(Source: ECI/ABP News/ABP Majha)
ਮੌਸਮ ਵਿਭਾਗ ਦਾ ਅਲਰਟ, 16 ਸਤੰਬਰ ਤਕ ਪੈ ਸਕਦਾ ਮੀਂਹ
ਦਿੱਲੀ 'ਚ ਵੀ ਮੀਂਹ ਦਾ ਦੌਰ ਜਾਰੀ ਹੈ। ਇਸ ਦੌਰਾਨ ਦਿੱਲੀ-ਐਨਸੀਆਰ 'ਚ 15 ਤੇ 16 ਸਤੰਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ।
ਨਵੀਂ ਦਿੱਲੀ: ਇਸ ਸਾਲ ਮਾਨਸੂਨ ਦੀ ਬਾਰਸ਼ ਰਾਜਧਾਨੀ ਦਿੱਲੀ ਤੋਂ ਲੈ ਕੇ ਤਾਮਿਲਨਾਡੂ ਤੇ ਤੇਲੰਗਾਨਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਿਹਰਬਾਨੀ ਵਿਖਾ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਕੁਝ ਦਿਨਾਂ ਤਕ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਦੀ ਬਾਰਸ਼ ਕਾਰਨ ਮੌਸਮ ਇਸੇ ਤਰ੍ਹਾਂ ਦਾ ਰਹਿਣ ਵਾਲਾ ਹੈ।
ਭਾਰਤੀ ਮੌਸਮ ਵਿਭਾਗ (India Meteorological Department) ਵੱਲੋਂ ਪ੍ਰਾਪਤ ਕੀਤੀ ਗਈ ਨਵੀਂ ਜਾਣਕਾਰੀ ਅਨੁਸਾਰ ਉੱਤਰੀ ਛੱਤੀਸਗੜ੍ਹ (Chhattisgarh) ਉੱਤੇ ਡੂੰਘਾ ਦਬਾਅ ਬਣਿਆ ਹੋਇਆ ਹੈ, ਜੋ ਅੰਬਿਕਾਪੁਰ ਦੇ ਪੱਛਮ 'ਚ 130 ਕਿਲੋਮੀਟਰ ਦੂਰ ਹੈ। ਮੌਸਮ ਵਿਭਾਗ ਅਨੁਸਾਰ ਇਹ ਅਗਲੇ 6 ਘੰਟਿਆਂ ਦੌਰਾਨ ਘੱਟ ਦਬਾਅ ਵਾਲਾ ਖੇਤਰ ਬਣਾਏਗੀ।
ਇਸ ਦੇ ਨਾਲ ਹੀ ਝਾਰਖੰਡ 'ਚ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਦਾ ਪ੍ਰਭਾਵ ਵਿਖਾਈ ਦੇ ਰਿਹਾ ਹੈ। ਇਸ ਕਾਰਨ ਇੱਥੇ ਭਾਰੀ ਬਾਰਸ਼ ਹੋ ਰਹੀ ਹੈ। ਸੋਮਵਾਰ ਨੂੰ ਹੀ ਰਾਂਚੀ ਸਥਿਤ ਭਾਰਤੀ ਮੌਸਮ ਵਿਭਾਗ ਵੱਲੋਂ ਗਰਜ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਦੇ ਮੱਦੇਨਜ਼ਰ ਚਿਤਾਵਨੀ ਜਾਰੀ ਕੀਤੀ ਗਈ ਸੀ ਤੇ ਦੱਸਿਆ ਗਿਆ ਸੀ ਕਿ 16 ਸਤੰਬਰ ਤਕ ਪੂਰੇ ਝਾਰਖੰਡ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
ਦਿੱਲੀ 'ਚ ਵੀ ਮੀਂਹ ਦਾ ਦੌਰ ਜਾਰੀ ਹੈ। ਇਸ ਦੌਰਾਨ ਦਿੱਲੀ-ਐਨਸੀਆਰ 'ਚ 15 ਤੇ 16 ਸਤੰਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਤੇ ਗੁਜਰਾਤ 'ਚ ਅਗਲੇ 2 ਦਿਨ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਉੜੀਸਾ, ਰਾਜਸਥਾਨ, ਉੜੀਸਾ, ਪੱਛਮੀ ਉੱਤਰ ਪ੍ਰਦੇਸ਼ ਸਮੇਤ ਭਾਰਤ ਦੇ ਮੈਦਾਨੀ ਇਲਾਕਿਆਂ 'ਚ 16 ਸਤੰਬਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤੱਟਵਰਤੀ ਕਰਨਾਟਕ, ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ 'ਚ ਵੀ ਮੀਂਹ ਪੈ ਸਕਦਾ ਹੈ। ਦੱਸ ਦੇਈਏ ਕਿ ਗੁਜਰਾਤ ਦੇ ਰਾਜਕੋਟ ਅਤੇ ਜਾਮਨਗਰ 'ਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਅਜਿਹੀ ਹੈ ਕਿ ਨਵੇਂ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਉੱਥੇ ਜਾਣ ਦਾ ਫ਼ੈਸਲਾ ਕੀਤਾ ਸੀ।
ਬੰਗਾਲ ਦੀ ਖਾੜੀ 'ਚ ਡੂੰਘੇ ਦਬਾਅ ਕਾਰਨ ਤੱਟਵਰਤੀ ਰਾਜ ਉੜੀਸ਼ਾ 'ਚ ਰਿਕਾਰਡ ਤੋੜ ਮੀਂਹ ਪਿਆ ਹੈ। ਸੂਬੇ ਦੇ ਵਿਸ਼ੇਸ਼ ਰਾਹਤ ਵਿਭਾਗ ਦੇ ਕਮਿਸ਼ਨਰ ਪ੍ਰਦੀਪ ਜੇਨਾ ਨੇ ਕਿਹਾ ਕਿ ਇਸ ਕਾਰਨ ਸੂਬੇ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ।