Punjab News: ਝੋਨੇ ਦੀ ਖ਼ਰੀਦ ਲਈ ਏਜੰਸੀਆਂ ਖਿੱਚੀ ਤਿਆਰੀ, 3200 ਕਰੋੜ ਰੁਪਏ ਦੀਆਂ ਖ਼ਰੀਦੀਆਂ ਜਾਣਗੀਆਂ ਗੰਢਾਂ
ਪੰਜਾਬ ਪਟਸਨ (ਜੂਟ) ਗੰਢਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਹਰ ਸਲ 3200 ਕਰੋੜ ਰੁਪਏ ਦੀਆਂ 9.5 ਲੱਖ ਗੰਢਾਂ ਦਾ ਆਰਡਰ ਦਿੱਤਾ ਜਾਂਦਾ ਹੈ।
Punjab News: ਆਗਾਮੀ ਖ਼ਰੀਫ ਮੰਡੀਕਰਨ ਸੀਜ਼ਨ 2023-24 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਲੋੜੀਂਦੀਆਂ ਨਵੀਆਂ ਪਟਸਨ ਗੰਢਾਂ (ਜੂਟ ਬੇਲਜ਼)ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਪੰਜਾਬ ਦੇ ਡਾਇਰੈਕਟਰ ਡਾ. ਘਨਸ਼ਿਆਮ ਥੋਰੀ ਨੇ ਜੂਟ ਕਮਿਸ਼ਨਰ ਆਫ ਇੰਡੀਆ(ਜੇ.ਸੀ.ਆਈ.) , ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕੋਨਕੋਰ) ਅਤੇ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ ਨਾਲ ਬਕਾਇਆ ਪਏ ਮਸਲਿਆਂ ਦੇ ਹੱਲ ਲੱਭਣ ਲਈ ਕੋਲਕਾਤਾ ਦਾ ਦੌਰਾ ਕੀਤਾ। ਕੇਂਦਰੀ ਪੂਲ ਵਿੱਚ ਹਰ ਸਾਲ ਖਰੀਦੀ ਜਾਂਦੀ ਕਣਕ ਅਤੇ ਝੋਨੇ/ਚੌਲਾਂ ਦੀ ਪੈਕਿੰਗ ਲਈ ਪੰਜਾਬ ਦੀਆਂ ਰਾਜ ਏਜੰਸੀਆਂ ਨੂੰ ਪਟਸਨ ਗੰਢਾਂ (ਜੂਟ ਬੇਲਜ਼) ਦੀ ਸਪਲਾਈ ਲਈ ਇਹ ਧਿਰਾਂ ਮੁੱਖ ਭਾਈਵਾਲ ਹਨ।
ਇਸ ਦੌਰੇ ਦਾ ਉਦੇਸ਼ ਪਿਛਲੇ ਸੀਜ਼ਨ ਦੇ ਪਟਸਨ ਗੰਢਾਂ ਦੇ ਆਰਡਰਾਂ ਨੂੰ ਬੰਦ ਕਰਨ, ਆਗਾਮੀ ਝੋਨਾ ਸੀਜ਼ਨ ਲਈ ਲੋੜੀਂਦੀਆਂ ਗੰਢਾਂ ਦੀ ਸਮੇਂ ਸਿਰ ਸਪਲਾਈ, ਜੇ.ਸੀ.ਆਈ. ਅਤੇ ਕੋਨਕੋਰ ਨਾਲ ਬਕਾਇਆ ਮਸਲਿਆਂ ਦਾ ਨਿਪਟਾਰਾ ਅਤੇ ਪਟਸਨ (ਜੂਟ ) ਉਦਯੋਗ ਨਾਲ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਕਰਨਾ ਸੀ। ਡਾਇਰੈਕਟਰ ਨੇ ਸੂਬਾਈ ਖ਼ਰੀਦ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਆਰਡਰਾਂ ਮੁਤਾਬਕ ਪਟਸਨ ਗੰਢਾਂ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਮੀਟਿੰਗ ਵਿੱਚ ਜੇ.ਸੀ.ਆਈ. ਅਤੇ ਕੋਨਕੋਰ ਨਾਲ ਗੰਢਾਂ ਸਬੰਧੀ ਦਾਅਵਿਆਂ ਦੇ ਵਿਸ਼ੇ ’ਤੇ ਵੀ ਚਰਚਾ ਕੀਤੀ ਗਈ। ਡਾਇਰੈਕਟਰ ਨੇ ਬਕਾਇਆ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਨਿਰਪੱਖ ਅਤੇ ਪਾਰਦਰਸ਼ੀ ਹੱਲ ਪ੍ਰਕਿਰਿਆ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਹ ਯਕੀਨੀ ਬਣਾਇਆ ਕਿ ਸਬੰਧਤ ਧਿਰਾਂ ਨੂੰ ਸਮਾਂਬੱਧ ਢੰਗ ਨਾਲ ਸਹੀ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ। ਇਸ ਮਹੱਤਵਪੂਰਨ ਪਹੁੰਚ ਦਾ ਉਦੇਸ਼ ਜੂਟ ਸੈਕਟਰ ਵਿੱਚ ਸ਼ਾਮਲ ਸਾਰੇ ਭਾਈਵਾਲਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ।
ਉਨ੍ਹਾਂ ਨੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਜੂਟ ਉਦਯੋਗ ਵਿੱਚ ਪ੍ਰਮੁੱਖ ਭਾਈਵਾਲਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਆਪਸੀ ਸਹਿਯੋਗ ਨਾਲ ਲੰਬਿਤ ਮਸਲਿਆਂ ਨੂੰ ਹੱਲ ਕਰਨ ਦੀ ਵਚਨਬੱਧਤਾ ਨੂੰ ਦ੍ਰਿੜਾਇਆ।
ਜ਼ਿਕਰਯੋਗ ਹੈ ਕਿ ਪੰਜਾਬ ਪਟਸਨ (ਜੂਟ) ਗੰਢਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਹਰ ਸਲ 3200 ਕਰੋੜ ਰੁਪਏ ਦੀਆਂ 9.5 ਲੱਖ ਗੰਢਾਂ ਦਾ ਆਰਡਰ ਦਿੱਤਾ ਜਾਂਦਾ ਹੈ।