Punjab News: ਪਰਾਲੀ ਸਾਂਭਣ ਲਈ ਸਰਕਾਰ ਨੇ ਬਜਟ 'ਚ ਰੱਖੇ 350 ਕਰੋੜ, ਤੁਹਾਨੂੰ ਕਿੰਨੇ ਰੁਪਏ ਮਿਲੇ ?
Stubble Management - ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਬਜਟ ਵਿੱਚ ਵਿਸ਼ੇਸ਼ ਤੌਰ ਉੱਤੇ 350 ਕਰੋੜ ਰੁਪਏ ਰੱਖੇ ਹਨ। ਇਸ ਰਾਸ਼ੀ ਨਾਲ ਕਿਸਾਨਾਂ ਨੂੰ ਇਸ ਵਾਰ 23 ਹਜ਼ਾਰ ਤੋਂ ਵਧੇਰੇ ਖੇਤੀ ਨਾਲ ਸਬੰਧਤ ਮਸ਼ੀਨਰੀ ਭਾਰੀ
ਮੋਗਾ - ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਸਨੇ ਸੂਬੇ ਵਿੱਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਬਜਟ ਵਿੱਚ ਵਿਸ਼ੇਸ਼ ਤੌਰ ਉੱਤੇ 350 ਕਰੋੜ ਰੁਪਏ ਦੇ ਫੰਡ ਰਾਖਵੇਂ ਰੱਖੇ ਹਨ। ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਵਾਤਾਵਰਨ ਨਾਲ ਸਬੰਧਤ ਇਸ ਮਾਮਲੇ ਪ੍ਰਤੀ ਕਿੰਨੀ ਗੰਭੀਰ ਹੈ। ਉਹ ਅੱਜ ਪਿੰਡ ਸਲੀਣਾ ਵਿਖੇ ਇਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ। ਇਸ ਮੌਕੇ ਉਹਨਾਂ ਨਾਲ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਹੋਰ ਵੀ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ਉੱਤੇ ਸ਼ੁਰੂ ਕੀਤੇ ਉਪਰਾਲਿਆਂ ਦਾ ਇਹ ਨਤੀਜਾ ਹੈ ਕਿ ਇਸ ਵਾਰ ਸੂਬੇ ਵਿੱਚ 53 ਫੀਸਦੀ ਘੱਟ ਅੱਗਾਂ ਲੱਗੀਆਂ ਹਨ, ਜੋ ਕਿ ਬਹੁਤ ਚੰਗਾ ਰੁਝਾਨ ਹੈ। ਕਿਸਾਨਾਂ ਨੂੰ ਇਸਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਇਸ ਦਿਸ਼ਾ ਵਿਚ ਜਿਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਬਜਟ ਵਿੱਚ ਵਿਸ਼ੇਸ਼ ਤੌਰ ਉੱਤੇ 350 ਕਰੋੜ ਰੁਪਏ ਰੱਖੇ ਹਨ। ਇਸ ਰਾਸ਼ੀ ਨਾਲ ਕਿਸਾਨਾਂ ਨੂੰ ਇਸ ਵਾਰ 23 ਹਜ਼ਾਰ ਤੋਂ ਵਧੇਰੇ ਖੇਤੀ ਨਾਲ ਸਬੰਧਤ ਮਸ਼ੀਨਰੀ ਭਾਰੀ ਸਬਸਿਡੀ ਉੱਤੇ ਮੁੱਹਈਆ ਕਰਵਾਈ ਗਈ ਹੈ।
ਪ੍ਰਦੂਸ਼ਣ ਦੇ ਮਾਮਲੇ ਵਿੱਚ ਕੁਝ ਧਿਰਾਂ ਵੱਲੋਂ ਪਾਏ ਜਾ ਰਹੇ ਰੌਲੇ ਨੂੰ ਦਰਕਿਨਾਰ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦਿੱਲੀ ਤੋਂ 300 ਕਿਲੋਮੀਟਰ ਹੈ। ਜਦ ਇਹ ਧੂੰਆਂ ਹਰਿਆਣਾ ਰਾਜਸਥਾਨ ਨਹੀਂ ਜਾ ਰਿਹਾ ਤਾਂ ਇਹ ਦਿੱਲੀ ਕਿਵੇਂ ਪਹੁੰਚ ਗਿਆ ਹੈ। ਇਹ ਗੱਲ ਸਮਝ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਪੰਜਾਬ ਦੇ ਕਿਸਾਨ ਇਕੱਲੇ ਆਪਣੇ ਵਾਸਤੇ ਹੀ ਝੋਨਾ ਨਹੀਂ ਉਗਾਉਂਦੇ ਸਗੋਂ ਇਹ ਅਨਾਜ ਪੂਰਾ ਦੇਸ਼ ਖਾਂਦਾ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਵੱਲੋਂ ਪਰਾਲੀ ਦਾ ਉਚਿਤ ਪ੍ਰਬੰਧਨ ਕੀਤਾ ਜਾ ਰਿਹਾ ਹੈ। ਪਰਾਲੀ ਚਾਰੇ ਦੇ ਰੂਪ ਵਿੱਚ ਰਾਜਸਥਾਨ ਅਤੇ ਹੋਰ ਸੂਬਿਆਂ ਨੂੰ ਭੇਜੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨੀ ਮਸਲਿਆਂ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿੱਧੇ ਤੌਰ ਉੱਤੇ ਜਿੰਮੇਵਾਰ ਹੈ ਪਰ ਆਪ ਪਾਰਟੀ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ।ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਬਾਰੇ ਚੰਗੀ ਤਰ੍ਹਾਂ ਵਾਕਿਫ਼ ਹੈ। ਪੰਜਾਬ ਇਕ ਸਰਹੱਦੀ ਅਤੇ ਦੇਸ਼ ਦਾ ਪੇਟ ਭਰਨ ਵਾਲਾ ਸੂਬਾ ਹੋਣ ਦੇ ਬਾਵਜ਼ੂਦ ਕੇਂਦਰ ਵੱਲੋਂ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਭਰੋਸਾ ਦਿੱਤਾ ਕਿ ਆਪ ਪਾਰਟੀ ਪੰਜਾਬ ਦੇ ਹੱਕੀ ਮੰਗਾਂ ਲਈ ਹਿੱਕ ਡਾਹ ਕੇ ਲੜਦੀ ਰਹੇਗੀ।