ਪੰਜਾਬ ਦੀ ਕਣਕ ਦਾ ਜਾਇਜ਼ਾ ਲੈਣ ਕੇਂਦਰ ਸਰਕਾਰ ਨੇ ਪੰਜ ਟੀਮਾਂ ਭੇਜੀਆਂ, 17 ਜ਼ਿਲ੍ਹਿਆਂ ਦਾ ਦੌਰਾ ਕਰਕੇ ਤਿਆਰ ਹੋਏਗੀ ਪੂਰੀ ਰਿਪੋਰਟ
ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨੇ ਮੁੜ ਤੇਜ਼ੀ ਫੜ ਲਈ ਹੈ। ਕਣਕ ਦੀ ਗੁਣਵੱਤਾ ਦੇ ਸੈਂਪਲ ਫੇਲ੍ਹ ਹੋਣ ਮਗਰੋਂ ਕਣਕ ਦੀ ਖਰੀਦ ਨੂੰ ਕੁਝ ਬ੍ਰੇਕ ਲੱਗੀ ਸੀ।
ਚੰਡੀਗੜ੍ਹ: ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨੇ ਮੁੜ ਤੇਜ਼ੀ ਫੜ ਲਈ ਹੈ। ਕਣਕ ਦੀ ਗੁਣਵੱਤਾ ਦੇ ਸੈਂਪਲ ਫੇਲ੍ਹ ਹੋਣ ਮਗਰੋਂ ਕਣਕ ਦੀ ਖਰੀਦ ਨੂੰ ਕੁਝ ਬ੍ਰੇਕ ਲੱਗੀ ਸੀ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਖ਼ੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ ਦਿੱਤੇ ਭਰੋਸੇ ਮਗਰੋਂ ਕਣਕ ਦੀ ਖ਼ਰੀਦ ਦਾ ਬਾਈਕਾਟ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਬੁੱਧਵਾਰ ਨੂੰ ਖਰੀਦ ਏਜੰਸੀਆਂ ਨੇ ਖਰੀਦ ਦੇ ਕੰਮ ਮੁੜ ਤੇਜ਼ ਕਰ ਦਿੱਤਾ।
ਦੱਸ ਦਈਏ ਕਿ ਐਤਕੀਂ ਮਾਰਚ ਮਹੀਨੇ ਪਈ ਗਰਮੀ ਨੇ ਕਣਕ ਦੀ ਫ਼ਸਲ ਨੂੰ ਢਾਹ ਲਾਈ ਹੈ। ਵਧੇ ਤਾਪਮਾਨ ਕਰਕੇ ਕਣਕ ਦੇ ਦਾਣੇ ਪਿਚਕ ਗਏ ਹਨ ਤੇ ਫ਼ਸਲ ਦੀ ਗੁਣਵੱਤਾ ’ਤੇ ਮਾੜਾ ਅਸਰ ਪਿਆ ਹੈ ਜਿਸ ਕਰ ਕੇ ਕਣਕ ਦਾ ਝਾੜ ਵੀ 15 ਤੋਂ 25 ਫ਼ੀਸਦੀ ਤੱਕ ਘਟ ਗਿਆ ਹੈ। ਭਾਰਤੀ ਖੁਰਾਕ ਨਿਗਮ (ਐਫਸੀਆਈ) ਨੇ ਜਦੋਂ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ’ਚ ਤੌਖਲੇ ਖੜ੍ਹੇ ਹੋ ਗਏ ਸਨ ਕਿਉਂਕਿ ਮੁੱਢਲੀ ਪੜਤਾਲ ਵਿਚ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹੋਏ ਪਾਏ ਗਏ ਜਦੋਂ ਕਿ ਕੇਂਦਰੀ ਮਾਪਦੰਡਾਂ ਅਨੁਸਾਰ ਇਹ ਦਰ 6 ਛੇ ਫ਼ੀਸਦੀ ਤੱਕ ਦੀ ਹੈ।
ਉਧਰ, ਕੇਂਦਰੀ ਖੁਰਾਕ ਮੰਤਰਾਲੇ ਦੀਆਂ ਪੰਜ ਟੀਮਾਂ ਕਣਕ ਦੀ ਗੁਣਵੱਤਾ ਘੋਖਣ ਲਈ ਬੁੱਧਵਾਰ ਨੂੰ ਪੰਜਾਬ ਪੁੱਜ ਗਈਆਂ ਹਨ। ਇਨ੍ਹਾਂ ਟੀਮਾਂ ਨੇ ਕਣਕ ਦੇ ਨਮੂਨੇ ਲੈਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਇਨ੍ਹਾਂ ਕੇਂਦਰੀ ਟੀਮਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਮੰਡੀਆਂ ਦਾ ਦੌਰਾ ਕਰਕੇ ਫ਼ਸਲ ਦਾ ਜਾਇਜ਼ਾ ਲਿਆ ਜਾਵੇਗਾ। ਚਾਰ ਟੀਮਾਂ ਕੱਲ੍ਹ ਦੇਰ ਸ਼ਾਮ ਪੰਜਾਬ ਪੁੱਜੀਆਂ ਜਿਸ ਕਰਕੇ ਨਮੂਨੇ ਲੈਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਪੰਜ ਕੇਂਦਰੀ ਟੀਮਾਂ ਵੱਲੋਂ ਵੱਖੋ-ਵੱਖਰੇ ਤੌਰ ’ਤੇ ਫ਼ਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਪਟਿਆਲਾ ਤੇ ਰੋਪੜ ਡਿਵੀਜ਼ਨਾਂ ’ਚ ਪੈਂਦੇ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਜਾਣਾ ਹੈ।
ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਦੀ ਟੇਕ ਹੁਣ ਕੇਂਦਰੀ ਟੀਮਾਂ ’ਤੇ ਹੈ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਹੀ ਕੇਂਦਰ ਸਰਕਾਰ ਨੇ ਰਾਹਤ ਬਾਰੇ ਫ਼ੈਸਲਾ ਲੈਣਾ ਹੈ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਟੀਮਾਂ ਪੰਜਾਬ ਪੁੱਜ ਗਈਆਂ ਹਨ ਤੇ ਅੱਜ 17 ਜ਼ਿਲ੍ਹਿਆਂ ਵਿਚ ਟੀਮਾਂ ਮੰਡੀਆਂ ਦਾ ਦੌਰਾ ਕਰਨਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਵੱਲੋਂ ਪੰਜਾਬ ਨੂੰ ਦਾਣਾ ਸੁੰਗੜਨ ਕਰਕੇ ਜ਼ਰੂਰ ਰਾਹਤ ਦਿੱਤੀ ਜਾਵੇਗੀ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਐਤਕੀਂ 132 ਲੱਖ ਮੀਟਰਿਕ ਟਨ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ, ਪਰ ਝਾੜ ਪ੍ਰਭਾਵਿਤ ਹੋਣ ਕਰਕੇ ਇਹ ਟੀਚਾ 100 ਮੀਟਰਿਕ ਟਨ ਤੱਕ ਸੀਮਤ ਰਹਿ ਸਕਦਾ ਹੈ। ਝਾੜ ਘਟਣ ਕਰਕੇ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਛੇ ਹਜ਼ਾਰ ਕਰੋੜ ਦੀ ਵਿੱਤੀ ਮਾਰ ਪਏਗੀ। ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਘਟੇ ਝਾੜ ਕਾਰਨ ਟੈਕਸਾਂ ਦੇ ਰੂਪ ਵਿੱਚ ਕਰੀਬ 360 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਮਿੱਥੇ ਟੀਚੇ ਅਨੁਸਾਰ 132 ਲੱਖ ਮੀਟਰਿਕ ਟਨ ਫ਼ਸਲ ਮੰਡੀਆਂ ਵਿਚ ਪੁੱਜਦੀ ਤਾਂ ਇਸ ਸੀਜ਼ਨ ਵਿਚ ਕਣਕ ਦਾ ਕੁੱਲ 26,598 ਕਰੋੜ ਦਾ ਕਾਰੋਬਾਰ ਹੋਣਾ ਸੀ।