ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ A Promised Land 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ। ਇਸ 'ਚ ਉਨ੍ਹਾਂ ਲਿਖਿਆ ਹੈ ਕਿ ਪਾਕਿਸਤਾਨ ਨਾਲ ਵਿਗੜਦੀ ਸਥਿਤੀ ਦੇ ਬਾਵਜੂਦ ਉਨ੍ਹਾਂ ਬਹੁਤ ਸੰਜਮ ਦਾ ਇਸਤੇਮਾਲ ਕੀਤਾ ਪਰ ਉਨ੍ਹਾਂ ਨੂੰ ਇਸ ਦਾ ਭੁਗਤਾਨ ਪਾਵਰ ਤੋਂ ਬਾਹਰ ਹੋ ਕੇ ਦੇਣਾ ਪਿਆ। ਦੱਸ ਦਈਏ ਕਿ ਬਰਾਕ ਓਬਾਮਾ ਸਾਲ 2009 ਤੋਂ 2017 ਤੱਕ ਅਮਰੀਕਾ ਦੇ ਰਾਸ਼ਟਰਪਤੀ ਸੀ। ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਯੂਪੀਏ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਸੀ।


ਕੁਝ ਦਿਨ ਪਹਿਲਾਂ ਓਬਾਮਾ ਨੇ ਕਾਂਗਰਸ ਨੇਤਾ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀਨੂੰ ਘਬਰਾਇਆ ਤੇ ਡਰਿਆ ਹੋਇਆ ਵਿਦਿਆਰਥੀ ਬੁਲਾਇਆ ਸੀ। ਉਨ੍ਹਾਂ ਲਿਖਿਆ ਕਿ ਉਹ ਇਕ ਵਿਦਿਆਰਥੀ ਹੈ ਜੋ ਆਪਣੇ ਅਧਿਆਪਕ ਨੂੰ ਪ੍ਰਭਾਵਤ ਕਰਨਾ ਚਾਹੁੰਦਾ ਹੈ ਪਰ ਉਸ ਕੋਲ ਸਿੱਖਣ ਅਤੇ ਇਸ ਦੀ ਯੋਗਤਾ ਦੀ ਘਾਟ ਹੈ। ਇਹ ਵੀ ਇਸ ਕਿਤਾਬ ਦਾ ਇੱਕ ਹਿੱਸਾ ਹੈ। ਪਾਰਟੀ ਨੇ ਇਸ ਬਾਰੇ ਸਖਤ ਇਤਰਾਜ਼ ਵੀ ਉਠਾਇਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੁਝ ਦਿਨਾਂ ਤੋਂ ਆਪਣੀ ਕਿਤਾਬ ਬਾਰੇ ਕਾਫ਼ੀ ਚਰਚਾ ਵਿੱਚ ਰਹੇ ਹਨ।




ਬਰਾਕ ਓਬਾਮਾ ਨੇ ਡਾ. ਮਨਮੋਹਨ ਸਿੰਘ ਦਾ ਹਵਾਲਾ ਦਿੰਦੇ ਹੋਏ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ 1990 ਤੋਂ ਬਾਅਦ ਉਹ ਲਗਾਤਾਰ ਭਾਰਤ ਨੂੰ ਇੱਕ ਮਜ਼ਬੂਤ ਆਰਥਿਕਤਾ ਬਣਾਉਣ ਵਿੱਚ ਲੱਗੇ ਹੋਏ ਹਨ। ਉਹ ਭਾਰਤੀ ਅਰਥਚਾਰੇ ਨੂੰ ਉੱਚਾ ਚੁੱਕਣ ਲਈ ਪ੍ਰਮੁੱਖ ਆਰਕੀਟੈਕਟ ਬਣੇ। ਉਹ ਦੇਸ਼ 'ਚ ਸੱਤਾ ਦੇ ਉੱਚੇ ਅਹੁਦੇ 'ਤੇ ਪਹੁੰਚਣ ਵਾਲਾ ਸਿੱਖ ਧਰਮ 'ਚ ਵਿਸ਼ਵਾਸ ਕਰਨ ਵਾਲਾ ਪਹਿਲਾ ਵਿਅਕਤੀ ਸੀ। ਇਸ ਨਾਲ ਉਨ੍ਹਾਂ ਸਿੱਖ ਕੌਮ ਦੀ ਕਦਰ ਵੀ ਵਧਾ ਦਿੱਤੀ। ਸੱਤਾ ਦੇ ਉੱਚੇ ਅਹੁਦੇ 'ਤੇ ਪਹੁੰਚਣ ਦੇ ਬਾਅਦ ਵੀ ਉਨ੍ਹਾਂ ਦਾ ਅਕਸ ਪੂਰੀ ਤਰ੍ਹਾਂ ਬੇਦਾਗ ਰਿਹਾ।


