ਪੰਜਾਬ 'ਚ ਫਿਰ ਵਿਗੜਿਆ ਮੌਸਮ, ਕਿਸਾਨਾਂ ਦੇ ਸਾਹ ਸੂਤੇ, ਮੌਸਮ ਵਿਭਾਗ ਵੱਲੋਂ ਅਲਰਟ
ਪੰਜਾਬ ਵਿੱਚ ਮੌਸਮ ਨੇ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ। ਕੱਲ੍ਹ ਗਰਮੀ ਵਧਣ ਮਗਰੋਂ ਅੱਜ ਮੌਸਮ ਮੁੜ ਖਰਾਬ ਹੋ ਗਿਆ। ਕਈ ਥਾਵਾਂ ਤੋਂ ਕਿਣਮਿਣ ਦੀਆਂ ਰਿਪੋਰਟਾਂ ਹਨ।
ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਨੇ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ। ਕੱਲ੍ਹ ਗਰਮੀ ਵਧਣ ਮਗਰੋਂ ਅੱਜ ਮੌਸਮ ਮੁੜ ਖਰਾਬ ਹੋ ਗਿਆ। ਕਈ ਥਾਵਾਂ ਤੋਂ ਕਿਣਮਿਣ ਦੀਆਂ ਰਿਪੋਰਟਾਂ ਹਨ। ਇਸ ਨਾਲ ਝੋਨੇ ਦੀ ਵਢਾਈ ਤੇ ਮੰਡੀਆਂ ਵਿੱਚ ਪਈ ਫਸਲ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਕਿਸਾਨਾਂ ਦੇ ਸਾਹ ਸੂਤੇ ਗਏ ਹਨ।
ਦੱਸ ਦਈਏ ਕਿ ਇਸ ਵੇਲੇ ਪੂਰੇ ਪੰਜਾਬ ਵਿੱਚ ਝੋਨੇ ਦੀ ਵਢਾਈ, ਤੁਲਾਈ ਤੇ ਨਰਮੇ ਦੀ ਚੁਗਾਈ ਚੱਲ ਰਹੀ ਹੈ। ਅਚਾਨਕ ਮੌਸਮ ਵਿਗੜਣ ਨਾਲ ਕਿਸਾਨਾਂ ਦੇ ਫਿਕਰ ਵਧ ਗਏ ਹਨ। ਇਸ ਵਾਰ ਕੇਂਦਰ ਸਰਕਾਰ ਨੇ ਵੀ ਨਮੀ ਨੂੰ ਲੈ ਕੇ ਸਖਤੀ ਕੀਤੀ ਹੋਈ ਹੈ। ਬਾਰਸ਼ ਕਰਕੇ ਥੋੜ੍ਹੀ ਜਿਹੀ ਸਿੱਲ ਨਾਲ ਹੀ ਖੇਤਾਂ ਵਿੱਚ ਕੰਬਾਈਨਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ। ਇਸ ਨਾਲ ਹੀ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੀ ਨਮੀ ਵਾਲੀ ਮਾਤਰਾ ਵਧਣ ਨਾਲ ਬੋਲੀ ਨਹੀਂ ਲੱਗਦੀ।
ਉਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਕਿਹਾ ਕਿ ਮੌਸਮ ਦੀ ਜਾਣਕਾਰੀ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਦੂਜੇ ਪਾਸੇ ਮੰਡੀਆਂ ਵਿੱਚ ਝੋਨੇ ਤੇ ਨਰਮੇ ਨੂੰ ਲੈ ਕੇ ਆਏ ਕਿਸਾਨਾਂ ਕੋਲ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਦਾ ਕੋਈ ਪ੍ਰਬੰਧ ਨਹੀਂ, ਜਦੋਂਕਿ ਮੰਡੀਆਂ ਵਿੱਚ ਫਸਲ ਦੀ ਭਿੱਜਣ ਸਮੇਤ ਹਰ ਤਰ੍ਹਾਂ ਦੀ ਰਾਖੀ ਪੰਜਾਬ ਮੰਡੀ ਬੋਰਡ ਵੱਲੋਂ ਕਰਨੀ ਹੁੰਦੀ ਹੈ।
ਦੱਸ ਦਈਏ ਕਿ ਉੱਤਰੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਮੌਸਮ ਵਿਭਾਗ (IMD) ਨੇ ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਐਤਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅੱਜ ਸਵੇਰੇ ਹੀ ਰਾਸ਼ਟਰੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਹੈ।
ਮੌਸਮ ਵਿਭਾਗ (ਆਈਐਮਡੀ) ਨੇ ਦਿੱਲੀ ਵਿੱਚ ਬਾਰਿਸ਼ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਅਗਲੇ 2 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਐਤਵਾਰ ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਚੰਡੀਗੜ੍ਹ ਵਿੱਚ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲੇਗੀ ਤੇ ਗਰਜ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੋ ਫਸਲਾਂ ਖੁੱਲ੍ਹੇ 'ਚ ਹਨ ਉਨ੍ਹਾਂ ਨੂੰ ਤੇਜ਼ ਹਵਾਵਾਂ ਨਾਲ ਨੁਕਸਾਨ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਢੱਕ ਕੇ ਰੱਖੋ। ਦੱਸ ਦਈਏ ਕਿ 17 ਅਕਤੂਬਰ ਤੋਂ ਮੌਸਮ ਵਿੱਚ ਬਦਲਾਅ ਬੰਗਾਲ ਦੀ ਖਾੜੀ 'ਚ ਬਣਨ ਵਾਲੇ ਸੰਭਾਵਤ ਘੱਟ ਦਬਾਅ ਵਾਲੇ ਖੇਤਰ ਤੋਂ ਦਿਖਾਈ ਦੇਵੇਗਾ। ਇਸ ਦੇ ਕਾਰਨ 17 ਅਕਤੂਬਰ ਤੇ 18 ਅਕਤੂਬਰ ਦੀ ਰਾਤ ਨੂੰ ਹਵਾ ਅਤੇ ਗਰਜ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਮੌਨਸੂਨ ਦੀ ਵਾਪਸੀ ਤੋਂ ਬਾਅਦ ਇਹ ਪਹਿਲੀ ਬਾਰਸ਼ ਹੋਵੇਗੀ।