Mohammed Shami SAMT 2024: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਰ ਲੱਗੀ ਸੱਟ, ਸਰੀਰ ਦੇ ਇਸ ਹਿੱਸੇ 'ਚ ਹੋਈ ਗੰਭੀਰ ਸਮੱਸਿਆ
Mohammed Shami SAMT 2024: ਮੁਹੰਮਦ ਸ਼ਮੀ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਖੇਡਦਿਆਂ ਹੋਇਆਂ ਪਿੱਠ 'ਚ ਸੱਟ ਲੱਗ ਗਈ ਸੀ। ਇਸ ਤੋਂ ਪਹਿਲਾਂ ਸ਼ਮੀ ਗਿੱਟੇ ਦੀ ਸੱਟ ਤੋਂ ਪ੍ਰੇਸ਼ਾਨ ਸੀ।
Mohammed Shami Injury SAMT 2024: ਇਨ੍ਹੀਂ ਦਿਨੀਂ ਮੁਹੰਮਦ ਸ਼ਮੀ ਬੰਗਾਲ ਲਈ ਸਈਅਦ ਮੁਸ਼ਤਾਕ ਅਲੀ ਟਰਾਫੀ ਖੇਡ ਰਹੇ ਹਨ। ਸ਼ਮੀ ਦੀ ਸੱਟ ਦੀ ਖਬਰ ਇਸ ਟੂਰਨਾਮੈਂਟ ਦੇ ਦੌਰਾਨ ਸਾਹਮਣੇ ਆਈ ਸੀ, ਸ਼ਮੀ ਕੁਝ ਦਿਨ ਪਹਿਲਾਂ ਹੀ ਸੱਟ ਤੋਂ ਉਭਰੇ ਸਨ। ਅਜਿਹੇ 'ਚ ਸ਼ਮੀ ਨੂੰ ਬੈਕ-ਟੂ-ਬੈਕ ਸੱਟ ਲੱਗਣਾ ਟੀਮ ਇੰਡੀਆ ਲਈ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ। ਇਸ ਵਾਰ ਸ਼ਮੀ ਨੂੰ ਪਿੱਠ 'ਤੇ ਸੱਟ ਲੱਗੀ ਹੈ।
ਆਖਰੀ ਓਵਰ ਕਰਦਿਆਂ ਲੱਗਿਆ ਝਟਕਾ
ਬੰਗਾਲ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸ਼ੁੱਕਰਵਾਰ ਨੂੰ ਨਿਰੰਜਨ ਸ਼ਾਹ ਸਟੇਡੀਅਮ 'ਚ ਮੱਧ ਪ੍ਰਦੇਸ਼ ਖਿਲਾਫ ਖੇਡੇ ਗਏ ਮੈਚ 'ਚ ਪਿੱਠ 'ਚ ਸੱਟ ਲੱਗ ਗਈ ਸੀ। ਪਾਰੀ ਦੇ ਆਖਰੀ ਓਵਰ ਦੀ ਗੇਂਦਬਾਜ਼ੀ ਕਰਦਿਆਂ ਹੋਇਆਂ ਸ਼ਮੀ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਡਿੱਗ ਗਏ। ਡਿੱਗਣ ਤੋਂ ਬਾਅਦ ਸ਼ਮੀ ਬੇਚੈਨ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੀ ਪਿੱਠ ਫੜ ਲਈ। ਇਸ ਤੋਂ ਬਾਅਦ ਮੈਦਾਨ 'ਤੇ ਸ਼ਮੀ ਦੀ ਜਾਂਚ ਕੀਤੀ ਗਈ। ਹਾਲਾਂਕਿ ਸ਼ਮੀ ਨੇ ਉੱਠ ਕੇ ਆਪਣਾ ਓਵਰ ਪੂਰਾ ਕੀਤਾ।
ਸਪੋਰਟਸਟਾਰ ਦੀ ਰਿਪੋਰਟ ਮੁਤਾਬਕ ਸ਼ਮੀ ਨੂੰ ਸਿਰਫ ਹਲਕਾ ਝਟਕਾ ਲੱਗਿਆ ਹੈ, ਜੋ ਕਿ ਕਿਸੇ ਤਰ੍ਹਾਂ ਦਾ ਕੋਈ ਗੰਭੀਰ ਮਾਮਲਾ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਐਤਵਾਰ ਨੂੰ ਮੇਘਾਲਿਆ ਖਿਲਾਫ ਹੋਣ ਵਾਲੇ ਮੈਚ 'ਚ ਨਜ਼ਰ ਆਉਣਗੇ।
ਇੱਕ ਸਾਲ ਤੋਂ ਗਿੱਟੇ ਦੀ ਸੱਟ ਤੋਂ ਰਹੇ ਸੀ ਪ੍ਰੇਸ਼ਾਨ
ਸ਼ਮੀ ਨੇ 2023 ਵਨਡੇ ਵਿਸ਼ਵ ਕੱਪ ਫਾਈਨਲ 'ਚ ਟੀਮ ਇੰਡੀਆ ਲਈ ਆਖਰੀ ਮੈਚ ਖੇਡਿਆ ਸੀ। ਇਸ ਤੋਂ ਬਾਅਦ ਗਿੱਟੇ ਦੀ ਸੱਟ ਕਰਕੇ ਉਹ ਲਗਭਗ ਇਕ ਸਾਲ ਤਕ ਪੇਸ਼ੇਵਰ ਕ੍ਰਿਕਟ ਤੋਂ ਦੂਰ ਰਹੇ। ਸ਼ਮੀ ਨੇ 2024 ਰਣਜੀ ਟਰਾਫੀ ਰਾਹੀਂ ਵਾਪਸੀ ਕੀਤੀ ਅਤੇ ਇਨ੍ਹੀਂ ਦਿਨੀਂ ਉਹ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਖੇਡ ਰਹੇ ਹਨ।
ਸ਼ਮੀ ਦਾ ਅੰਤਰਰਾਸ਼ਟਰੀ ਕਰੀਅਰ
ਤੁਹਾਨੂੰ ਦੱਸ ਦਈਏ ਕਿ ਸ਼ਮੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਹੁਣ ਤੱਕ 64 ਟੈਸਟ, 101 ਵਨਡੇ ਅਤੇ 23 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਦੀਆਂ 122 ਪਾਰੀਆਂ 'ਚ 229 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਨਡੇ ਦੀਆਂ 100 ਪਾਰੀਆਂ 'ਚ 195 ਵਿਕਟਾਂ ਅਤੇ ਟੀ-20 ਇੰਟਰਨੈਸ਼ਨਲ ਦੀਆਂ 23 ਪਾਰੀਆਂ 'ਚ 24 ਵਿਕਟਾਂ ਹਾਸਲ ਕੀਤੀਆਂ ਹਨ।