੱਖਿਆ ਬਲਾਂ ਨੂੰ ਪਤਾ ਲੱਗਣ ਤੋਂ ਪਹਿਲਾਂ ਉਥੋਂ ਨਿਕਲ ਆਵੇਗੀ।




ਓਬਾਮਾ ਪ੍ਰਸ਼ਾਸਨ ਨੇ ਕਾਫ਼ੀ ਮੰਥਨ ਤੋਂ ਬਾਅਦ ਦੂਸਰੇ ਵਿਕਲਪ ਦੀ ਆਗਿਆ ਦਿੱਤੀ। ਉਹ ਅੱਗੇ ਲਿਖਦੇ ਹਨ ਕਿ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਕਈ ਦੇਸ਼ਾਂ ਦੇ ਮੁਖੀਆਂ ਨੂੰ ਕਾਲ ਕੀਤਾ ਸੀ, ਜਿਨ੍ਹਾਂ 'ਚੋਂ ਸਭ ਤੋਂ ਮੁਸ਼ਕਲ ਸੀ ਕਿ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਇਸ ਬਾਰੇ ਦੱਸਣ ਲਈ ਫੋਨ ਕਰਨਾ।