ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ, ਭਗਵੰਤ ਮਾਨ ਸਰਕਾਰ ਨੇ ਕੀਤੇ ਇਹ ਪ੍ਰਬੰਧ, ਕਿਸਾਨਾਂ ਨੂੰ ਮਿਲਣਗੇ ਡਿਜੀਟਲ ਜੇ-ਫਾਰਮ
ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ ਹੋ ਰਹੀ ਹੈ। ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਖ਼ਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਸਰਕਾਰ ਨੇ ਖ਼ਰੀਦ ਏਜੰਸੀਆਂ ਨੂੰ 12 ਘੰਟਿਆਂ ਵਿੱਚ ਫ਼ਸਲ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ।
ਚੰਡੀਗੜ੍ਹ: ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ ਹੋ ਰਹੀ ਹੈ। ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਖ਼ਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਸਰਕਾਰ ਨੇ ਖ਼ਰੀਦ ਏਜੰਸੀਆਂ ਨੂੰ ਇਸ ਵਾਰ 12 ਘੰਟਿਆਂ ਵਿੱਚ ਫ਼ਸਲ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ। ਖ਼ਰੀਦ ਕੇਂਦਰਾਂ ਵਿੱਚ ਸਟਾਫ਼ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਮਾਲਵਾ ਖ਼ਿੱਤੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਪਰ ਮੰਡੀਆਂ ਵਿੱਚ ਕਣਕ ਅਜੇ ਮੱਠੀ ਚਾਲ ਹੀ ਪਹੁੰਚੇਗੀ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਐਤਕੀਂ 132 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ ਜਦੋਂਕਿ ਉਤਪਾਦਨ 175 ਲੱਖ ਮੀਟਰਿਕ ਟਨ ਹੋਣ ਦਾ ਅਨੁਮਾਨ ਹੈ। ਗਰਮੀ ਜ਼ਿਆਦਾ ਪੈਣ ਕਰਕੇ ਝਾੜ ਨੂੰ ਮਾਰ ਪੈ ਸਕਦੀ ਹੈ। ਰੂਸ-ਯੂਕਰੇਨ ਜੰਗ ਕਰਕੇ ਐਤਕੀਂ ਕੌਮਾਂਤਰੀ ਬਾਜ਼ਾਰ ’ਚ ਕਣਕ ਦੀ ਮੰਗ ਵਧ ਗਈ ਹੈ ਤੇ ਕਣਕ ਦੇ ਭਾਅ ਘੱਟੋ ਘੱਟ ਸਮਰਥਨ ਮੁੱਲ ਤੋਂ ਵੀ ਜ਼ਿਆਦਾ ਚੱਲ ਰਹੇ ਹਨ।
ਦੱਸ ਦਈਏ ਕਿ ਕਣਕ ਦਾ ਸਰਕਾਰੀ ਭਾਅ 2015 ਰੁਪਏ ਪ੍ਰਤੀ ਕੁਇੰਟਲ ਹੈ ਜਦੋਂ ਕਿ ਬਾਜ਼ਾਰ ਵਿਚ ਕੀਮਤ 2300 ਰੁਪਏ ਨੂੰ ਪਾਰ ਕਰ ਗਈ ਹੈ। ਭਾਰਤੀ ਖ਼ੁਰਾਕ ਨਿਗਮ ਨੇ ਇਸ ਵਾਰ ਪੰਜਾਬ ’ਚੋਂ 12.60 ਫ਼ੀਸਦੀ ਕਣਕ ਖ਼ਰੀਦ ਦੀ ਕਰਨੀ ਹੈ ਜਦੋਂ ਕਿ ਪਹਿਲਾਂ ਉਹ ਨਾਂਮਾਤਾਰ ਕਣਕ ਦੀ ਖ਼ਰੀਦ ਕਰਦਾ ਰਿਹਾ ਹੈ। ਪਨਗਰੇਨ ਨੇ 25.50 ਫ਼ੀਸਦੀ ਤੇ ਮਾਰਕਫੈੱਡ ਨੇ 24 ਫ਼ੀਸਦੀ ਕਣਕ ਦੀ ਖ਼ਰੀਦ ਕਰਨੀ ਹੈ।
ਖ਼ਰੀਦ ਕੇਂਦਰਾਂ ’ਚ ਇਸ ਵਾਰ ਨਵਾਂ ਝੰਜਟ ਹੋ ਸਕਦਾ ਹੈ ਕਿਉਂਕਿ ਭਾਰਤੀ ਖ਼ੁਰਾਕ ਨਿਗਮ ਨੇ ਮੰਡੀਆਂ ’ਚੋਂ ਹੀ ਫ਼ਸਲ ਨੂੰ ਸਿੱਧਾ ਰੈਕ ਵਿੱਚ ਲੋਡ ਕਰਨਾ ਹੈ ਜਿਸ ਕਰਕੇ ਕਰੀਬ 40 ਫ਼ੀਸਦੀ ਫ਼ਸਲ ਮੰਡੀਆਂ ਵਿਚ ਹੀ ਰੱਖਣੀ ਪੈ ਸਕਦੀ ਹੈ। ਇਸ ਨਾਲ ਖ਼ਰੀਦ ਅਧਿਕਾਰੀਆਂ ਤੇ ਆੜ੍ਹਤੀਆਂ ਦੇ ਸਿਰ ਨਵੀਂ ਜ਼ਿੰਮੇਵਾਰੀ ਪੈ ਜਾਵੇਗੀ।
ਉਧਰ, ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਹਿਲੀ ਅਪਰੈਲ ਤੋਂ ਡਿਜੀਟਲ ਜੇ-ਫਾਰਮ ਉਪਲੱਬਧ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ 9 ਲੱਖ ਤੋਂ ਵਧ ਰਜਿਸਟਰਡ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਖੇਤੀ ਉਪਜਾਂ ਲਈ ਜੇ-ਫਾਰਮ ਆੜ੍ਹਤੀਆਂ ਤੇ ਖ਼ਰੀਦਦਾਰਾਂ ਵੱਲੋਂ ਸਿਸਟਮ ’ਤੇ ਵਿਕਰੀ ਦੀ ਪੁਸ਼ਟੀ ਉਪਰੰਤ ਡਿਜੀਟਲ ਤੌਰ ’ਤੇ ਨਾਲੋਂ-ਨਾਲ ਉਨ੍ਹਾਂ ਦੇ ਵਟਸਐਪ ਖਾਤੇ ’ਤੇ ਮੁਹੱਈਆ ਕੀਤੇ ਜਾਣਗੇ। ਹਾੜੀ ਅਤੇ ਸਾਉਣੀ ਦੇ ਮੰਡੀਕਰਨ ਸੀਜ਼ਨ 2021-22 ਦੌਰਾਨ ਜੇ-ਫਾਰਮ ਜਾਰੀ ਕਰਕੇ ਪੰਜਾਬ ਮੰਡੀ ਬੋਰਡ ਦੇਸ਼ ਭਰ ਵਿੱਚ ਮੋਹਰੀ ਹੈ। ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੇ ਝੋਨੇ ਤੇ ਕਣਕ ਲਈ ਇਹ ਡਿਜੀਟਲ ਜੇ-ਫਾਰਮ ਹਰ ਵੇਲੇ ਉਪਲੱਬਧ ਹੋਣਗੇ।