ਨੌਜਵਾਨਾਂ ਨੂੰ ਨਸ਼ਾ ਤੇ ਕਿਸਾਨੀ ਨੂੰ ਕਰਜ਼ਾ ਲਗਾਤਾਰ ਖਾ ਰਿਹਾ
ਮਾਨਸਾ: ਪੰਜਾਬ 'ਚ ਕਿਸਾਨੀ ਖੁਦਕੁਸ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ। ਏਸੇ ਲੜੀ ਤਹਿਤ ਅੱਜ ਮਾਨਸਾ ਜ਼ਿਲ੍ਹੇ 'ਚ ਦੋ ਕਿਸਾਨਾਂ ਨੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ।
ਪਹਿਲਾਂ ਮਾਮਲਾ ਮਾਨਸਾ ਜ਼ਿਲ੍ਹੇ ਦਾ ਹੈ ਜਿੱਥੇ ਪਿੰਡ ਟਾਲੀਆਂ 'ਚ 25 ਸਾਲਾ ਨੌਜਵਾਨ ਨੇ ਕਰਜ਼ੇ ਤੋਂ ਪ੍ਰੇਸ਼ਾਨੀ ਦੇ ਚੱਲਦਿਆਂ ਮੌਤ ਨੂੰ ਗਲ ਲਾ ਲਿਆ। ਜਾਣਕਾਰੀ ਮੁਤਾਬਕ ਮ੍ਰਿਤਕ ਮਨਪ੍ਰੀਤ ਸਿੰਘ 14 ਏਕੜ ਜ਼ਮੀਨ ਦਾ ਮਾਲਿਕ ਸੀ ਤੇ ਉਸ ਦੇ ਸਿਰ 16 ਲੱਖ ਰੁਪਏ ਕਰਜ਼ਾ ਸੀ। ਹਾਲਾਕਿ ਮਨਪ੍ਰੀਤ ਨੇ ਕਰਜ਼ ਉਤਾਰਨ ਲਈ ਕੁੱਝ ਸਮਾਂ ਪਹਿਲਾਂ 4 ਏਕੜ ਜ਼ਮੀਨ ਵੀ ਵੇਚੀ ਸੀ ਪਰ ਫਿਰ ਵੀ ਉਹ ਕਰਜ਼ ਤੋਂ ਸੁਰਖਰੂ ਨਹੀਂ ਹੋ ਸਕਿਆ ਸੀ। ਮਨਪ੍ਰੀਤ ਆਪਣੇ ਪਿੱਛੇ ਇਕ ਭਾਈ-ਭੈਣ ਤੇ ਬਜ਼ੁਰਗ ਮਾਪੇ ਛੱਡ ਗਿਆ ਹੈ।
ਦੂਜਾ ਮਾਮਲਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਬਛੂਆਣਾ ਦਾ ਜਿੱਥੇ 50 ਸਾਲਾ ਬਲਜੀਤ ਸਿੰਘ ਨੇ 25 ਲੱਖ ਰੁਪਏ ਕਰਜ਼ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਬਲਜੀਤ ਸਿੰਘ ਦੋ ਏਕੜ ਜ਼ਮੀਨ ਦਾ ਮਾਲਿਕ ਸੀ ਤੇ 38 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ ਪਰ ਫਸਲ ਬਰਬਾਦ ਹੋਣ ਦੇ ਕਾਰਨ ਬਲਜੀਤ ਸਿੰਘ ਦੇ ਸਿਰ ਚੜ੍ਹਿਆ ਕਰਜ਼ ਵਧਦਾ ਗਿਆ। ਏਸੇ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਬਲਜੀਤ ਸਿੰਘ ਨੇ ਮੌਤ ਨੂੰ ਗਲੇ ਲਾ ਲਿਆ। ਬਲਜੀਤ ਸਿੰਘ ਆਪਣੇ ਪਿੱਛੇ ਦੋ ਪੁੱਤ ਇਕ ਧੀ ਤੇ ਵਿਧਵਾ ਪਤਨੀ ਨੂੰ ਛੱਡ ਗਿਆ ਹੈ।