ਉਨ੍ਹਾਂ ਹਰ ਕੀਮਤ 'ਤੇ ਅਹੁਦੇ ਦੇ ਮਾਣ ਨੂੰ ਕਾਇਮ ਰੱਖਿਆ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਰਹੇ। A Promised Land 'ਚ ਉਨ੍ਹਾਂ ਨੇ ਉਨ੍ਹਾਂ ਪਲਾਂ ਦਾ ਵੀ ਜ਼ਿਕਰ ਕੀਤਾ ਜੋ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਬਿਤਾਏ ਸੀ। ਉਨ੍ਹਾਂ ਨੇ ਇਸ 'ਚ ਮਨਮੋਹਨ ਸਿੰਘ ਦੀ ਖੂਬਸੂਰਤ ਛਵੀ ਦੀ ਵੀ ਪ੍ਰਸ਼ੰਸਾ ਕੀਤੀ ਹੈ। ਇਸ ਵਿੱਚ ਓਬਾਮਾ ਨੇ ਲਿਖਿਆ ਹੈ ਕਿ ਭਾਰਤ 'ਤੇ ਪਾਕਿਸਤਾਨ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਜਦੋਂ ਉਹ ਸਖਤ ਜਵਾਬੀ ਕਾਰਵਾਈ ਦੀ ਮੰਗ ਕਰ ਰਹੇ ਸੀ ਤਾਂ ਮਨਮੋਹਨ ਸਿੰਘ ਨੇ ਇਸ ਦਾ ਵਿਰੋਧ ਕੀਤਾ। ਅਜਿਹੀ ਸਥਿਤੀ ਵਿੱਚ ਉਨ੍ਹਾਂ ਆਪਣਾ ਸੰਜਮ ਗੁਆਇਆ ਨਹੀਂ। ਹਾਲਾਂਕਿ, ਉਨ੍ਹਾਂ ਨੂੰ ਰਾਜਨੀਤਿਕ ਅਧਾਰ 'ਤੇ ਵੀ ਕੀਮਤ ਅਦਾ ਕਰਨੀ ਪਈ।




ਪਾਕਿਸਤਾਨ ਖ਼ਿਲਾਫ਼ ਕਾਰਵਾਈ ਨਾ ਕਰਨ ਨਾਲ ਲੋਕਾਂ ਦੇ ਮਨਾਂ ਵਿੱਚ ਪਾਰਟੀ ਵਿਰੋਧੀ ਭਾਵਨਾ ਪੈਦਾ ਹੋ ਗਈ ਜਿਸ ਦਾ ਲਾਭ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਬਹੁਤ ਸਾਰੇ ਰਾਜਨੀਤਕ ਨਿਰੀਖਕ ਮੰਨਦੇ ਹਨ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਸਹੀ ਚੁਣਿਆ ਸੀ। ਇਸ ਦਾ ਇਕ ਵੱਡਾ ਕਾਰਨ ਇਹ ਸੀ ਕਿ ਉਹ ਨਾ ਸਿਰਫ ਬਜ਼ੁਰਗ ਸੀ, ਬਲਕਿ ਰਾਜਨੀਤੀ 'ਚ ਉਨ੍ਹਾਂ ਦਾ ਕੋਈ ਵਿਸ਼ੇਸ਼ ਤਜਰਬਾ ਨਹੀਂ ਸੀ। ਅਜਿਹੇ 'ਚ ਉਹ ਭਵਿੱਖ 'ਚ ਰਾਹੁਲ ਗਾਂਧੀ ਲਈ ਖ਼ਤਰਾ ਵੀ ਨਹੀਂ ਬਣ ਸਕਦੇ ਸੀ।


ਓਬਾਮਾ ਦੀ ਇਸ ਕਿਤਾਬ ਨੂੰ ਲੈ ਕੇ ਕਾਂਗਰਸ ਅੰਦਰ ਗਹਿਮਾ-ਗਹਿਮੀ ਚੱਲ ਰਹੀ ਹੈ। ਖਾਸ ਕਰਕੇ ਰਾਹੁਲ ਗਾਂਧੀ ਬਾਰੇ ਕੀਤੀ ਗਈ ਟਿੱਪਣੀ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਕਾਂਗਰਸ ਨੇ ਇਸ ਨੂੰ ਯੋਜਨਾਬੱਧ ਏਜੰਡਾ ਦੱਸਿਆ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਕਿਸੇ ਵਿਅਕਤੀ ਦੀ ਕਿਤਾਬ ਵਿੱਚ ਦਰਜ ਵਿਚਾਰਾਂ 'ਤੇ ਕੋਈ ਟਿੱਪਣੀ ਨਹੀਂ ਕਰਦੀ।