ਵਿਧਾਨ ਸਭਾ ਇਜਲਾਸ ਦੌਰਾਨ ਖੇਤੀਬਾੜੀ ਨੂੰ ਸਮਰਪਿਤ ਹੋਣ ਘੱਟੋ-ਘੱਟ 2 ਦਿਨ, 'ਆਪ' ਨੇ ਕੈਪਟਨ ਸਰਕਾਰ ਅੱਗੇ ਰੱਖੀ ਮੰਗ
ਆਪ' ਆਗੂ ਨੇ ਗੰਨੇ ਦੇ ਸੂਬਾ ਪੱਧਰੀ ਮੁੱਲ 'ਚ ਕੀਤੇ ਮਾਮੂਲੀ ਵਾਧੇ ਅਤੇ ਖੰਡ ਮਿੱਲਾਂ ਵੱਲ ਬਕਾਇਆ ਖੜੀ 160 ਕਰੋੜ ਰੁਪਏ ਦੀ ਰਾਸ਼ੀ ਲੈ ਕੇ ਸੱਤਾਧਾਰੀ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ।
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੇ ਆਗਾਮੀ ਇਜਲਾਸ ਦੌਰਾਨ ਘੱਟੋ ਘੱਟ 2 ਦਿਨ ਖੇਤੀਬਾੜੀ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਗੰਨੇ ਸਮੇਤ ਸਾਰੀਆਂ ਬਦਲਵੀਂਆਂ ਫ਼ਸਲਾਂ ਦੇ ਮੁਨਾਫੇਦਾਰ ਮੁੱਲ ਅਤੇ ਯਕੀਨੀ ਮੰਡੀਕਰਨ ਬਾਰੇ ਇੱਕ ਦੂਰ-ਦਰਸ਼ੀ 'ਰੋਡ ਮੈਪ' (ਨੀਤੀ) ਤਿਆਰ ਕੀਤੀ ਜਾ ਸਕੇ। ਇਸ ਦੇ ਨਾਲ ਹੀ 'ਆਪ' ਆਗੂ ਨੇ ਗੰਨੇ ਦੇ ਸੂਬਾ ਪੱਧਰੀ ਮੁੱਲ 'ਚ ਕੀਤੇ ਮਾਮੂਲੀ ਵਾਧੇ ਅਤੇ ਖੰਡ ਮਿੱਲਾਂ ਵੱਲ ਬਕਾਇਆ ਖੜੀ 160 ਕਰੋੜ ਰੁਪਏ ਦੀ ਰਾਸ਼ੀ ਲੈ ਕੇ ਸੱਤਾਧਾਰੀ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ।
ਚੀਮਾ ਮੁਤਾਬਕ ਕਿਸਾਨੀ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਕੋਈ ਫ਼ਰਕ ਨਹੀਂ, ਦੋਵੇਂ ਸਰਕਾਰਾਂ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ। ਜਿਸ ਕਾਰਨ ਕਿਸਾਨ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਮੋਰਚੇ ਲਾਉਣ ਲਈ ਮਜਬੂਰ ਹੋਏ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਖੇਤੀਬਾੜੀ ਉੱਪਰ ਵਿਸ਼ੇਸ਼ ਇਜਲਾਸ ਦੀ ਮੰਗ ਕਰਦੀ ਆ ਰਹੀ ਹੈ, ਪਰ ਸੱਤਾਧਾਰੀ ਕਾਂਗਰਸ ਇਸ ਮੁੱਦੇ 'ਤੇ ਸਕਾਰਾਤਮਿਕ ਵਿਚਾਰ-ਚਰਚਾ ਤੋਂ ਭੱਜ ਜਾਂਦੀ ਹੈ। ਜਦਕਿ ਖੇਤੀਬਾੜੀ ਪ੍ਰਧਾਨ ਦੇ ਮੱਦੇਨਜ਼ਰ ਪੰਜਾਬ ਲਈ ਇੱਕ ਦੂਰ-ਦਰਸ਼ੀ ਖੇਤੀਬਾੜੀ ਨੀਤੀ ਸਮੇਂ ਦੀ ਅਹਿਮ ਲੋੜ ਹੈ।
ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸੂਬੇ 'ਚ ਹੁਣ ਤੱਕ ਰਾਜ ਕਰਦੀਆਂ ਆ ਰਹੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਖੇਤੀਬਾੜੀ ਖੇਤਰ ਬਾਰੇ ਕਦੇ ਵੀ ਗੰਭੀਰਤਾ ਨਾਲ ਨਹੀਂ ਸੋਚਿਆ, ਜਿਸ ਕਾਰਨ ਅੱਜ ਸੂਬੇ ਦਾ ਸਮੁੱਚਾ ਖੇਤੀ ਖੇਤਰ ਸਿੱਧਾ ਕੇਂਦਰ ਸਰਕਾਰ ਦੇ ਘਾਤਕ ਪੰਜੇ ਥੱਲੇ ਆ ਗਿਆ। ਨਤੀਜਣ ਕਿਸਾਨਾਂ-ਮਜ਼ਦੂਰਾਂ ਸਮੇਤ ਖੇਤੀਬਾੜੀ 'ਤੇ ਨਿਰਭਰ ਸਾਰੇ ਵਰਗਾਂ ਨੂੰ ਇੱਕ ਪਾਸੇ ਦਿੱਲੀ ਜਾ ਕੇ ਮੋਦੀ ਖ਼ਿਲਾਫ਼ ਪੱਕਾ ਮੋਰਚਾ ਲਗਾਉਣਾ ਪੈ ਰਿਹਾ ਹੈ, ਦੂਜੇ ਪਾਸੇ ਕਾਂਗਰਸ ਦੀ ਕੈਪਟਨ ਸਰਕਾਰ ਵਿਰੁੱਧ ਜਲੰਧਰ ਹਾਈਵੇ ਜਾਮ ਕਰਨਾ ਪੈ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚੰਦ ਚਹੇਤੇ ਕਾਰਪੋਰੇਟ ਘਰਾਣਿਆ ਲਈ ਪੰਜਾਬ ਅਤੇ ਦੇਸ਼ ਦੇ ਅੰਨਦਾਤਾ ਨੂੰ ਬਲੀ ਚੜ੍ਹਾਉਣ 'ਤੇ ਤੁਲੇ ਹਨ, ਠੀਕ ਉਸੇ ਤਰ੍ਹਾਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਤਬਾਹ ਕਰ ਰਹੇ ਹਨ। ਚੀਮਾ ਨੇ ਕਿਹਾ ਕਿ 2017-18 ਤੋਂ ਬਾਅਦ ਹੁਣ 2021-22 ਲਈ ਸਰਕਾਰ ਵੱਲੋਂ ਗੰਨੇ ਦੀ ਸੂਬਾ ਪੱਧਰੀ ਕੀਮਤ 'ਚ ਮਹਿਜ਼ 15 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਗੰਨਾ ਕਾਸ਼ਤਕਾਰਾਂ ਨਾਲ ਬੇਹੱਦ ਕੋਝਾ ਮਜ਼ਾਕ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਇੰਨਾ ਹੀ ਨਹੀਂ ਕਿਸਾਨਾਂ ਵੱਲੋਂ ਸੂਬੇ ਦੀਆਂ ਸਹਿਕਾਰੀ ਅਤੇ ਨਿੱਜੀ ਮਿੱਲਾਂ ਵੱਲ ਖੜੇ ਅਰਬਾਂ ਰੁਪਏ ਦੇ ਪੁਰਾਣੇ ਬਕਾਏ ਲਈ ਸਮੇਂ ਸਮੇਂ 'ਤੇ ਧਰਨੇ ਲਗਾਏ ਅਤੇ ਮੰਗ ਪੱਤਰ ਕਾਂਗਰਸੀਆਂ ਨੂੰ ਸੌਂਪੇ ਗਏ, ਪ੍ਰੰਤੂ ਨਿੱਜੀ ਖੰਡ ਮਿੱਲ ਮਾਫ਼ੀਆ ਦੇ ਦਬਾਅ ਥੱਲੇ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਇੱਕ ਨਹੀਂ ਸੁਣੀ।ਉਲਟਾ ਖੰਡ ਮਿੱਲ ਮਾਫ਼ੀਆ ਦੇ ਪ੍ਰਮੁੱਖ ਅਤੇ ਰਾਣਾ ਸ਼ੂਗਰਜ਼ ਦੇ ਮਾਲਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਗੰਨਾ ਵਿਕਾਸ ਬੋਰਡ 'ਚ ਸ਼ਾਮਿਲ ਕਰਕੇ ਮੁੱਲ ਤੈਅ ਕਰਨ ਵਾਲੀਆਂ ਮੀਟਿੰਗਾਂ ਵਿੱਚ ਬਿਠਾ ਲਿਆ।